ਤਨਖ਼ਾਹਾਂ ਨਾ ਮਿਲਣ ਵਿਰੁੱਧ ਭੜਕੇ ਸਫ਼ਾਈ ਕਰਮਚਾਰੀ
ਮੁਕੇਸ਼ ਕੁਮਾਰ
ਚੰਡੀਗੜ੍ਹ, 30 ਸਤੰਬਰ
ਚੰਡੀਗੜ੍ਹ ਨਗਰ ਨਿਗਮ ਵਿੱਚ ਲਾਇਨਜ਼ ਕੰਪਨੀ ਵੱਲੋਂ ਠੇਕੇ ’ਤੇ ਕੰਮ ਕਰਨ ਵਾਲੇ ਸਫਾਈ ਕਰਮਚਾਰੀਆਂ ਨੂੰ ਪਿਛਲੇ ਦੋ ਮਹੀਨੇ ਤੋਂ ਤਨਖਾਹ ਨਾਲ ਮਿਲਣ ਦੇ ਮੁੱਦੇ ’ਤੇ ਸਫਾਈ ਕਾਮਿਆਂ ਵੱਲੋਂ ਰੋਸ ਪ੍ਰਦਰਸ਼ਨ ਅੱਜ ਹੋਰ ਤੇਜ਼ ਕਰ ਦਿੱਤਾ ਹੈ। ਅੱਜ ਦਲਿਤ ਰਕਸ਼ਾ ਦਲ ਅਤੇ ਜਸਟਿਸ ਫ਼ਾਰ ਸਫ਼ਾਈ ਕਰਮਚਾਰੀ ਜਥੇਬੰਦੀ ਵਲੋਂ ਲਾਇਨਜ਼ ਕੰਪਨੀ ਅਧੀਨ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ ਨੂੰ ਤਨਖ਼ਾਹਾਂ ਨਾ ਮਿਲਣ ਵਿਰੁੱਧ ਸੈਕਟਰ-24 ਵਿੱਚ ਸਥਿਤ ਬਤਰਾ ਥੀਏਟਰ ਨੇੜੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਗਵਰਨਰ ਹਾਊਸ ਦਾ ਘਿਰਾਓ ਕਰਨ ਲਈ ਅੱਗੇ ਵਧਣ ਲੱਗੇ ਤਾਂ ਪੁਲੀਸ ਨੇ ਕੁਝ ਦੂਰੀ ’ਤੇ ਹੀ ਬੈਰੀਅਰ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਕਾਰ ਖਿੱਚ-ਧੂਹ ਹੋਈ। ਪੁਲੀਸ ਨੇ ਦਲਿਤ ਰਕਸ਼ਾ ਦਲ ਦੇ ਪ੍ਰਧਾਨ ਨਰਿੰਦਰ ਚੌਧਰੀ ਤੇ ਹੋਰਨਾਂ ਦਰਜਨਾਂ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਮੌਕੇ ਨਰਿੰਦਰ ਚੌਧਰੀ ਅਤੇ ਭਗਤ ਤਿਸਾਵਰ ਨੇ ਦੋਸ਼ ਲਗਾਇਆ ਕਿ ਪੁਲੀਸ ਨੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਸਫਾਈ ਕਾਮਿਆਂ ਨਾਲ ਧੱਕੇਸ਼ਾਹੀ ਕਰਨ ਅਤੇ ਜਬਰੀ ਖਿੱਚ-ਧੂਹ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਔਰਤਾਂ ਨਾਲ ਵੀ ਧੱਕਾ ਮੁੱਕੀ ਕੀਤੀ ਅਤੇ ਹਿਰਾਸਤ ਵਿੱਚ ਲਿਆ। ਪੁਲੀਸ ਦੀ ਧੱਕੇਸ਼ਾਹੀ ਕਰਕੇ ਇੱਕ ਔਰਤ ਦੀ ਸਿਹਤ ਵਿਗੜ ਗਈ ਤਾਂ ਉਸ ਔਰਤ ਨੂੰ ਬੱਸ ’ਚੋਂ ਉਤਾਰ ਕੇ ਨੇੜੇ ਬੱਸ ਸਟਾਪ ’ਚ ਬਿਠਾ ਦਿੱਤਾ ਗਿਆ। ਇਸ ਦੌਰਾਨ ਚੰਡੀਗੜ੍ਹ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਸਫਾਈ ਕਰਮਚਾਰੀਆਂ ਦੀ ਬਕਾਇਆ ਤਨਖਾਹ ਜਲਦੀ ਹੀ ਉਨ੍ਹਾਂ ਦੇ ਖਾਤਿਆਂ ਵਿੱਚ ਟਰਾਂਸਫਰ ਹੋ ਜਾਵੇਗੀ। ਇਸ ਤੋਂ ਇਲਾਵਾ ਸਫਾਈ ਕਾਮਿਆਂ ਦੀਆਂ ਹੋਰ ਮੰਗਾਂ ਦਾ ਵੀ ਛੇਤੀ ਹੀ ਢੁਕਵਾਂ ਹਲ ਕੱਢਿਆ ਜਾਵੇਗਾ। ਇਸ ਭਰੋਸੇ ਤੋਂ ਬਾਅਦ ਸਮੂਹ ਧਰਨਾਕਾਰੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ।
ਮੰਗਾਂ ਨਾ ਪੂਰੀਆਂ ਹੋਣ ’ਤੇ ਮੁੜ ਸੰਘਰਸ਼ ਹੋਵੇਗਾ ਸ਼ੁਰੂ
ਸੰਘਰਸ਼ ਦੀ ਅਗਵਾਈ ਕਰ ਰਹੇ ਨਰਿੰਦਰ ਚੌਧਰੀ ਅਤੇ ਭਗਤ ਤਿਸਾਵਰ ਨੇ ਕਿਹਾ ਕਿ ਜੇ ਨਗਰ ਨਿਗਮ ਨੇ ਲਾਇਨਜ਼ ਕੰਪਨੀ ਰਾਹੀਂ ਸਫਾਈ ਕਾਮਿਆਂ ਦੀਆਂ ਤਨਖਾਹਾਂ ਜਲਦ ਹੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮਾਂ ਨਾ ਹੋਈਆਂ ਅਤੇ ਉਨ੍ਹਾਂ ਦੀਆਂ ਹੋਰਨਾਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਸਫਾਈ ਕਾਮਿਆਂ ਵੱਲੋਂ ਮੁੜ ਤੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ।