ਮੁਹਾਲੀ ਨਿਗਮ ਵੱਲੋਂ ਸੜਕਾਂ ਤੇ ਨਾਲਿਆਂ ਦੀ ਸਫ਼ਾਈ ਸ਼ੁਰੂ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 16 ਜੂਨ
ਮੁਹਾਲੀ ਨਗਰ ਨਿਗਮ ਨੇ ਮੌਨਸੂਨ ਤੋਂ ਪਹਿਲਾਂ ਹੀ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਅਗਾਊਂ ਤਿਆਰੀਆਂ ਖਿੱਚ ਦਿੱਤੀਆਂ ਹਨ। ਨਿਗਮ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸ਼ਹਿਰ ਵਿੱਚ ਸੜਕਾਂ ਦੀ ਸਫ਼ਾਈ ਕੀਤੀ ਜਾਵੇ ਅਤੇ ਗੰਦੇ ਪਾਣੀ ਦੇ ਨਾਲਿਆਂ ਵਿੱਚ ਉੱਗੀਆਂ ਝਾੜੀਆਂ ਨੂੰ ਕੱਟਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਅਤੇ ਗਲੀਆਂ ਦੀ ਸਫ਼ਾਈ ਕਰਵਾਉਣ ਕਮਿਸ਼ਨਰ ਨੂੰ ਪੱਤਰ ਲਿਖਿਆ ਸੀ। ਸ੍ਰੀ ਬੇਦੀ ਨੇ ਦੱਸਿਆ ਕਿ ਹਰ ਸਾਲ ਰਿਹਾਇਸ਼ੀ ਖੇਤਰਾਂ ਵਿੱਚ ਬਰਸਾਤ ਦਾ ਪਾਣੀ ਇਕੱਠਾ ਹੋ ਜਾਂਦਾ ਹੈ। ਇਸ ਨਾਲ ਲੋਕਾਂ ਦਾ ਕਾਫ਼ੀ ਨੁਕਸਾਨ ਹੁੰਦਾ ਹੈ। ਇਸੇ ਦੌਰਾਨ ਕਾਬਜ਼ ਧਿਰ ਨੇ ਕੌਂਸਲਰਾਂ ਨੂੰ ਆਪੋ-ਆਪਣੇ ਵਾਰਡਾਂ ਦੀ ਖ਼ੁਦ ਨਜ਼ਰਸਾਨੀ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਗਲੀਆਂ ਅਤੇ ਨਾਲਿਆਂ ਦੀ ਸਫ਼ਾਈ ਆਪਣੀ ਨਿਗਰਾਨੀ ਵਿੱਚ ਕਰਵਾਈ ਜਾਵੇਗੀ। ਵਾਰਡ ਨੰਬਰ-7 ਦੇ ਕੌਂਸਲਰ ਬਲਜੀਤ ਕੌਰ ਵੱਲੋਂ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦਿਆਂ ਫੇਜ਼-5 ਵਿੱਚ ਸਫ਼ਾਈ ਦਾ ਕੰਮ ਕਰਵਾਇਆ ਗਿਆ। ਉਨ੍ਹਾਂ ਖ਼ੁਦ ਮੌਕੇ ’ਤੇ ਮੌਜੂਦ ਰਹਿ ਕੇ ਸਫ਼ਾਈ ਕਾਰਜਾਂ ਦੀ ਨਜ਼ਰਸਾਨੀ ਕੀਤੀ। ਉਨ੍ਹਾਂ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਸਭ ਤੋਂ ਵੱਧ ਨੁਕਸਾਨ ਫੇਜ਼-5 ਦਾ ਹੁੰਦਾ ਹੈ। ਇਸ ਵਾਰ ਸਫ਼ਾਈ ਦੀ ਵੀਡੀਓਗਰਾਫ਼ੀ ਕੀਤੀ ਜਾ ਰਹੀ ਹੈ।
ਬਲਜੀਤ ਕੌਰ ਨੇ ਕਿਹਾ ਕਿ ਫੇਜ਼-5 ਦੇ ਐੱਚਈ ਬਲਾਕ, 7.5 ਮਰਲਾ ਕੋਠੀਆਂ ਅਤੇ ਦਸ ਮਰਲਾ ਕੋਠੀਆਂ ਵਾਲੇ ਖੇਤਰ ਵਿੱਚ ਪੈਂਦੀਆਂ ਗਲੀਆਂ ਦੀ ਸਫ਼ਾਈ ਕਰਵਾਈ ਗਈ ਹੈ। ਇਸ ਦੇ ਨਾਲ-ਨਾਲ ਖੁੱਲ੍ਹੀਆਂ ਨਾਲੀਆਂ ਅਤੇ ਨਿਕਾਸੀ ਨਾਲਿਆਂ ਦੀ ਸਫ਼ਾਈ ਕਰਵਾਈ ਗਈ ਹੈ।