ਆਯੂਸ਼ ਯੂਨੀਵਰਸਿਟੀ ਵਿੱਚ ਸਫਾਈ ਮੁਹਿੰਮ ਚਲਾਈ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 10 ਅਕਤੂਬਰ
ਇੱਥੇ ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਨ ਨੂੰ ਸਮਰਪਿਤ ਸ੍ਰੀ ਆਯੂਸ਼ ਯੂਨੀਵਰਸਿਟੀ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਫਾਈ ਹੀ ਸੇਵਾ ਮੁਹਿੰਮ ਤਹਿਤ ਸੇਵਾ ਕੀਤੀ। ਇਸ ਦੇ ਨਾਲ ਹੀ ਯੂਨੀਵਰਸਿਟੀ ਕੰਪਲੈਕਸ ਨੂੰ ਪੌਲੀਥੀਨ ਮੁਕਤ ਬਣਾਉਣ ਸਾਰਿਆਂ ਨੇ ਸਹੁੰ ਚੁੱਕੀ। ਵਾਈਸ ਚਾਂਸਲਰ ਵੈਦ ਕਰਤਾਰ ਸਿੰਘ ਧੀਮਾਨ ਨੇ ਯੂਨੀਵਰਸਿਟੀ ਪਰਿਵਾਰ ਨੂੰ ਸਫ਼ਾਈ ਪ੍ਰਤੀ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਆਮ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨਾ ਤੇ ਸਫ਼ਾਈ ਨੂੰ ਆਪਣੇ ਜੀਵਨ ਵਿੱਚ ਕੁਦਰਤ ਤੇ ਸਭਿਆਚਾਰ ਵਜੋਂ ਗ੍ਰਹਿਣ ਕਰਨਾ ਹੈ।
ਉਨ੍ਹਾਂ ਕਿਹਾ ਕਿ ਸਫਾਈ ਹੀ ਸਿਹਤ ਲਈ ਅਤਿਅੰਤ ਮਹੱਤਵਪੂਰਨ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਦੀ ਸਿਹਤ ਸਫਾਹਂ ‘ਤੇ ਹੀ ਨਿਰਭਰ ਕਰਦੀ ਹੈ। ਇਸ ਨਾਲ ਹੀ ਵਾਤਾਵਰਨ ਸੁਰੱਖਿਅਤ ਰੱਖਣ ਲਈ ਜਾਗਰੂਕਤਾ ਜ਼ਰੂਰੀ ਹੈ। ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਦਾ ਜੀਵਨ ਖੁਸ਼ਹਾਲ ਰਹੇਗਾ। ਉਨ੍ਹਾਂ ਕਿਹਾ ਕਿ ਸ਼ਹਿਰ, ਪਿੰਡ ਤੇ ਦੇਸ਼ ਨੂੰ ਸਾਫ ਸੁਥਰਾ ਰੱਖਣ ਦੀ ਜ਼ਿੰਮੇਵਾਰੀ ਸਿਰਫ ਸਰਕਾਰ ਜਾਂ ਪ੍ਰਸ਼ਾਸ਼ਨ ਦੀ ਹੀ ਨਹੀਂ ਸਗੋਂ ਹਰੇਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਘਰ, ਗਲੀਆਂ, ਨਾਲੀਆਂ ਅਤੇ ਕੰਮ ਕਾਰ ਵਾਲੀ ਥਾਂ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ।
ਇਸ ਮੌਕੇ ਰਜਿਸਟਰਾਰ ਡਾ. ਕ੍ਰਿਸ਼ਨਾ ਜਾਟੀਅਨ, ਡੀਨ ਅਕਾਦਮਿਕ ਮਾਮਲੇ ਡਾ ਜੇਕੇ ਪਾਂਡਾ, ਖੋਜ ਤੇ ਇਨੋਵੇਸ਼ਨ ਵਿਭਾਗ ਦੇ ਡਾਇਰੈਕਟਰ ਡਾ. ਅਨਿਲ ਸ਼ਰਮਾ, ਪ੍ਰਿੰਸੀਪਲ ਡਾ. ਦੇਵਿੰਦਰ ਖੁਰਾਣਾ ਮੌਜੂਦ ਸਨ।
ਸਰਕਾਰੀ ਸਕੂਲ ਰਤਗਲ ਵਿੱਚ ਸਿਹਤ ਜਾਗਰੂਕਤਾ ਕੈਂਪ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਸ੍ਰੀ ਕ੍ਰਿਸ਼ਨਾ ਆਯੂਸ਼ ਯੂਨੀਵਰਸਿਟੀ ਦੇ ਸਿਹਤ ਵਿਭਾਗ ਵੱਲੋਂ ਅੱਜ ਪਿੰਡ ਰਤਗਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਸਿਹਤ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਮਾਹਿਰ ਡਾਕਟਰਾਂ ਵਲੋਂ ਵਿਦਿਆਰਥੀਆਂ ਨੂੰ ਆਯੁਰਵੇਦ ਅਨੁਸਾਰ ਰੋਜ਼ਾਨਾ ਦੀ ਰੁਟੀਨ ਤੇ ਸਹੀ ਖੁਰਾਕ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਿਹਤ ਵਿਭਾਗ ਦੇ ਮੁਖੀ ਡਾ. ਸੀਮਾ, ਸਹਾਇਕ ਪ੍ਰੋ. ਸੁਰਿੰਦਰ ਸ਼ਹਿਰਾਵਤ, ਪ੍ਰਿੰਸੀਪਲ ਸੁਖਵਿੰਦਰ ਕੌਰ ਮੌਜੂਦ ਸਨ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਸੀਮਾ ਨੇ ਕਿਹਾ ਕਿ ਅੱਜ ਹਰ ਵਿਅਕਤੀ ਦੀ ਜੀਵਨ ਸ਼ੈਲੀ ਪੂਰੀ ਤਰਾਂ ਵਿਗੜ ਚੁੱਕੀ ਹੈ, ਜਿਸ ਕਾਰਨ ਲਾਇਲਾਜ ਬੀਮਾਰੀਆਂ ਪੈਦਾ ਹੋ ਰਹੀਆਂ ਹਨ। ਜੇ ਹਰ ਵਿਅਕਤੀ ਵੱਲੋਂ ਆਯੁਰਵੇਦ ਅਨੁਸਾਰ ਮੌਸਮ ਦੇ ਹਿਸਾਬ ਨਾਲ ਖਾਣ ਪੀਣ ਦਾ ਧਿਆਨ ਰੱਖਿਆ ਜਾਵੇ ਤਾਂ ਉਹ ਆਪਣੇ ਆਪ ਨੂੰ ਕਈ ਬੀਮਾਰੀਆਂ ਤੋਂ ਬਚਾਅ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਭੋਜਨ ਵਿਚ ਮੋਟੇ ਅਨਾਜ ਨੂੰ ਸ਼ਾਮਲ ਕਰਨਾ ਚਾਹੀਦਾ ਹੈ।