ਆਨੰਦਪੁਰ ਸਾਹਿਬ ’ਚ ਸਫ਼ਾਈ ਅਭਿਆਨ ਅੱਜ ਤੋਂ
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 25 ਫਰਵਰੀ
ਨੰਗਲ ਤੋਂ ਸਰਸਾ ਨੰਗਲ ਤੱਕ ਮੈਗਾ ਸਫਾਈ ਅਭਿਆਨ ਦੀ ਸ਼ੁਰੂਆਤ ਭਲਕੇ 26 ਫਰਵਰੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮਾਰਗ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਵਿੱਚ ਕੈਬਨਿਟ ਮੰਤਰੀ ਹਰਜੋਤ ਬੈਂਸ, ਪ੍ਰਸ਼ਾਸਨ, ਨਗਰ ਕੌਂਸਲਾਂ, ਪੰਚਾਇਤਾਂ, ਸਮਾਜ ਸੇਵੀ ਸੰਗਠਨ ਅਤੇ ‘ਆਪ’ ਵਰਕਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਇਸ ਵਿਆਪਕ ਸਫਾਈ ਮੁਹਿੰਮ ਵਿੱਚ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਹੋਲਾ ਮਹੱਲਾ ਕੀਰਤਪੁਰ ਸਾਹਿਬ ਵਿਚ 21 ਤੋਂ 23 ਮਾਰਚ ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ 24 ਤੋ 26 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਤੇ ਸ਼ਰਧਾਲੂਆਂ ਦੀ ਸਹੂਲਤ ਲਈ ਸਮੁੱਚੇ ਖੇਤਰ ਨੂੰ ਸਵੱਛ, ਸੁੰਦਰ, ਮਨਮੋਹਕ ਬਣਾਇਆ ਜਾਵੇਗਾ।
ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 26 ਫਰਵਰੀ ਦੇ ਮੈਗਾ ਸਫ਼ਾਈ ਅਭਿਆਨ ਵਿੱਚ ਹਿੱਸਾ ਲੈਣ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੀ ਚੜ੍ਹਾਈ ਦੇ ਨਜ਼ਦੀਕ 26 ਫਰਵਰੀ ਨੂੰ ਸਵੇਰੇ 9.30 ਵਜੇ ਸ਼ੁਰੂ ਕੀਤੀ ਜਾਵੇਗੀ। ਸ੍ਰੀ ਆਨੰਦਪੁਰ ਸਾਹਿਬ ਖੇਤਰ ਨੂੰ 13 ਜ਼ੋਨਾਂ ਵਿੱਚ ਵੰਡਿਆ ਗਿਆ ਹੈ।