For the best experience, open
https://m.punjabitribuneonline.com
on your mobile browser.
Advertisement

ਰਾਜਨਾਥ ਵੱਲੋਂ ਦਿੱਲੀ ਕੈਂਟ ’ਚ ਸਫ਼ਾਈ ਮੁਹਿੰਮ

08:01 AM Oct 02, 2023 IST
ਰਾਜਨਾਥ ਵੱਲੋਂ ਦਿੱਲੀ ਕੈਂਟ ’ਚ ਸਫ਼ਾਈ ਮੁਹਿੰਮ
ਨਵੀਂ ਦਿੱਲੀ ਵਿੱਚ ਐਤਵਾਰ ਨੂੰ ਸਫ਼ਾਈ ਮੁਹਿੰਮ ਵਿੱਚ ਹਿੱਸਾ ਲੈਂਦੇ ਹੋਏ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ। -ਫੋਟੋ: ਪੀਟੀਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਕਤੂਬਰ
‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਦਿੱਲੀ ਛਾਉਣੀ ਵਿੱਚ ਵਿਸ਼ੇਸ਼ ਸਵੱਛਤਾ ਪ੍ਰੋਗਰਾਮ ਦੀ ਅਗਵਾਈ ਕੀਤੀ। ਕੰਟਰੋਲਰ ਜਨਰਲ ਆਫ਼ ਡਿਫੈਂਸ ਅਕਾਊਂਟਸ (ਸੀਜੀਡੀਏ) ਵੱਲੋਂ ਕੈਂਪਸ ਵਿੱਚ ‘ਏਕ ਤਾਰੀਖ, ਏਕ ਘੰਟਾ, ਏਕ ਸਾਥ’ ਪ੍ਰੋਗਰਾਮ ਕਰਵਾਇਆ ਗਿਆ। ਰੱਖਿਆ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਰੱਖਿਆ ਮੰਤਰੀ ਸਫਾਈ, ਸਾਂਝੇ ਖੇਤਰ ਦਾ ਸੁੰਦਰੀਕਰਨ ਅਤੇ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਸ਼ਾਮਲ ਹੋਏ। ਉਨ੍ਹਾਂ ਮਹਾਤਮਾ ਗਾਂਧੀ ਦੇ ‘ਸਵੱਛ ਭਾਰਤ’ ਦੇ ਸੁਫ਼ਨੇ ਨੂੰ ਸਾਕਾਰ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜਨਤਕ ਸਮਾਜਿਕ ਲਹਿਰ ਨੂੰ ਜੋਸ਼ ਅਤੇ ਸਮਰਪਣ ਭਾਵਨਾ ਨਾਲ ਕੰਮ ਕਰਨਾ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਵਿੱਤੀ ਸਲਾਹਕਾਰ (ਰੱਖਿਆ ਸੇਵਾ) ਰਸਿਕਾ ਚੌਬੇ ਅਤੇ ਸੀਜੀਡੀਏ ਐਸਜੀ ਦਸਤੀਦਾਰ ਨੇ ਵੀ ਵੱਖ-ਵੱਖ ਸਫਾਈ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸੇ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਅੱਜ ਸਵੇਰੇ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਤੇ ਰਾਜ ਮੰਤਰੀ ਮੀਨਾਕਸ਼ੀ ਲੇਖੀ ਦੀ ਹਾਜ਼ਰੀ ਵਿਚ ਝੰਡੇਵਾਲਾ ਦੀ ਸੇਵਾ ਕਾਲੋਨੀ ਵਿਚ ਸਫਾਈ ਕੀਤੀ। ਉਧਰ ਦਿੱਲੀ ਯੂਨੀਵਰਸਿਟੀ ਨੇ ਆਪਣੇ ਕਾਲਜਾਂ ਵਿੱਚ ਸਵੱਛਤਾ ਮੁਹਿੰਮ ਚਲਾਈ, ਜਿਸ ਵਿੱਚ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ਝਾੜੂ ਲਗਾ ਕੇ ਸਫ਼ਾਈ ਕੀਤੀ ਅਤੇ ਇਕੱਠੇ ਹੋਏ ਕੂੜੇ ਨੂੰ ਸੰਭਾਲਣ ਵਿੱਚ ਮਦਦ ਵੀ ਕੀਤੀ। ਇਸ ਵਿੱਚ ਸਿੱਖਿਆ ਮੰਤਰਾਲੇ ਦੇ 25 ਸੀਨੀਅਰ ਅਧਿਕਾਰੀ ਸ਼ਾਮਲ ਹੋਏ, ਜਨਿ੍ਹਾਂ ਵਿੱਚ ਉਚੇਰੀ ਸਿੱਖਿਆ ਸਕੱਤਰ ਸੰਜੈ ਮੂਰਤੀ ਅਤੇ ਦਿੱਲੀ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ ਅਤੇ ਕਾਲਜਾਂ ਦੇ ਡੀਨ ਪ੍ਰੋ. ਬਲਰਾਮ ਪਾਨੀ ਸ਼ਾਮਲ ਸਨ।

Advertisement

ਖੱਟਰ ਵੱਲੋਂ ਸਫ਼ਾਈ ਕਰਮਚਾਰੀਆਂ ਦਾ ਸਨਮਾਨ

ਫਰੀਦਾਬਾਦ (ਪੱਤਰ ਪ੍ਰੇਰਕ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਫਰੀਦਾਬਾਦ ਵਿੱਚ ਸ਼ੁਰੂ ਹੋਏ ‘ਸਵੱਛਤਾ ਹੀ ਸੇਵਾ ਪਖਵਾੜਾ’ ਦੀ ਸਮਾਪਤੀ ਕੀਤੀ। ਇੱਥੇ ਉਨ੍ਹਾਂ ਸਫ਼ਾਈ ਕਰਮਚਾਰੀਆਂ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਮੂਹਿਕ ਤੌਰ ’ਤੇ ਆਪਣੀ ਰਿਹਾਇਸ਼ ਦੇ ਨਾਲ-ਨਾਲ ਆਪਣੀਆਂ ਗਲੀਆਂ, ਮੁਹੱਲਿਆਂ ਅਤੇ ਪਿੰਡਾਂ ਦੀ ਸਫਾਈ ਲਈ ਮੁਹਿੰਮ ਚਲਾਉਣ ਦਾ ਪ੍ਰਣ ਲੈਣਾ ਪੇਵੇਗਾ। ਮੁੱਖ ਮੰਤਰੀ ਸ਼ਹਿਰ ਦੇ ਸੈਕਟਰ-9 ਵਿੱਚ ਕਰਵਾਏ ਗਏ ਇਸ ਰਾਜ ਪੱਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਸਾਰੀਆਂ ਗ੍ਰਾਮ ਪੰਚਾਇਤਾਂ, ਸ਼ਹਿਰਾਂ, ਕਸਬਿਆਂ ਅਤੇ ਵਾਰਡਾਂ ਵਿੱਚ ਸਵੇਰੇ 10 ਤੋਂ 11 ਵਜੇ ਤੱਕ ਇੱਕ-ਇੱਕ ਘੰਟੇ ਲਈ ਸਵੱਛਤਾ ਪੰਦਰਵਾੜਾ ਮਨਾਇਆ ਗਿਆ। ਇਸ ਪ੍ਰੋਗਰਾਮ ’ਚ ਸੂਬੇ ਦੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਵਿਧਾਇਕ ਸੀਮਾ ਤ੍ਰਿਖਾ, ਵਿਧਾਇਕ ਨਰਿੰਦਰ ਗੁਪਤਾ ਅਤੇ ਵਿਧਾਇਕ ਰਾਜੇਸ਼ ਨਾਗਰ ਸਮੇਤ ਹੋਰਾਂ ਨੇ ਸ਼ਮੂਲੀਅਤ ਕੀਤੀ।

Advertisement
Author Image

Advertisement
Advertisement
×