For the best experience, open
https://m.punjabitribuneonline.com
on your mobile browser.
Advertisement

ਸਮੇਂ ਸਿਰ ਤਨਖਾਹ ਨਾ ਮਿਲਣ ’ਤੇ ਸਫ਼ਾਈ ਸੇਵਕ ਖਫ਼ਾ

07:21 AM Jun 29, 2024 IST
ਸਮੇਂ ਸਿਰ ਤਨਖਾਹ ਨਾ ਮਿਲਣ ’ਤੇ ਸਫ਼ਾਈ ਸੇਵਕ ਖਫ਼ਾ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 28 ਜੂਨ
ਸਮੇਂ ਸਿਰ ਤਨਖਾਹ ਨਾ ਮਿਲਣ ਤੋਂ ਖਫ਼ਾ ਸ਼ਹਿਰ ਦੇ ਸਫ਼ਾਈ ਸੇਵਕਾਂ ਵੱਲੋਂ ਸਫ਼ਾਈ ਸੇਵਕ ਯੂਨੀਅਨ ਦੀ ਅਗਵਾਈ ਹੇਠ ਸਥਾਨਕ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਸਫ਼ਾਈ ਸੇਵਕਾਂ ਨੇ ਦੋਸ਼ ਲਾਇਆ ਕਿ ਹਰ ਮਹੀਨੇ ਤਨਖਾਹ ਸਮੇਂ ਸਿਰ ਨਹੀਂ ਦਿੱਤੀ ਜਾਂਦੀ ਅਤੇ ਹੁਣ ਵੀ ਦੋ ਮਹੀਨਿਆਂ ਤੋਂ ਤਨਖਾਹ ਨਸੀਬ ਨਹੀਂ ਹੋਈ। ਧਰਨਾਕਰੀਆਂ ਨੇ ਐਲਾਨ ਕੀਤਾ ਕਿ ਜੇਕਰ ਹਰ ਮਹੀਨੇ ਦੀ 7 ਤਰੀਕ ਨੂੰ ਤਨਖਾਹ ਨਹੀਂ ਮਿਲਿਆ ਕਰੇਗੀ ਤਾਂ ਸਫ਼ਾਈ ਸੇਵਕ 10 ਤਾਰੀਖ ਤੋਂ ਹੜਤਾਲ ’ਤੇ ਚਲੇ ਜਾਇਆ ਕਰਨਗੇ।
ਧਰਨੇ ਨੂੰ ਸੰਬੋਧਨ ਕਰਦਿਆਂ ਸਫ਼ਾਈ ਸੇਵਕ ਯੂਨੀਅਨ ਦੇ ਸੀਨੀਅਰ ਚੇਅਰਮੈਨ ਭਾਰਤ ਬੇਦੀ, ਮੀਤ ਪ੍ਰਧਾਨ ਰਮੇਸ਼ ਬਾਗੜੀ, ਜਨਰਲ ਸਕੱਤਰ ਰਮੇਸ ਝੰਝੋਜਟ, ਚੇਅਰਮੈਨ ਊਸ਼ਾ ਦੇਵੀ ਅਤੇ ਸਲਾਹਕਾਰ ਸੁਰੇਸ ਬਾਂਦੜ ਨੇ ਕਿਹਾ ਕਿ ਸਮੇਂ ਸਿਰ ਤਨਖਾਹ ਨਾ ਮਿਲਣ ਕਾਰਨ ਸਫ਼ਾਈ ਸੇਵਕਾਂ ਨੂੰ ਕਈ ਆਰਥਿਕ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮਕਾਨ ਬਣਾਉਣ, ਬੱਚਿਆਂ ਦੀ ਸ਼ਾਦੀ ਕਰਨ ਅਤੇ ਬੱਚਿਆਂ ਦੀ ਪੜ੍ਹਾਈ ਵਾਸਤੇ ਸਫ਼ਾਈ ਸੇਵਕਾਂ ਨੇ ਬੈਂਕਾਂ ਤੋਂ ਕਰਜ਼ੇ ਲਏ ਹੋਏ ਹਨ ਜਿਸ ਦੀ ਕਿਸ਼ਤ 10 ਤਾਰੀਖ ਤੱਕ ਜਮ੍ਹਾਂ ਕਰਾਉਣੀ ਹੁੰਦੀ ਹੈ ਜਿਸ ਤੋਂ ਬਾਅਦ ਦੁੱਗਣਾ ਵਿਆਜ ਅਦਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ 7 ਤਾਰੀਖ ਨੂੰ ਤਨਖਾਹ ਨਾ ਮਿਲਣ ਕਾਰਨ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਦੋ ਮਹੀਨਿਆਂ ਦੀ ਤਨਖਾਹ ਜਾਰੀ ਨਾ ਕੀਤੀ ਅਤੇ ਹਰ ਮਹੀਨੇ ਦੀ 7 ਤਾਰੀਖ ਨੂੰ ਤਨਖਾਹ ਅਦਾ ਨਾ ਕੀਤੀ ਤਾਂ ਹਰ ਮਹੀਨੇ ਦੀ 10 ਤਾਰੀਖ ਨੂੰ ਸਫ਼ਾਈ ਸੇਵਕ ਹੜਤਾਲ ਸ਼ੁਰੂ ਕਰ ਦਿਆ ਕਰਨਗੇ।

Advertisement

ਚੌਥਾ ਦਰਜਾ ਕਾਮਿਆਂ ਵੱਲੋਂ ਸਿੱਖਿਆ ਵਿਭਾਗ ਖ਼ਿਲਾਫ਼ ਪ੍ਰਦਰਸ਼ਨ

ਪਟਿਆਲਾ ’ਚ ਨਾਅਰੇਬਾਜ਼ੀ ਕਰਦੇ ਹੋਏ ਸਫ਼ਾਈ ਸੇਵਕ। ਫੋਟੋ: ਅਕੀਦਾ

ਪਟਿਆਲਾ (ਪੱਤਰ ਪ੍ਰੇਰਕ): ਸਿੱਖਿਆ ਵਿਭਾਗ ਅਧੀਨ ਆਉਂਦੇ ਸਕੂਲਾਂ ਦੇ ਚੌਥਾ ਦਰਜਾ ਮੁਲਾਜ਼ਮਾਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਸੂਬੇ ਦੇ ਤਕਰੀਬਨ 8200 ਸਕੂਲਾਂ ਵਿੱਚ ‘ਆਪ’ ਸਰਕਾਰ ਵੱਲੋਂ 8 ਅਗਸਤ 2023 ਨੂੰ ਆਦੇਸ਼ ਜਾਰੀ ਕਰ ਕੇ ਸਫ਼ਾਈ ਸੇਵਕਾਂ ਦੀ ਭਰਤੀ 3000 ਰੁਪਏ ਪ੍ਰਤੀ ਮਹੀਨਾ ਤੇ ਚੌਕੀਦਾਰ ਦੀ ਭਰਤੀ 5000 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਹੈ ਜਿਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਆਗੂਆਂ ਕਿਹਾ ਕਿ ਚੌਥਾ ਦਰਜਾ ਕਾਮਿਆਂ ਨੂੰ ਨਿਗੂਣੀਆਂ ਤਨਖਾਹਾਂ ਦੇ ਕੇ ਸਰਕਾਰ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਰੈਗੂਲਰ ਭਰਤੀ ਕਰਨ ਤੋਂ ਵੀ ਟਾਲਾ ਵੱਟ ਰਹੀ ਹੈ। ਇਸ ਤਰ੍ਹਾਂ ਪਾਰਟ ਟਾਈਮ ਕਰਮੀ ਜੋ ਪਿਛਲੇ 20-25 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਹਨ, ਦੀਆਂ ਸੇਵਾਵਾਂ ਨਿਯਮਿਤ ਨਹੀਂ ਕੀਤੀਆਂ ਜਾ ਰਹੀਆਂ ਅਤੇ ਸਕੂਲ ਵਿੱਚ ਲੰਬੇ ਸਮੇਂ ਤੋਂ ਮਿਡ-ਡੇਅ ਮੀਲ ਹੈਲਪਰ ਅਤੇ ਕੁੱਕ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ। ਇਸ ਮੌਕੇ ਮੰਗ ਕੀਤੀ ਗਈ ਕਿ ਉਨ੍ਹਾਂ ਦੀ ਉਜਰਤ ਵਿੱਚ ਵਾਧਾ ਕੀਤਾ ਜਾਵੇ। ਕਰਮਚਾਰੀਆਂ ਨੂੰ ਸਮੇਂ-ਸਮੇਂ ਸਿਰ ਵਰਦੀਆਂ ਦਿੱਤੀਆਂ ਜਾਣ, ਘੱਟੋ-ਘੱਟ 5 ਲੱਖ ਦਾ ਬੀਮਾ ਕੀਤਾ ਜਾਵੇ। ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ,ਸਕੂਲ ਸਿੱਖਿਆ ਦੇ ਪ੍ਰਧਾਨ ਰਾਮ ਪ੍ਰਸਾਦ ਸਹੋਤਾ, ਤਰਸੇਮ ਲਾਲ, ਸੋਨੂੰ ਪਾਲ, ਧਰਮਿੰਦਰ, ਕੈਲਾਸ਼ ਨਾਥ, ਵਰਿੰਦਰ ਕੁਮਾਰ, ਹਰਪਾਲ ਕੌਰ, ਹਰਜੀਤ ਕੌਰ ਤੇ ਜੱਗਾ ਸਿੰਘ ਆਦਿ ਸ਼ਾਮਲ ਸਨ।

Advertisement
Author Image

sukhwinder singh

View all posts

Advertisement
Advertisement
×