For the best experience, open
https://m.punjabitribuneonline.com
on your mobile browser.
Advertisement

ਬੁੱਢੇ ਨਾਲੇ ਦੀ ਸਫ਼ਾਈ ਅਤੇ ਕੂੜਾ ਕੱਢਣ ਦਾ ਕੰਮ ਸ਼ੁਰੂ

10:00 AM Jun 18, 2024 IST
ਬੁੱਢੇ ਨਾਲੇ ਦੀ ਸਫ਼ਾਈ ਅਤੇ ਕੂੜਾ ਕੱਢਣ ਦਾ ਕੰਮ ਸ਼ੁਰੂ
ਲੁਧਿਆਣਾ ਵਿੱਚ ਨਾਲੇ ਦੀ ਜੇਸੀਬੀ ਰਾਹੀਂ ਸਫਾਈ ਕਰਦੇ ਹੋਏ ਮੁਲਾਜ਼ਮ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਜੂਨ
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਹੁਕਮਾਂ ਤੋਂ ਬਾਅਦ ਨਗਰ ਨਿਗਮ ਲੁਧਿਆਣਾ ਵੱਲੋਂ ਬੁੱਢੇ ਨਾਲੇ ਦੇ ਵੱਖ-ਵੱਖ ਪੁਆਇੰਟਾਂ ’ਤੇ ਮਸ਼ੀਨਰੀ ਅਤੇ ਸਟਾਫ਼ ਤਾਇਨਾਤ ਕਰਕੇ ਮੌਨਸੂਨ ਤੋਂ ਪਹਿਲਾਂ ਬੁੱਢੇ ਨਾਲੇ ਦੀ ਸਫ਼ਾਈ ਕਰਨ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਦੱਸਣਾ ਬਣਦਾ ਹੈ ਕਿ ਬੁੱਢੇ ਨਾਲੇ ਵਿਚ ਗੰਦਗੀ ਸਬੰਧੀ ਖਬਰ ਪੰਜਾਬੀ ਟ੍ਰਿਬਿਊਨ ਨੇ ਅੱਜ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਸੀ।
ਜਾਣਕਾਰੀ ਅਨੁਸਾਰ ਬੱਢੇ ਨਾਲੇ ਦੇ ਵੱਖ-ਵੱਖ ਪੁਆਇੰਟਾਂ ’ਤੇ ਚਾਰ ਪੋਕਲੇਨ ਮਸ਼ੀਨਾਂ ਨੂੰ ਗੰਦਗੀ ਤੇ ਸਫ਼ਾਈ ਲਈ ਰੱਖਿਆ ਗਿਆ ਹੈ ਅਤੇ ਨਾਲੇ ਵਿੱਚੋਂ ਕੱਢੀ ਗਈ ਗਾਰ ਤੇ ਕੂੜੇ ਨੂੰ ਸ਼ਿਫਟ ਕਰਨ ਲਈ 12 ਟਿੱਪਰ ਲਾਏ ਗਏ ਹਨ। ਬਰਸਾਤੀ ਮੌਸਮ ਦੌਰਾਨ ਨਾਲੇ ਦੇ ਸੁਚਾਰੂ ਵਹਾਅ ਨੂੰ ਯਕੀਨੀ ਬਣਾਉਣ ਲਈ ਨਾਲੇ ਦੀ ਨਿਕਾਸੀ ਕੀਤੀ ਜਾਂਦੀ ਹੈ ਤਾਂ ਜੋ ਨਾਲੇ ਦੇ ਆਸ-ਪਾਸ ਦੇ ਖੇਤਰਾਂ ਜਾਂ ਸ਼ਹਿਰ ਦੇ ਨੀਵੇਂ ਇਲਾਕਿਆਂ ਨੂੰ ਮੌਨਸੂਨ ਦੌਰਾਨ ਨੁਕਸਾਨ ਨਾ ਹੋਵੇ।
ਇਸ ਤੋਂ ਇਲਾਵਾ ਧਰਮਪੁਰਾ ਡਰੇਨ ਢੋਕਾ ਮੁਹੱਲਾ ਨਾਲੇ ਅਤੇ ਬਾੜੇਵਾਲ ਡਰੇਨ ਸਮੇਤ ਸ਼ਹਿਰ ਦੇ ਅੰਦਰੂਨੀ ਡਰੇਨਾਂ ਦੀ ਸਫ਼ਾਈ ਲਈ ਵੀ ਮਸ਼ੀਨਰੀ ਲਾਈ ਗਈ ਹੈ। ਹਰੇਕ ਅੰਦਰੂਨੀ ਡਰੇਨ ’ਤੇ ਇਕ ਪੋਕਲੇਨ ਮਸ਼ੀਨ ਰੱਖੀ ਗਈ ਹੈ ਅਤੇ ਬਾੜੇਵਾਲ ਡਰੇਨ ’ਤੇ ਇਕ ਵਾਧੂ ਜੇਸੀਬੀ ਡਰੇਨਾਂ ਵਿੱਚੋਂ ਕੱਢੀ ਗਈ ਗਾਰ ਤੇ ਕੂੜੇ ਨੂੰ ਸ਼ਿਫਟ ਕਰਨ ਲਈ ਤਿੰਨ ਟਿੱਪਰ ਲਾਏ ਗਏ ਹਨ। ਸੜਕਾਂ ਦੇ ਗਲੀਆਂ-ਨਾਲੀਆਂ ਦੀ ਵੀ ਬਕਾਇਦਾ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਸਫ਼ਾਈ ਹੋ ਚੁੱਕੀ ਹੈ। ਇਸ ਤੋਂ ਇਲਾਵਾ ਲੁਧਿਆਣਾ ਦੇ ਸਾਰੇ ਸ਼ਹਿਰਾਂ ਤੇ ਕਸਬਿਆਂ ਵਿੱਚ ਵੀ ਸੀਵਰੇਜ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਰਹੇਗਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਉਹ ਹੜ੍ਹ ਸੰਭਾਵੀ ਸੰਵੇਦਨਸ਼ੀਲ ਥਾਵਾਂ ਨੂੰ ਮਜ਼ਬੂਤ ਕਰਨ ਤਾਂ ਕਿ ਹੜ੍ਹ ਦੀ ਸੰਭਾਵਨਾ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਗਏ ਹਨ।

Advertisement

Advertisement
Advertisement
Author Image

sukhwinder singh

View all posts

Advertisement