ਸਫ਼ਾਈ ਕਾਮਿਆਂ ਨੂੰ ਤਨਖ਼ਾਹ ਤੇ ਬੋਨਸ ਮਿਲਿਆ: ਕੇਜਰੀਵਾਲ
ਨਵੀਂ ਦਿੱਲੀ:
ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਅੱਜ ਇੱਥੇ ਦਾਅਵਾ ਕੀਤਾ ਹੈ ਕਿ ਦਿੱਲੀ ਨਗਰ ਨਿਗਮ (ਐੱਮਸੀਡੀ) ਦੇ ਸਾਰੇ ਸਫ਼ਾਈ ਕਰਮਚਾਰੀਆਂ ਨੂੰ ਪਹਿਲੀ ਵਾਰ ਮਹੀਨੇ ਦੇ ਅੰਤ ਤੋਂ ਪਹਿਲਾਂ ਹੀ ਤਨਖ਼ਾਹ ਅਤੇ ਦੀਵਾਲੀ ਬੋਨਸ ਮਿਲ ਗਿਆ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਮੇਅਰ ਸ਼ੈਲੀ ਓਬਰਾਏ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੀਵਾਲੀ ਬੋਨਸ ਅਤੇ ਤਨਖ਼ਾਹ ਦੇ ਰੂਪ ਵਿੱਚ 23 ਕਰੋੜ ਰੁਪਏ ਕਰੀਬ 64,000 ਸਫ਼ਾਈ ਕਰਮਚਾਰੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕੀਤੇ ਜਾਣ ਦੀ ਘੋਸ਼ਣਾ ਕੀਤੀ। ਇਸ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਐੱਮਸੀਡੀ ਵਿੱਚ ਪਿਛਲੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਲ ਦੌਰਾਨ ਤਨਖ਼ਾਹ ਵਿੱਚ ਅਕਸਰ ਛੇ ਤੋਂ ਅੱਠ ਮਹੀਨੇ ਦੀ ਦੇਰੀ ਹੁੰਦੀ ਸੀ ਅਤੇ ਕਾਮਿਆਂ ਨੂੰ ਆਏ ਦਿਨ ਵਿਰੋਧ ਪ੍ਰਦਰਸ਼ਨ ਕਰਨੇ ਪੈਂਦੇ ਸਨ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਕਾਰਜਕਾਲ ਵਿੱਚ ਭ੍ਰਿਸ਼ਟਾਚਾਰ ਸਾਰੀਆਂ ਹੱਦਾਂ ਬੰਨ੍ਹੇ ਤੋੜ ਗਿਆ ਸੀ। ਕਾਮਿਆਂ ਨੂੰ ਆਪਣੇ ਬਕਾਏ ਲੈਣ ਲਈ ਸੰਘਰਸ਼ ਕਰਨਾ ਪੈਂਦਾ ਸੀ। ਹੁਣ ‘ਆਪ’ ਦੇ ਰਾਜ ਵਿੱਚ ਪਿਛਲੇ ਦੋ ਸਾਲਾਂ ਵਿੱਚ ਹਰ ਮਹੀਨੇ ਦੇ ਪਹਿਲੇ ਹਫ਼ਤੇ ਤਨਖ਼ਾਹ ਦਿੱਤੀ ਜਾ ਰਹੀ ਹੈ ਅਤੇ ਕਿਸੇ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਕਿਹਾ ਕਿ ਦੀਵਾਲੀ ਦੇ ਮੱਦੇਨਜ਼ਰ ਸਾਰੇ 64,000 ਸਫ਼ਾਈ ਕਾਮਿਆਂ ਨੂੰ ਮਹੀਨਾ ਖ਼ਤਮ ਹੋਣ ਤੋਂ ਪਹਿਲਾਂ ਹੀ ਤਨਖ਼ਾਹ ਮਿਲ ਗਈ ਹੈ ਤਾਂ ਜੋ ਉਹ ਆਪਣੇ ਪਰਿਵਾਰ ਨਾਲ ਦੀਵਾਲੀ ਦਾ ਤਿਉਹਾਰ ਮਨਾ ਸਕਣ। ਇਸ ਦੇ ਨਾਲ ਹੀ 23 ਕਰੋੜ ਰੁਪਏ ਦਾ ਦੀਵਾਲੀ ਬੋਨਸ ਵੀ ਵੰਡਿਆ ਗਿਆ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਐੱਮਸੀਡੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਰਮਚਾਰੀਆਂ ਨੂੰ ਮਹੀਨਾ ਸਮਾਪਤ ਹੋਣ ਤੋਂ ਪਹਿਲਾਂ ਹੀ ਤਨਖ਼ਾਹ ਮਿਲ ਗਈ। -ਪੀਟੀਆਈ
ਪਟਾਕਿਆਂ ’ਤੇ ਪਾਬੰਦੀ ਲਗਾਉਣਾ ਕੋਈ ਹਿੰਦੂ-ਮੁਸਲਮਾਨ ਮੁੱਦਾ ਨਹੀਂ: ਕੇਜਰੀਵਾਲ
ਨਵੀਂ ਦਿੱਲੀ:
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਟਾਕਿਆਂ ’ਤੇ ਪਾਬੰਦੀ ਲਗਾਉਣ ਸਬੰਧੀ ਸਰਕਾਰ ਦੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਇਹ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਹਿੰਦੂ-ਮੁਸਲਮਾਨ ਮੁੱਦਾ ਨਹੀਂ ਹੈ। ਉਨ੍ਹਾਂ ਭਾਜਪਾ ਅਤੇ ਆਰਐੱਸਐੱਸ ਵੱਲੋਂ ਇਸ ਸਬੰਧੀ ਕੀਤੀ ਆਲੋਚਨਾ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਸ ਵਿੱਚ ਹਿੰਦੂ ਮੁਸਲਮਾਨ ਵਰਗਾ ਕੁਝ ਨਹੀਂ ਸਗੋਂ ਹਰ ਕਿਸੇ ਨੂੰ ਸਾਹ ਅਤੇ ਜੀਵਨ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਦਾਲਤਾਂ ਵੀ ਕਹਿ ਚੁੱਕੀਆਂ ਹਨ ਕਿ ਲੋਕਾਂ ਨੂੰ ਪ੍ਰਦੂਸ਼ਣ ਦੇ ਮੱਦੇਨਜ਼ਰ ਪਟਾਕੇ ਚਲਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। -ਪੀਟੀਆਈ