ਤਨਖ਼ਾਹ ਨਾ ਮਿਲਣ ਕਾਰਨ ਸਫਾਈ ਕਾਮੇ ਖਫ਼ਾ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 28 ਸਤੰਬਰ
ਚੰਡੀਗੜ੍ਹ ਨਗਰ ਨਿਗਮ ਵਿੱਚ ਲਾਇਨਜ਼ ਕੰਪਨੀ ਵੱਲੋਂ ਆਊਟਸੋਰਸ ਰੱਖੇ ਗਏ ਸਫ਼ਾਈ ਕਾਮਿਆਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ। ਸਫ਼ਾਈ ਕਰਮਚਾਰੀ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀਆਂ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ। ਤਨਖਾਹਾਂ ਨਾ ਮਿਲਣ ਨੂੰ ਲੈ ਕੇ ਸ਼ਨਿਚਰਵਾਰ ਨੂੰ ਸੈਕਟਰ-37 ਸਥਿਤ ਬਤਰਾ ਸਿਨੇਮਾ ਨੇੜੇ ਸਫਾਈ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੰਪਨੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਰੋਸ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ਨੇ ਲਗਪਗ ਦੋ ਘੰਟੇ ਸੜਕ ਜਾਮ ਕੀਤੀ। ਇਸ ਮੌਕੇ ਲਾਇਨਜ਼ ਕੰਪਨੀ ਦੇ ਸਫ਼ਾਈ ਕਾਮਿਆਂ ਨੂੰ ਸੰਬੋਧਨ ਕਰਦਿਆਂ ਦਲਿਤ ਰਕਸ਼ਾ ਦਲ ਦੇ ਪ੍ਰਧਾਨ ਨਰਿੰਦਰ ਚੌਧਰੀ ਅਤੇ ਭਗਤ ਰਾਜ ਤਿਸਾਵਰ ਕੌਮੀ ਕਨਵੀਨਰ ਜਸਟਿਸ ਚਾਰ ਸਫ਼ਾਈ ਕਰਮਚਾਰੀਆਂ ਨੇ ਜਾਮ ਖੁਲ੍ਹਵਾਇਆ। ਫੈਸਲਾ ਕੀਤਾ ਗਿਆ ਕਿ ਜੇਕਰ ਕੱਲ੍ਹ ਐਤਵਾਰ ਤੱਕ ਉਨ੍ਹਾਂ ਦੀਆਂ ਤਨਖਾਹਾਂ ਨਾ ਦਿੱਤੀਆਂ ਗਈਆਂ ਤਾਂ ਸਫਾਈ ਕਰਮਚਾਰੀ 30 ਸਤੰਬਰ ਨੂੰ ਪੰਜਾਬ ਗਵਰਨਰ ਹਾਊਸ ਦਾ ਘਿਰਾਓ ਕਰਨਗੇ।