For the best experience, open
https://m.punjabitribuneonline.com
on your mobile browser.
Advertisement

ਸੁੱਚਮ

06:16 AM Sep 07, 2023 IST
ਸੁੱਚਮ
Advertisement

ਰਾਮ ਸਵਰਨ ਲੱਖੇਵਾਲੀ

ਮੂੰਹ ਹਨੇਰੇ ਦੂਰ ਸਫ਼ਰ ਲਈ ਤੁਰੇ। ਅਸਮਾਨ ’ਤੇ ਚੰਨ ਤਾਰਿਆਂ ਦਾ ਜਲੌਅ। ਚਮਕਦੇ, ਟਿਮਟਮਾਉਂਦੇ, ਰਾਹ ਰੁਸ਼ਨਾਉਂਦੇ। ਕਾਲੀ ਸਿਆਹ ਸੜਕ ਦੇ ਚੁਫ਼ੇਰੇ ਪਸਰਿਆ ਹਨੇਰਾ। ਗੱਡੀ ਦੀ ਰੌਸ਼ਨੀ ਸੜਕ ਦਾ ਰਾਹ ਦਿਖਾਉਂਦੀ। ਪੌਣ ਵਿਚ ਮਿਲੀਆਂ ਪੰਛੀ ਪ੍ਰਾਣੀਆਂ ਦੀਆਂ ਮਿੱਠੀਆਂ ਆਵਾਜ਼ਾਂ ਸਵਾਗਤ ਕਰਦੀਆਂ ਜਾਪੀਆਂ। ਆਖਰ ਪਹੁ ਫੁਟਾਲੇ ਨੇ ਦਸਤਕ ਦਿੱਤੀ। ਚੁਫੇਰਾ ਚਾਨਣ ਰੰਗਾ ਹੋਇਆ। ਚਾਹ ਪਾਣੀ ਪੀਣ ਦੀ ਤਾਂਘ ਨੇ ਢਾਬੇ ’ਤੇ ਰੋਕਿਆ। ਘਰੋਂ ਲਿਆਂਦੇ ਖਾਣੇ ਵਾਲ਼ਾ ਡੱਬਾ ਖੋਲ੍ਹਿਆ। ਆਲੂ, ਮੇਥੀ ਦੇ ਪਰੌਂਠਿਆਂ ਦੀ ਮਹਿਕ ਬਿਖਰੀ। ‘ਆਹ ਕੰਮ ਚੰਗਾ ਕੀਤਾ ਤੁਸਾਂ। ਘਰ ਦੇ ਖਾਣੇ ਦੀ ਰੀਸ ਨ੍ਹੀਂ ਹੁੰਦੀ। ਵਕਤ ਵੀ ਬਚਦਾ, ਖਾਣਾ ਵੀ ਮਨ ਭਾਉਂਦਾ’। ਰਸਤੇ ’ਚੋਂ ਨਾਲ ਚੜ੍ਹਿਆ ਸਨੇਹੀ ਬੋਲਿਆ।
ਘਰ ਦਾ ਖਾਣਾ ਮਾਂ ਦੇ ਚੁੱਲ੍ਹੇ ਚੌਂਕੇ ਕੋਲ ਲੈ ਗਿਆ। ਛੋਟਾ ਕੱਚਾ ਪੱਕਾ ਵਿਹੜਾ। ਇੱਕ ਪਾਸੇ ਬਣੇ ਚੌਂਕੇ ਵਿਚ ਸੁਆਰਿਆ, ਲਿੱਪਿਆ ਕੱਚਾ ਚੁੱਲ੍ਹਾ। ਸੁਵੱਖਤੇ ਚੁੱਲ੍ਹੇ ਵਿਚ ਚਾਨਣ ਹੁੰਦਾ। ਪਤੀਲੇ ਵਿਚ ਸਾਰੇ ਪਰਿਵਾਰ ਦੀ ਚਾਹ ਉਬਾਲੇ ਲੈਣ ਲਗਦੀ। ਚਾਹ ਮਗਰੋਂ ਮਾਂ ਰੋਟੀ ਪਾਣੀ ਦਾ ਆਹਰ ਕਰਦੀ। ਇਕੱਲੀ ਸਾਰਾ ਕੰਮ ਸੰਭਾਲਦੀ। ਉਸ ਦੇ ਹੱਥਾਂ ਵਿਚ ਲੋਹੜੇ ਦਾ ਸੁਹਜ ਹੁੰਦਾ। ਠੰਢ ਵਿਚ ਚੌਂਕੇ ਰੋਟੀ ਖਾਣ ਦਾ ਅਨੂਠਾ ਸੁਆਦ ਹੁੰਦਾ। ਚੁੱਲ੍ਹੇ ਦਾ ਸੇਕ ਠੰਢ ਨੂੰ ਮਾਤ ਦਿੰਦਾ। ਮੱਠੀ ਅੱਗ ’ਤੇ ਚੁੱਲ੍ਹੇ ਵਿਚ ਰੜ੍ਹਦੀ ਬਾਜਰੇ ਦੀ ਮਿੱਸੀ ਰੋਟੀ। ਨਾਲ ਹੀ ਕਾਲੇ ਕੁੱਜੇ ਵਿਚ ਪਿਆ ਸਰੋਂ ਦਾ ਸਾਗ। ਮੀਂਹ ਕਣੀ ਵਿਚ ਬਰਾਂਡੇ ਵਿਚਲਾ ਚੁੱਲ੍ਹਾ ਕੰਮ ਆਉਂਦਾ ਜਿਸ ਦਾ ਧੂੰਆਂ ਅੱਖਾਂ ਨਾਲ ਅੱਖ ਮਚੋਲੀ ਖੇਡਦਾ। ਚੌਂਕੇ ਵਿਚ ਸਵੇਰ ਸ਼ਾਮ ਦਾਲ, ਸਬਜ਼ੀ ਦੀ ਮਹਿਕ ਤੇ ਭਾਂਡਿਆਂ ਦੀ ਛਣਕ ਹੁੰਦੀ। ਮਾਂ ਸੰਜਮ ਤੇ ਫਰਜ਼ ਦੀ ਮੂਰਤ ਨਜ਼ਰ ਆਉਂਦੀ। ਹਰ ਵੇਲੇ ਘਰ ਦੇ ਕੰਮ ਵਿਚ ਰੁੱਝੀ ਰਹਿੰਦੀ।
ਚਾਹ ਫੜਾਉਣ ਆਏ ਮੁੰਡੇ ਦੀ ਆਵਾਜ਼ ਨੇ ਯਾਦਾਂ ਦੀ ਅਮੁੱਲੀ ਤੰਦ ਬਿਖੇਰੀ। ਪਰੌਂਠੇ ਖਾਣ ਮਗਰੋਂ ਚਾਹ ਦੀਆਂ ਚੁਸਕੀਆਂ ਨਾਲ ਚੁਫ਼ੇਰਾ ਤੱਕਿਆ। ਢਾਬੇ ’ਤੇ ਆਉਂਦੇ ਜਾਂਦੇ ਮੁਸਾਫਿ਼ਰ। ਜਲਦ ਮੰਜਿ਼ਲ ’ਤੇ ਪੁੱਜਣ ਦੀ ਤਾਂਘ ਨਾਲ ਕਦਮਾਂ ਤੇ ਬੋਲਾਂ ਵਿਚ ਕਾਹਲੀ। ਖਾਣੇ ਤੇ ਸਾਫ਼ ਸੁਥਰੇ ਸਜੇ ਮੇਜ਼ਾਂ ਤੇ ਨਾਸ਼ਤਾ ਕਰ ਤੁਰਦੇ ਬਣਦੇ। ਸਾਫ਼ ਸਫ਼ਾਈ ਕਰਦੇ, ਚਾਹ ਪਾਣੀ ਫੜਾਉਂਦੇ ਬਾਲ ਮਜ਼ਦੂਰ। ਕਾਨੂੰਨ ਦੀ ਰਸਾਈ ਦਾ ਰੂਪ ਜਾਪੇ। ਪੜ੍ਹਾਈ ਦੀ ਉਮਰੇ ਢਾਬੇ ’ਤੇ ਕੰਮ ਕਰਦੇ ਉਹ ਅਲੂੰਏਂ ਮੁੰਡੇ ਦਿਲ ਦੀ ਕਸਕ ਬਣੇ।
ਸਫ਼ਰ ਮੁਕਾਉਣ ਲਈ ਤੁਰੇ। ਮਨ ਮਸਤਕ ਤੇ ਖਿ਼ਆਲ ਦਸਤਕ ਦੇਣ ਲੱਗੇ। ਵਕਤ ਬਦਲਿਆ, ਰਿਸ਼ਤਿਆਂ ਦੀ ਤਾਸੀਰ ਬਦਲੀ। ਨਾਲ ਹੀ ਖਾਣ ਪੀਣ ਤੇ ਤੌਰ ਤਰੀਕੇ ਵੀ ਬਦਲ ਗਏ। ’ਕੱਠੇ ਬੈਠ, ਖਾਣ ਪੀਣ ਤੇ ਹਾਸਾ ਠੱਠਾ ਹੁਣ ਬੀਤੇ ਵਕਤ ਦੀਆਂ ਗੱਲਾਂ ਹੋਈਆਂ। ਮਿਲ ਬੈਠ, ਵੰਡ ਕੇ ਖਾਣਾ, ਠਹਾਕਿਆਂ ਦੀ ਆਵਾਜ਼ ਗੂੰਜਦੀ। ਹਾਸੇ, ਗਿਲੇ, ਸ਼ਿਕਵੇ ਤੇ ਰੋਸਿਆਂ ਨੂੰ ਮਿਟਾਉਂਦੇ। ਅੰਗ ਸੰਗ ਮੋਹ ਤੇ ਅਪਣਤ ਦੀ ਮਹਿਕ ਹੁੰਦੀ। ਹੁਣ ਪੂੰਜੀ ਦਾ ਪ੍ਰਭਾਵ ਹੈ। ਸਮਾਜਿਕ ਰੁਤਬੇ ਦਾ ਖਿਆਲ ਹੈ। ਅਹੁਦੇ ਦੀ ਮਰਿਆਦਾ ਹੈ। ਵਕਤ ਦੀ ਘਾਟ ਹੈ। ਮਜਬੂਰੀਆਂ ਦਾ ਸੰਕਟ ਹੈ। ਨਵੀਂ ਤਹਿਜ਼ੀਬ ਹੈ, ’ਕੱਲੇ ਰਹਿਣਾ, ’ਕੱਲਿਆਂ ਨੇ ਖਾਣਾ। ਆਪ ਹੱਸਣਾ ਨਹੀਂ। ਦੂਜਿਆਂ ਦਾ ਹਾਸਾ ਭਾਉਂਦਾ ਨਹੀਂ। ਵਿਆਹ ਸ਼ਾਦੀਆਂ ਤੇ ਸਮਾਗਮਾਂ ਵਿਚ ਮਿਲਦੇ ਗਿਲਦੇ। ਦਿਖਾਵਾ ਰਾਹ ਰੋਕ ਲੈਂਦਾ। ਮਹਿੰਗੇ ਕੱਪੜਿਆਂ ਤੇ ਗਹਿਣਿਆਂ ਦਾ ਖ਼ਿਆਲ ਰਹਿੰਦਾ। ਸਜੇ ਫਬੇ ਖਾਣੇ ਦੇ ਸਟਾਲ। ਸੁਆਦੀ ਖਾਣਿਆਂ ਦਾ ਭੰਡਾਰ ਹੁੰਦੇ। ਮਹਿਮਾਨ ਸੋਚ ਸਮਝ ਕੇ ਖਾਂਦੇ। ਮੇਜ਼ਾਂ ਦੁਆਲੇ ਜੁੜ ਬੈਠੇ ਸਨੇਹੀ ਖਾਣ ਪੀਣ ਵਿਚ ਮਸਰੂਫ ਹੁੰਦੇ। ਮੰਚ ਤੋਂ ਆਉਂਦੀਆਂ ਸੰਗੀਤ ਦੀਆਂ ਉੱਚੀਆਂ ਆਵਾਜ਼ਾਂ ਉਨ੍ਹਾਂ ਦੇ ਬੋਲਾਂ ਨੂੰ ਖਾ ਜਾਂਦੀਆਂ। ਮਿਲ ਬੈਠ ਹਾਸ ਠੱਠੇ ਦੇ ਆਨੰਦ ਦੀ ਇੱਛਾ ਪੈਲੇਸ ਡਕਾਰ ਜਾਂਦਾ।
ਸਕੂਲਾਂ, ਦਫ਼ਤਰਾਂ ’ਚ ਖਾਣਾ ਖਾਣ ਦਾ ਸੀਮਤ ਵਕਤ। ਤਟ ਫਟ ਖਾਣਾ ਖਾ ਲੈਣਾ। ਹਰ ਕੋਈ ਬਾਕੀ ਰਹਿੰਦਾ ਕੰਮ ਨਬਿੇੜਨ ਨੂੰ ਅਹੁਲਦਾ। ਖਾਣ ਪੀਣ ਵਿਚੋਂ ਸਹਿਜਤਾ ਗੁਆਚ ਗਈ। ਅੱਗੇ ਲੰਘਣ ਦੀ ਦੌੜ ਵਿਚ ਕਾਹਲੀ, ਤਲਖ਼ੀ ਤੇ ਇਕੱਲਤਾ ਦਾ ਪੱਲਾ ਫੜ ਬੈਠੇ। ਸਹਿਣਸ਼ੀਲਤਾ ਮਨ ਮਸਤਕ ਵਿਚੋਂ ਖੁਰਨ ਲੱਗੀ। ਸੋਚਾਂ ਦੀ ਤੰਦ ਬੀਤੇ ਵਕਤ ਨਾਲ ਮੁੜ ਜੁੜਦੀ।
ਵਿਆਹ ਘਰਾਂ ਵਿਚ ਹੁੰਦੇ। ਰਿਸ਼ਤੇਦਾਰ ਤੇ ਸਕੇ ਸਨੇਹੀ ਹਫਤਾ ਭਰ ਪਹਿਲਾਂ ਆਉਂਦੇ। ਵਿਆਹ ਦਾ ਕਾਰਜ ਆਪਣੇ ਹੱਥ ਲੈਂਦੇ। ਸ਼ਾਮ ਨੂੰ ਗੀਤਾਂ ਦੀ ਗੂੰਜ ਸੁਣਾਈ ਦਿੰਦੀ। ਦਿਨ ਭਰ ਹਾਸਿਆਂ ਦੀ ਛਹਬਿਰ। ਮਿਲ ਬੈਠ ਖਾਣਾ ਸਭ ਨੂੰ ਭਾਉਂਦਾ। ਰਿਸ਼ਤਿਆਂ ਦੀ ਨੋਕ ਝੋਕ। ਈਰਖਾ, ਸਾੜਾ ਨਦਾਰਦ ਹੁੰਦਾ। ਚੁਫੇਰੇ ਮੁਹੱਬਤ ਦੀ ਸੁਹਬਤ ਹੁੰਦੀ। ਮੇਲ ਮਿਲਾਪ ਦੀਆਂ ਘੜੀਆਂ ਖੁਸ਼ੀ ਦਾ ਰੰਗ ਬਣਦੀਆਂ। ਚਾਵਾਂ ਲੱਦੇ ਤੇ ਖੁਸ਼ੀਆਂ ਰੰਗੇ ਉਹ ਵੇਲੇ ਯਾਦਾਂ ਵਿਚ ਰਹਿ ਗਏ।
ਰਲ ਮਿਲ, ਵੰਡ ਕੇ ਰੁੱਖੀ ਮਿੱਸੀ ਖਾਂਦੇ। ਦੁਸ਼ਵਾਰੀਆਂ ਝੱਲਦੇ। ਖ਼ੇਤਾਂ ਵਿਚ ਕੰਮ ਕਰਦੇ। ਸੜਕਾਂ, ਫੈਕਟਰੀਆਂ ਵਿਚ ਪਸੀਨਾ ਡੋਲ੍ਹਦੇ ਕਿਰਤੀਆਂ ਨੇ ਸਾਂਝ ਸਨੇਹ ਦਾ ਇਹ ਰੰਗ ਫਿੱਕਾ ਨਹੀਂ ਪੈਣ ਦਿੱਤਾ। ਮੋਟਰ ’ਤੇ ਬੈਠਾ ਝੋਨਾ ਲਗਾ ਰਹੇ ਮਜ਼ਦੂਰਾਂ ਨੂੰ ਦੇਖਦਾਂ। ਸਿਰਾਂ ’ਤੇ ਦੁਪਿਹਰ ਦਾ ਸੂਰਜ। ਅੰਤਾਂ ਦੀ ਹੁੰਮਸ। ਕਈ ਪਰਿਵਾਰ ਮਿਲ ਕੇ ਝੋਨਾ ਲਗਾਉਣ ਵਿਚ ਜੁਟੇ ਹੋਏ। ਗੱਲਾਂ ਕਰਦੇ, ਬੋਲਦੇ ਮਿਹਨਤ ਦੀ ਮੂਰਤ ਬਣ ਦਿਸਦੇ। ਦੁਪਿਹਰ ਦੀ ਰੋਟੀ ਵਕਤ ਮੋਟਰ ਤੇ ਰੁੱਖਾਂ ਛਾਵੇਂ ਆ ਬੈਠੇ। ਸਿਰ ਤੋਂ ਪੈਰਾਂ ਤੀਕ ਪਸੀਨੇ ਨਾਲ ਨ੍ਹਾਤੇ। ਮਾਵਾਂ ਨੇ ਸਟੀਲ ਦੇ ਡੱਬੇ ਖੋਲ੍ਹੇ। ਚਟਣੀ ਤੇ ਆਲੂਆਂ ਦੀ ਮਹਿਕ ਬਿਖਰੀ। ਹੱਥਾਂ ’ਤੇ ਰੋਟੀਆਂ ਧਰ ਖਾਣ ਲੱਗੇ। ਸਖ਼ਤ ਜਾਨ। ਅੱਖਾਂ ’ਚ ਆਸ। ਰੋਟੀ ਖਾਂਦਿਆਂ ਹੀ ਬੀਬੀ ਨੇ ਚੁੱਲ੍ਹੇ ’ਤੇ ਚਾਹ ਵੀ ਧਰ ਦਿੱਤੀ। ਸਾਰੇ ਜਣੇ ਚਾਹ ਪੀ ਮੁੜ ਖੇਤ ਵੱਲ ਹੋ ਤੁਰੇ। ਮਗਰੋਂ ਭਾਂਡੇ ਸਾਂਭਦੀ ਬੀਬੀ ਮੈਨੂੰ ਮੁਖ਼ਾਤਬਿ ਹੋਈ: ‘ਪੁੱਤ, ਬਹੁਤ ਔਖੀ ਐ ਸਾਡੀ ਜਿ਼ੰਦਗੀ। ਘਰ ਤੋਰਨ ਲਈ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ। ਮੁਸ਼ੱਕਤ ਕਰਦਿਆ ਕੋਈ ਹਬੀ ਨਬੀ ਹੋ ਜਾਵੇ ਤਾਂ ਕੋਈ ਬਾਂਹ ਨਹੀਂ ਫੜਦਾ। ਛੋਟੇ ਵੱਡੇ ਸਾਰੇ ਮਿਲ ਕੇ ਮਿਹਨਤ ਕਰਦੇ ਆਂ, ਫਿਰ ਦੋ ਵਕਤ ਦੀ ਰੋਟੀ ਨਸੀਬ ਹੁੰਦੀ ਆ। ਸਾਡੀ ਦਾਲ ਰੋਟੀ ਤਾਂ ਮਿਹਨਤ ਦੀ ਮਿਠਾਸ ਹੈ। ਹੱਕ ਸੱਚ ਦੀ ਕਮਾਈ ਦੀ ਸੁੱਚਮ ਹੈ’। ਮੈਨੂੰ ਜਿਊਣ ਤਾਂਘ ਵਿਚੋਂ ਉਪਜੀ ਸੁੱਚਮ ਇਕੱਠੇ ਮਿਲ ਬਹਿਣ, ਤੁਰਨ ਅਤੇ ਸਿਰ ਉਠਾ ਕੇ ਜਿਊਣ ਦਾ ਬਲ ਨਜ਼ਰ ਆ ਰਹੀ ਸੀ।
ਸੰਪਰਕ: 95010-06626

Advertisement

Advertisement
Advertisement
Author Image

joginder kumar

View all posts

Advertisement