ਪ੍ਰਿੰਕਲ ਮਾਮਲੇ ’ਚ ਐਡਵੋਕੇਟ ਗਗਨਪ੍ਰੀਤ ਨੂੰ ਕਲੀਨ ਚਿੱਟ
ਗੁਰਿੰਦਰ ਸਿੰਘ
ਲੁਧਿਆਣਾ, 21 ਨਵੰਬਰ
ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲੀਸ ਨੇ ਗੁਰਵਿੰਦਰ ਸਿੰਘ ਪ੍ਰਿੰਕਲ ’ਤੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ਵਿੱਚ ਦਰਜ ਐਫ਼ਆਈਆਰ ’ਚੋਂ ਐਡਵੋਕੇਟ ਗਗਨਪ੍ਰੀਤ ਸਿੰਘ ਦਾ ਨਾਮ ਕੱਢ ਦਿੱਤਾ ਹੈ ਅਤੇ ਇਸ ਸਬੰਧੀ ਕੀਤੀ ਜਾਂਚ ਤੋਂ ਬਾਅਦ ਪੁਲੀਸ ਨੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਿੰਕਲ ਦੇ ਬਿਆਨਾਂ ’ਤੇ ਪੁਲੀਸ ਨੇ ਉਸ ਦੇ ਸਹੁਰੇ ਰਾਜਿੰਦਰ ਸਿੰਘ, ਜੀਜਾ ਸੁਖਵਿੰਦਰਪਾਲ ਸਿੰਘ, ਦੋਰਾਹਾ ਦੇ ਹਨੀ ਸੇਠੀ ਅਤੇ ਐਡਵੋਕੇਟ ਗਗਨਪ੍ਰੀਤ ਸਿੰਘ ਤੋਂ ਇਲਾਵਾ ਗੈਂਗਸਟਰ ਨਾਨੂ ਤੇ ਉਸ ਦੇ ਸਾਥੀਆਂ ਨੂੰ ਨਾਮਜ਼ਦ ਕੀਤਾ ਸੀ। ਇਸ ਸਬੰਧ ਵਿੱਚ ਮੁੱਖ ਮੁਜ਼ਰਮ ਨਾਨੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਰਿਮਾਂਡ ਦੌਰਾਨ ਉਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੁਲੀਸ ਨੇ ਸੁਸ਼ੀਲ ਕੁਮਾਰ, ਸਾਹਿਲ ਸਪਰਾ, ਆਕਾਸ਼, ਮੁਕਲ ਅਤੇ ਜੱਟਾ ਖ਼ਿਲਾਫ਼ ਵੀ ਕੇਸ ਦਰਜ ਕੀਤਾ ਸੀ।
ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਪੁਲੀਸ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਐਡਵੋਕੇਟ ਗਗਨਪ੍ਰੀਤ ਸਿੰਘ ਦਾ ਨਾਮ ਜਾਂਚ ਮਗਰੋਂ ਐੱਫਆਈਆਰ ’ਚੋਂ ਹਟਾ ਦਿੱਤਾ ਗਿਆ ਹੈ। ਇਸ ਬਾਰੇ ਲੁਧਿਆਣਾ ਬਾਰ ਐਸੋਸੀਏਸ਼ਨ ਵੱਲੋਂ ਇੱਕ ਦਿਨ ਦੀ ਹੜਤਾਲ ਕਰਕੇ ਕੰਮ ਕਾਰ ਠੱਪ ਰੱਖਿਆ ਗਿਆ ਸੀ ਅਤੇ ਜਥੇਬੰਦੀ ਦੇ ਇੱਕ ਵਫ਼ਦ ਨੇ ਪੁਲੀਸ ਅਧਿਕਾਰੀਆਂ ਨੂੰ ਮਿਲ ਕੇ ਦੱਸਿਆ ਸੀ ਕਿ ਪ੍ਰਿੰਕਲ ਖ਼ਿਲਾਫ਼ ਕੁੱਝ ਲੋਕਾਂ ਵੱਲੋਂ ਦਰਜ ਕੇਸਾਂ ਦੇ ਸਬੰਧ ਵਿੱਚ ਐਡਵੋਕੇਟ ਗਗਨਪ੍ਰੀਤ ਸਿੰਘ ਵਿਰੋਧੀ ਪਾਰਟੀਆਂ ਦਾ ਵਕੀਲ ਹੈ, ਇਸ ਲਈ ਉਸ ਨੇ ਆਪਣਾ ਦਬਾਅ ਬਨਾਉਣ ਲਈ ਐਡਵੋਕੇਟ ਗਗਨਪ੍ਰੀਤ ਸਿੰਘ ਦਾ ਨਾਮ ਐਫਆਈਆਰ ਵਿੱਚ ਲਿਖਵਾਇਆ ਹੈ। ਪੁਲੀਸ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਹ ਸਪੱਸ਼ਟ ਹੋਣ ’ਤੇ ਕਿ ਉਸ ਦਾ ਇਸ ਹਮਲੇ ਨਾਲ ਕੋਈ ਸਬੰਧ ਨਹੀਂ ਪੁਲੀਸ ਨੇ ਉਸਨੂੰ ਕਲੀਨ ਚਿੱਟ ਦੇ ਦਿੱਤੀ। ਇਸ ਦੌਰਾਨ ਐਡਵੋਕੇਟ ਗਗਨਪ੍ਰੀਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ ਜਾਂਚ ਦੌਰਾਨ ਸਾਰੇ ਤੱਥ ਪੁਲੀਸ ਸਾਹਮਣੇ ਰੱਖੇ ਸਨ। ਉਨ੍ਹਾਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਅਤੇ ਸਮੂਹ ਸਮਰਥਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਸਨੂੰ ਇਨਸਾਫ਼ ਦਿਵਾਉਣ ਲਈ ਆਵਾਜ਼ ਬੁਲੰਦ ਕੀਤੀ ਸੀ।