ਸਫ਼ਾਈ ਸੇਵਕ ਦੀ ਕੁੱਟਮਾਰ: ਕੌਂਸਲਰ ਦੇ ਘਰ ਮੂਹਰੇ ਲਾਏ ਕੂੜੇ ਦੇ ਢੇਰ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 27 ਜੁਲਾਈ
ਮਹਿਲਾ ਕੌਂਸਲਰ ਦੇ ਪੁੱਤਰ ਵੱਲੋਂ ਨਗਰ ਕੌਂਸਲ ’ਚ ਸਫਾਈ ਸੇਵਕ ਦੀ ਕਥਿਤ ਕੁੱਟਮਾਰ ਦਾ ਮਾਮਲਾ ਭਖ ਗਿਆ ਹੈ। ਅੱਜ ਰੋਹ ’ਚ ਆਏ ਸਫਾਈ ਕਾਮਿਆਂ ਨੇ ਮਾਜਰੀ ਮੁਹੱਲਾ ਸਥਿਤ ਮਹਿਲਾ ਕੌਂਸਲਰ ਦੇ ਘਰ ਦੇ ਗੇਟ ਅੱਗੇ ਕੂੜੇ ਦੀਆਂ 5, 6 ਟਰਾਲੀਆਂ ਸੁੱਟ ਕੇ ਵੱਡਾ ਢੇਰ ਲਾ ਦਿੱਤਾ ਤੇ ਨਗਰ ਕੌਂਸਲ ਵਿੱਚ ਵੀ ਉਨ੍ਹਾਂ ਰੋਸ ਮੁਜ਼ਾਹਰਾ ਕੀਤਾ। ਦੂਜੇ ਪਾਸੇ ਮਹਿਲਾ ਕੌਂਸਲਰ ਨਿਸ਼ਾ ਠੁਕਰਾਲ ਨੇ ਸਫਾਈ ਸੇਵਕ ਖ਼ਿਲਾਫ਼ ਆਪਣੇ ਪੁੱਤਰ ’ਤੇ ਹਮਲਾ ਕਰਨ ਦੀ ਸ਼ਿਕਾਇਤ ਦਰਜ ਕਰਾਈ ਹੈ। ਦੋਹਾਂ ਧਿਰਾਂ ਦੀ ਲੜਾਈ ਦਾ ਖਾਮਿਆਜ਼ਾ ਸ਼ਹਿਰ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਕਿਉਂਕਿ ਨਗਰ ਕੌਂਸਲ ਵਿਚ 89 ਪੱਕੇ ਤੇ 40 ਕੱਚੇ ਕਰਮਚਾਰੀ ਹਨ ਜੋ ਕਿ ਸਾਰੇ ਇਸ ਮਾਮਲੇ ਨੂੰ ਲੈ ਕੇ ਹੜਤਾਲ ’ਤੇ ਬੈਠ ਗਏ ਹਨ। ਕਾਮਿਆਂ ਦੀ ਮੰਗ ਹੈ ਕਿ ਜਦ ਤਕ ਨਗਰ ਕੌਂਸਲ ਵਿਚ ਕੰਮ ਕਰ ਰਹੇ ਸੇਵਾਦਾਰ ਨੂੰ ਇਨਸਾਫ ਨਹੀਂ ਮਿਲਦਾ ਉਹ ਕੰਮ ’ਤੇ ਵਾਪਸ ਨਹੀਂ ਆਉਣਗੇ। ਕੌਂਸਲਰ ਦੇ ਪੁੱਤ ’ਤੇ ਕੁੱਟਮਾਰ ਦਾ ਦੋਸ਼ ਲਾਉਂਦਿਆਂ ਸੇਵਾਦਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਅੱਜ ਸਵੇਰੇ ਅਗਰਵਾਲ ਧਰਮਸ਼ਾਲਾ ਦੇ ਨੇੜੇ ਡਾਕਖਾਨੇ ਵਿਚ ਕੌਂਸਲ ਦੇ ਕੰਮ ਲਈ ਕੋਈ ਰਜਿਸਟਰੀ ਕਰਾਉਣ ਗਿਆ ਸੀ। ਰਾਹ ਵਿਚ ਨਿਸ਼ਾ ਠੁਕਰਾਲ ਕੌਂਸਲਰ ਦੇ ਪੁੱਤਰ ਅਭਿਸ਼ੇਕ ਦੇ ਨਾਲ 3,4 ਹੋਰ ਲੜਕਿਆਂ ਨੇ ਉਸ ਦੇ ਅੱਗੇ ਪਿਛੇ ਮੋਟਰਸਾਈਕਲ ਲਾ ਕੇ ਉਸ ਦੀ ਕੁੱਟਮਾਰ ਕੀਤੀ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ ਕੌਂਸਲਰ ਦੇ ਪੁੱਤਰ ਨੇ ਵੀ ਆਪਣੀ ਸ਼ਿਕਾਇਤ ’ਚ ਕੁੱਟਮਾਰ ਦੇ ਦੋਸ਼ ਲਾਏ ਹਨ। ਉਸ ਨੇ ਸ਼ਿਕਾਇਤ ਦੀ ਇਕ ਕਾਪੀ ਨਗਰ ਕੌਂਸਲ ਸਕੱਤਰ ਨੂੰ ਵੀ ਦਿੱਤੀ। ਜਿਸ ਨੂੰ ਨਪਾ ਸਕੱਤਰ ਨੇ ਕਾਪੀ ਨੂੰ ਅੱਗੇ ਪੁਲੀਸ ਵਿੱਚ ਕਾਰਵਾਈ ਕਰਨ ਦੇ ਲਈ ਸ਼ਿਕਾਇਤ ਦਰਜ ਕਰਾਈ ਹੈ। ਇਨ੍ਹਾਂ ਆਦੇਸ਼ਾਂ ਮਗਰੋਂ ਮਾਮਲਾ ਇਨਾ ਗਰਮਾ ਗਿਆ ਕਿ ਸਾਰੇ ਸਫਾਈ ਕਰਮਚਾਰੀ ਕੌਂਸਲ ਦਫ਼ਤਰ ਵਿਚ ਇੱਕਠੇ ਹੋ ਗਏ ਤੇ ਕੌਂਸਲਰ ਨਿਸ਼ਾ ਠੁਕਰਾਲ ਤੇ ਨਗਰ ਕੌਂਸਲ ਪ੍ਰਧਾਨ ਗੁਲਸ਼ਨ ਕਵਾਤਰਾ ਖਿਲਾਫ ਨਾਅਰੇਬਾਜ਼ੀ ਕੀਤੀ।
ਸਫਾਈ ਕਰਮਚਾਰੀਆਂ ਨੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਰੋਸ ਮਾਰਚ ਕਰਨ ਮਗਰੋਂ ਕੌਂਸਲਰ ਨਿਸ਼ਾ ਠੁਕਰਾਲ ਦੇ ਘਰ ਅੱਗੇ ਕੂੜੇ ਦਾ ਵੱਡਾ ਢੇਰ ਲਾ ਦਿੱਤਾ। ਨਗਰ ਕੌਂਸਲ ਪ੍ਰਧਾਨ ਗੁਲਸ਼ਨ ਕਵਾਤਰਾ ਨੇ ਕਿਹਾ ਕਿ ਉਸ ਲਈ ਦੋਵੇਂ ਧਿਰਾਂ ਸਾਮਾਨ ਹਨ ਤੇ ਕਾਨੂੰਨ ਆਪਣਾ ਕੰਮ ਕਰੇਗਾ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਦੋਹਾਂ ਧਿਰਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ, ਪਰ ਪੁਲੀਸ ਕਾਨੂੰਨ ਅਨੁਸਾਰ ਕਾਰਵਾਈ ਕਰੇਗੀ। ਸਰਕਾਰੀ ਹਪਤਾਲ ਵਿਚ ਜ਼ੇਰੇ ਇਲਾਜ ਕੌਂਸਲਰ ਦੇ ਪੁੱਤਰ ਨੇ ਸੇਵਾਦਾਰ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਸਫਾਈ ਕਾਮਿਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਦ ਤਕ ਕੌਂਸਲ ਪ੍ਰਧਾਨ, ਵਿਧਾਇਕ ਤੇ ਐਸਡੀਐੱਮ ਉਨਾਂ ਨੂੰ ਲਿਖਤੀ ਤੌਰ ’ਤੇ ਕਾਰਵਾਈ ਦਾ ਭਰੋਸਾ ਨਹੀਂ ਦਿੰਦੇ ਉਹ ਕੰਮ ’ਤੇ ਵਾਪਸ ਨਹੀਂ ਜਾਣਗੇ। ਇਸ ਮੌਕੇ ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਨਰੇਂਦਰ ਕੁਮਾਰ, ਸਫਾਈ ਦਰੋਗਾ ਵਿਕਰਮ ਵਿਕੀ ਤੇ ਪ੍ਰਧਾਨ ਪ੍ਰਦੀਪ ਕੁਮਾਰ ਸਣੇ ਵਡੀ ਗਿਣਤੀ ਵਿਚ ਸਫਾਈ ਕਾਮੇ ਹਾਜ਼ਰ ਸਨ। ਖਬਰ ਲਿਖੇ ਜਾਣ ਤਕ ਕੋਈ ਰਜ਼ਾਮੰਦੀ ਨਹੀਂ ਹੋ ਸਕੀ।