ਸਿਹਤਯਾਬੀ ਲਈ ਸ਼ੁੱਧ ਹਵਾ
ਸਮੀਰ ਮਹਿਤਾ, ਯਸ਼ੇਂਦਰ ਸੇਠੀ
ਭਾਰਤ ਮਜ਼ਬੂਤ ਵਿਕਾਸਸ਼ੀਲ ਮੁਲਕ ਹੈ ਜਿਸ ਦੀ ਆਰਥਿਕ ਪੈਦਾਵਾਰ ਵਿਚ 18 ਫ਼ੀਸਦ ਯੋਗਦਾਨ ਖੇਤੀਬਾੜੀ ਪਾਉਂਦੀ ਹੈ ਅਤੇ ਦੇਸ਼ ਦੀ ਅੱਧੀ ਕਿਰਤ ਸ਼ਕਤੀ ਖੇਤੀਬਾੜੀ ਵਿਚ ਲੱਗੀ ਹੋਈ ਹੈ। ਖੇਤੀਬਾੜੀ ਵਿਧੀਆਂ ਦੇ ਵਿਸਤਾਰ ਦੇ ਹਿੱਸੇ ਵਜੋਂ ਫਸਲੀ ਰਹਿੰਦ-ਖੂੰਹਦ ਦੀ ਸਾੜ-ਫੂਕ ਭਾਰਤ ਸਮੇਤ ਦੁਨੀਆ ਭਰ ਵਿਚ ਕਾਸ਼ਤਕਾਰੀ ਵਾਲੇ ਖੇਤਰਾਂ ਵਿਚ ਹਵਾ ਦੇ ਪ੍ਰਦੂਸ਼ਣ ਦਾ ਅਹਿਮ ਕਾਰਕ ਬਣੀ ਹੋਈ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਫਸਲੀ ਰਹਿੰਦ-ਖੂੰਹਦ ਦੀ ਸਾੜ-ਫੂਕ ਇਸ ਕਰ ਕੇ ਸੁਖਾਲਾ ਬਦਲ ਬਣ ਗਈ ਹੈ ਕਿਉਂਕਿ ਪਰਾਲੀ ਦਾ ਢੁਕਵਾਂ ਪ੍ਰਬੰਧਨ ਕਾਫ਼ੀ ਸਮੇਂ ਅਤੇ ਸਰੋਤਾਂ ਪੱਖੋਂ ਕਾਫ਼ੀ ਖਰਚੀਲਾ ਸਮਝਿਆ ਜਾਂਦਾ ਹੈ।
ਪਰਾਲੀ ਦੀ ਸਾੜ-ਫੂਕ ਦਾ ਸਭ ਤੋਂ ਪ੍ਰਤੱਖ ਪ੍ਰਭਾਵ ਮੁੱਖ ਤੌਰ ’ਤੇ ਤਿੰਨ ਵੱਡੇ ਸੂਬਿਆਂ ਵਿਚ ਪੈਂਦਾ ਹੈ ਜਿਨ੍ਹਾਂ ਵਿਚ ਉੱਤਰ ਪ੍ਰਦੇਸ਼ (ਜਿੱਥੇ ਹਰ ਸਾਲ ਕਰੀਬ 7.2 ਕਰੋੜ ਟਨ ਫ਼ਸਲੀ ਰਹਿੰਦ-ਖੂੰਹਦ ਸਾੜੀ ਜਾਂਦੀ ਹੈ), ਪੰਜਾਬ (ਕਰੀਬ 4.58 ਕਰੋੜ ਟਨ) ਅਤੇ ਹਰਿਆਣਾ (ਕਰੀਬ 2.43 ਕਰੋੜ ਟਨ) ਸ਼ਾਮਲ ਹਨ। ਇੱਥੇ ਅਗਲੀ ਫ਼ਸਲ ਦੀ ਬਿਜਾਈ ਲਈ ਕਰੀਬ 25 ਫ਼ੀਸਦ ਫ਼ਸਲੀ ਰਹਿੰਦ-ਖੂੰਹਦ ਸਾੜੀ ਜਾਂਦੀ ਹੈ। ਇਸ ਕਰ ਕੇ ਹਵਾ ਦੇ ਪ੍ਰਦੂਸ਼ਣ ਵਿਚ ਵਾਧਾ ਹੁੰਦਾ ਹੈ ਅਤੇ ਆਲਮੀ ਹਵਾ ਪ੍ਰਦੂਸ਼ਣ ਦੇ ਅਸਰਾਂ ਵਿਚ 26 ਫ਼ੀਸਦ ਹਿੱਸਾ ਭਾਰਤ ਦੇ ਖਾਤੇ ਵਿਚ ਪੈਂਦਾ ਹੈ। ਇਸ ਤੋਂ ਇਲਾਵਾ ਫ਼ਸਲੀ ਰਹਿੰਦ-ਖੂੰਹਦ ਦੀ ਸਾੜ-ਫੂਕ ਕਰ ਕੇ ਵਾਤਾਵਰਨ ਅਤੇ ਅਰਥਚਾਰੇ ਨੂੰ ਸਾਲਾਨਾ 30 ਕਰੋੜ ਡਾਲਰ ਦਾ ਨੁਕਸਾਨ ਹੁੰਦਾ ਹੈ। ਇਸ ਕਾਰਨ ਪੈਦਾ ਹੁੰਦੀ ਤਪਸ਼ ਕਰ ਕੇ ਲਾਹੇਵੰਦ ਜੀਵ-ਜੰਤੂ ਨਸ਼ਟ ਹੋ ਜਾਂਦੇ ਹਨ, ਜ਼ਮੀਨ ਦੀ ਖਾਸੀਅਤ ਬਦਲ ਜਾਂਦੀ ਹੈ ਅਤੇ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਆ ਜਾਂਦੀ ਹੈ। ਮਿਸਾਲ ਦੇ ਤੌਰ ’ਤੇ ਇਕ ਟਨ ਪਰਾਲੀ ਸਾੜਨ ਨਾਲ ਕਰੀਬ 25 ਕਿਲੋਗ੍ਰਾਮ ਪੋਟਾਸ਼ੀਅਮ, 5.5 ਕਿਲੋਗ੍ਰਾਮ ਨਾਈਟ੍ਰੋਜਨ ਅਤੇ 2.5 ਕਿਲੋ ਫਾਸਫੋਰਸ ਦਾ ਨੁਕਸਾਨ ਹੁੰਦਾ ਹੈ। ਇਸ ਦੇ ਨਾਲ ਹੀ ਫ਼ਸਲੀ ਰਹਿੰਦ-ਖੂੰਹਦ ਸਾੜੇ ਜਾਣ ਨਾਲ ਹਵਾ ਵਿਚ ਮਹੀਨ ਕਣਾਂ ਪੀਐੱਮ 2.5 ਅਤੇ ਪੀਐੱਮ 10 ਤੋਂ ਇਲਾਵਾ, ਨਾਈਟ੍ਰੋਜਨ ਡਾਇਆਕਸਾਈਡ ਅਤੇ ਸਲਫਰ ਡਾਇਆਕਸਾਈਡ ਜਿਹੇ ਹਵਾ ਪ੍ਰਦੂਸ਼ਕ ਪੈਦਾ ਹੁੰਦੇ ਹਨ।
ਫਸਲੀ ਰਹਿੰਦ-ਖੂੰਹਦ ਕਰ ਕੇ ਹੋਣ ਵਾਲੇ ਹਵਾ ਦੇ ਪ੍ਰਦੂਸ਼ਣ ਕਾਰਨ ਨਾ ਕੇਵਲ ਸਾਹ, ਦਿਲ ਅਤੇ ਚਮੜੀ ਦੇ ਰੋਗਾਂ ਵਿਚ ਵਾਧਾ ਹੁੰਦਾ ਹੈ ਸਗੋਂ ਕਈ ਤਰ੍ਹਾਂ ਦਾ ਕੈਂਸਰ ਵੀ ਫੈਲਦਾ ਹੈ। ਦਿਲ ਦੇ ਰੋਗਾਂ ਦੀਆਂ ਕਈ ਬਿਮਾਰੀਆਂ ਜਿਵੇਂ ਦਿਲ ਦੀ ਬਿਮਾਰੀ, ਦਿਲ ਦੇ ਫੇਲ੍ਹ ਹੋਣ, ਧੜਕਣ ਵਧਣ ਘਟਣ, ਬ੍ਰੇਨ ਸਟ੍ਰੋਕ ਅਤੇ ਉੱਚ ਰਕਤ ਚਾਪ (ਹਾਈ ਬਲੱਡ ਪ੍ਰੈੱਸ਼ਰ) ਹਵਾ ਦੇ ਪ੍ਰਦੂਸ਼ਣ ਨਾਲ ਜੁੜੀਆਂ ਹੋਈਆਂ ਹਨ। ਹਵਾ ਪ੍ਰਦੂਸ਼ਣ ਦੇ ਮਹੀਨ ਕਣਾਂ ਕਰ ਕੇ ਦਿਲ ਦੇ ਰੋਗਾਂ ਦੀਆਂ ਬਿਮਾਰੀਆਂ ਦਾ ਜੋਖ਼ਮ ਵਧ ਜਾਂਦਾ ਹੈ ਅਤੇ ਇਸ ਨਾਲ ਰਕਤ ਧਮਣੀਆਂ ਦੀਆਂ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਹਵਾ ਪ੍ਰਦੂਸ਼ਣ ਕਰ ਕੇ ਲੰਮੇ ਸਮੇਂ ਦੀ ਖਾਂਸੀ, ਦਮਾ ਅਤੇ ਸਾਹ ਲੈਣ ਵਿਚ ਦਿੱਕਤਾਂ (ਸੀਓਪੀਡੀ) ਵਧਦੀਆਂ ਹਨ। ਫ਼ਸਲੀ ਰਹਿੰਦ-ਖੂੰਹਦ ਦੀ ਸਾੜ-ਫੂਕ ਦੇ ਦਿਨਾਂ ਵਿਚ ਹਵਾ ਵਿਚਲੇ ਮਹੀਨ ਕਣਾਂ ਦਾ ਪੱਧਰ ਵਧਣ ਕਰ ਕੇ ਸਾਹ ਪ੍ਰਕਿਰਿਆ ਨਾਲ ਜੁੜੇ ਸਿਹਤ ਸਰੋਕਾਰ ਵਧ ਜਾਂਦੇ ਹਨ; ਖ਼ਾਸਕਰ ਬੱਚਿਆਂ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। ਮੁਕਾਮੀ ਵਸਨੀਕਾਂ ਨੂੰ ਖਾਸ ਤੌਰ ’ਤੇ ਆਸ-ਪਾਸ ਦੇ ਖੇਤਾਂ ਵਿਚ ਰਹਿਣ ਵਾਲੇ ਪਰਿਵਾਰਾਂ ਨੂੰ ਖੰਘ, ਅੱਖਾਂ ਵਿਚ ਜਲਣ, ਸਿਰ ਪੀੜ, ਚੱਕਰ ਆਉਣ ਅਤੇ ਸਾਹ ਦੀ ਐਲਰਜੀ ਜਿਹੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਤਰ ਪੱਛਮੀ ਭਾਰਤ ਵਿਚ ਪ੍ਰਦੂਸ਼ਣ ਦਾ ਪੱਧਰ ਵਧਣ ਕਰ ਕੇ ਹਰ ਸਾਲ ਹਜ਼ਾਰਾਂ ਬੇਵਕਤ ਮੌਤਾਂ ਹੁੰਦੀਆਂ ਹਨ ਅਤੇ ਲੱਖਾਂ ਲੋਕਾਂ ਨੂੰ ਦਮੇ ਵਰਗੀਆਂ ਹਾਲਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਹਵਾ ਪ੍ਰਦੂਸ਼ਣ ਕਰ ਕੇ ਦਿਮਾਗੀ ਤੰਤਰ ਦੇ ਵਿਸ਼ੈਲਾ ਹੋਣ (ਨਿਊਰੋਟੌਕਸਿਟੀ), ਕੈਂਸਰ ਪੈਦਾ ਕਰਨ ਵਾਲੇ ਕਾਰਕ, ਚਮੜੀ ਦੇ ਢਿੱਲਾ ਪੈਣ, ਚਮੜੀ ਦੇ ਕੈਂਸਰ ਅਤੇ ਨਵ-ਜਨਮੇ ਬੱਚਿਆਂ ਵਿਚ ਮਾਇਕ੍ਰੋਬਾਇਮੀ ਦੇ ਬਦਲਾਓ ਅਤੇ ਲਿਵਰ ਐਨਜ਼ਾਈਮ ਵਧਣ ਜਿਹੀਆਂ ਅਲਾਮਤਾਂ ਨਾਲ ਵੀ ਜੁੜਿਆ ਹੋਇਆ ਹੈ। ਭਾਰਤ ਵਿਚ ਫੇਫੜਿਆਂ ਦੇ ਕੈਂਸਰ ਦੇ ਕੇਸਾਂ ਅਤੇ ਬੈਂਜ਼ੋਐਪੀਰੀਨ ਘਣਤਾ ਵਿਚਕਾਰ ਵੀ ਸਬੰਧ ਲੱਭਿਆ ਹੈ।
ਇਸ ਲਈ ਹੁਣ ਅਜਿਹੀ ਬਹੁ-ਪਰਤੀ ਪਹੁੰਚ ਅਪਣਾਉਣ ਦੀ ਲੋੜ ਹੈ ਜੋ ਸਮੱਸਿਆ ਦੇ ਮੂਲ ਕਾਰਨਾਂ ਨੂੰ ਮੁਖ਼ਾਤਬ ਹੋਵੇ ਅਤੇ ਹੰਢਣਸਾਰ ਬਦਲਾਂ ਨੂੰ ਹੁਲਾਰਾ ਦਿੰਦੀ ਹੋਵੇ। ਬਦਲਾਓ, ਨੇਮਬੰਦੀ, ਸੁਗਮਤਾ ਅਤੇ ਵਿਹਾਰਕਤਾ ਜਿਸ ਨੂੰ ਸੰਖੇਪ ਵਿਚ ਕਰੌਪ (ਸੀਆਰਓਪੀ) ਦਾ ਨਾਂ ਦਿੱਤਾ ਗਿਆ ਹੈ, ਅਜਿਹੀ ਪਹਿਲ ਹੈ ਜੋ ਵਿਆਪਕ ਤੇ ਵਿਹਾਰਕ ਹੱਲ ਪੇਸ਼ ਕਰਦੀ ਹੈ। ਇਹ ਪਹੁੰਚ ਇਕੋ ਸਮੇਂ ਸਭਿਆਚਾਰਕ, ਕਾਨੂੰਨੀ, ਆਰਥਿਕ, ਵਾਤਾਵਰਨਕ, ਸਿਆਸੀ ਅਤੇ ਸਿਹਤ ਦੇ ਸਰੋਕਾਰਾਂ ਨੂੰ ਮੁਖ਼ਾਤਬ ਹੁੰਦੀ ਹੈ। ਇਹ ਪਹਿਲਕਦਮੀ ਫਸਲੀ ਰਹਿੰਦ-ਖੂੰਹਦ ਤੋਂ ਪ੍ਰਾਪਤ ਕੀਤੀ ਜਾਣ ਵਾਲੀ ਬਦਲਵੀਂ ਊਰਜਾ ਦੀ ਸੰਭਾਵਨਾ ਉਪਰ ਜ਼ੋਰ ਦਿੰਦੀ ਹੈ। ਜੈਵਿਕ ਮਾਦੇ ਨਾਲ ਭਰਪੂਰ ਫ਼ਸਲੀ ਰਹਿੰਦ-ਖੂੰਹਦ ਨੂੰ ਬਾਇਓ-ਆਚਾਰ ਜਾਂ ਜੈਵ-ਈਂਧਨ ਵਿਚ ਤਬਦੀਲ ਕੀਤਾ ਜਾ ਸਕਦਾ ਹੈ ਜੋ ਡੀਜ਼ਲ ਨਾਲੋਂ ਘੱਟ ਧੂੰਆਂ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਅਨਾਰੋਬਿਕ ਮਾਈਕ੍ਰੋਬਜ਼ ਨੂੰ ਬਾਇਓਮਾਸ ਵਿਚ ਤਬਦੀਲ ਕਰ ਕੇ ਉਚ ਊਰਜਾ ਵਾਲੀ ਗੈਸ ਪੈਦਾ ਕੀਤੀ ਜਾ ਸਕਦੀ ਹੈ ਜਿਸ ਨਾਲ ਇਕ ਬਦਲਵਾਂ ਅਤੇ ਨਵਿਆਉਣਯੋਗ ਊਰਜਾ ਸਰੋਤ ਮਿਲ ਸਕਦਾ ਹੈ।
ਫ਼ਸਲੀ ਰਹਿੰਦ-ਖੂੰਹਦ ਦੀ ਸਾੜ-ਫੂਕ ਤੋਂ ਰੋਕਥਾਮ ਲਈ ਕਾਨੂੰਨੀ ਚਾਰਾਜੋਈਆਂ ਕੀਤੀਆਂ ਗਈਆਂ ਹਨ ਪਰ ਇਨ੍ਹਾਂ ਦੇ ਕਾਰਗਰ ਹੋਣ ’ਤੇ ਸੰਦੇਹ ਬਣਿਆ ਹੋਇਆ ਹੈ। ‘ਕਰੌਪ’ ਪਹਿਲਕਦਮੀ ਨਾ ਕੇਵਲ ਵਿਆਪਕ ਜਾਇਜ਼ਾ ਸਗੋਂ ਕਾਨੂੰਨੀ ਅਤੇ ਨਿਗਰਾਨੀ ਦੇ ਉਪਰਾਲਿਆਂ ਨੂੰ ਮਜ਼ਬੂਤ ਕਰਨ ਦਾ ਵੀ ਸੁਝਾਅ ਦਿੰਦੀ ਹੈ; ਜੇ ਸੰਭਵ ਹੋਵੇ ਤਾਂ ਇਸ ਮੰਤਵ ਲਈ ਖੇਤੀਬਾੜੀ ਮੰਤਰਾਲੇ ਅਧੀਨ ਵਿਸ਼ੇਸ਼ ਸੰਸਥਾ ਬਣਾਈ ਜਾਵੇ। ਹੈਪੀ ਸੀਡਰ ਕੁਸ਼ਲ ਅਤੇ ਵਾਤਾਵਰਨ ਪੱਖੀ ਮਸ਼ੀਨ ਹੈ ਜੋ ਇਸ ਦਾ ਸੰਭਾਵੀ ਹੱਲ ਬਣ ਸਕਦੀ ਹੈ ਜਿਸ ਨੂੰ ਪਰਾਲੀ ਕੱਟ ਕੇ ਚੁੱਕਣ ਅਤੇ ਉਸੇ ਸਮੇਂ ਬਿਜਾਈ ਕਰਨ ਲਈ ਵਰਤਿਆ ਜਾ ਸਕਦਾ ਹੈ। ਉਂਝ, ਆਰਥਿਕ ਅਤੇ ਵਿਹਾਰਕ ਰੋਕਾਂ ਕਰ ਕੇ ਇਸ ਤਕਨਾਲੋਜੀ ਨੂੰ ਵੱਡੇ ਪੱਧਰ ’ਤੇ ਅਮਲ ਵਿਚ ਨਹੀਂ ਲਿਆਂਦਾ ਜਾ ਸਕਦਾ।
ਮੁਢਲੇ ਅਤੇ ਦੋਇਮ ਦਰਜੇ ਦੀ ਰੋਕਥਾਮ ਦੇ ਉਪਰਾਲੇ ਵੀ ਜ਼ਰੂਰੀ ਹਨ। ਇਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੂੰ ਵੱਖ ਵੱਖ ਚੈਨਲਾਂ ਰਾਹੀਂ ਉਨ੍ਹਾਂ ਦੀ ਸਿਹਤ ਉਪਰ ਪ੍ਰਦੂਸ਼ਣ ਦੇ ਪ੍ਰਭਾਵਾਂ ਅਤੇ ਇਸ ਦੇ ਬਦਲਾਂ ਬਾਰੇ ਜਾਗਰੂਕ ਕਰਾਉਣਾ ਵੀ ਅਹਿਮ ਹੋਵੇਗਾ। ਸਰਕਾਰੀ ਅਤੇ ਪ੍ਰਾਈਵੇਟ ਖੇਤਰਾਂ ਦੀਆਂ ਸਬੰਧਿਤ ਧਿਰਾਂ, ਸਿਆਸਤਦਾਨਾ, ਭਾਈਚਾਰਕ ਆਗੂਆਂ, ਡਾਕਟਰਾਂ ਅਤੇ ਕਿਸਾਨਾਂ ਨੂੰ ਇਕਜੁੱਟ ਹੋ ਕੇ ਕਾਰਗਰ ਢੰਗ ਨਾਲ ਜਾਣਕਾਰੀ ਫੈਲਾਉਣੀ ਪਵੇਗੀ। ਜਿ਼ਆਦਾ ਪ੍ਰਦੂਸ਼ਣ ਦੇ ਦਿਨਾਂ ਵਿਚ ਘਰ ਤੋਂ ਬਾਹਰ ਦੀ ਸਰਗਰਮੀ ਘਟਾਉਣ ਅਤੇ ਇਨਡੋਰ ਹਵਾ ਸ਼ੁੱਧੀਕਰਨ ਸਿਸਟਮਾਂ ਦੀ ਵਰਤੋਂ ਜਿਹੀਆਂ ਫੌਰੀ ਬਚਾਓ ਰਣਨੀਤੀਆਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ।
ਭਾਰਤ ਜਿਹੇ ਬਹੁਭਾਂਤੇ ਅਤੇ ਲੋਕਰਾਜੀ ਮੁਲਕਾਂ ਵਿਚ ‘ਕਰੌਪ’ ਪਹਿਲਕਦਮੀ ਦੇ ਅਮਲ ਨਾਲ ਜੁੜੀਆਂ ਹੋਈਆਂ ਚੁਣੌਤੀਆਂ ਦੇ ਬਾਵਜੂਦ ਇਸ ਦੇ ਸੰਭਾਵੀ ਫਾਇਦਿਆਂ ਸਦਕਾ ਇਹ ਸਾਰਥਕ ਨਿਵੇਸ਼ ਜਾਪਦੀ ਹੈ। ਟਕਰਾਵੇਂ ਹਿਤਾਂ ਨੂੰ ਮੁਖ਼ਾਤਬ ਹੁੰਦਿਆਂ ਅਤੇ ਸਬੰਧਿਤ ਧਿਰਾਂ, ਖ਼ਾਸਕਰ ਸ਼ਕਤੀਸ਼ਾਲੀ ਖੇਤੀ ਲੌਬੀ ਦਰਮਿਆਨ ਵਡੇਰੀ ਸਹਿਮਤੀ ਬਣਾਉਣਾ ਚੁਣੌਤੀਪੂਰਨ ਕੰਮ ਹੋ ਸਕਦਾ ਹੈ ਪਰ ਫ਼ਸਲੀ ਰਹਿੰਦ-ਖੂੰਹਦ ਦੀ ਸਾੜ-ਫੂਕ ਨੂੰ ਰੋਕਣ ਲਈ ਇਸ ਦੀ ਸਫਲਤਾ ਅਹਿਮ ਹੈ।
ਆਖਿ਼ਰੀ ਗੱਲ, ਭਾਰਤ ਵਿਚ ਫ਼ਸਲੀ ਰਹਿੰਦ-ਖੂੰਹਦ ਦੀ ਸਾੜ-ਫੂਕ ਜਨਤਕ ਸਿਹਤ ਦਾ ਮੁਕਾਮੀ, ਖੇਤਰੀ ਅਤੇ ਕੌਮਾਂਤਰੀ ਸਰੋਕਾਰ ਹੈ। ਫ਼ਸਲੀ ਰਹਿੰਦ-ਖੂੰਹਦ ਦੀ ਬੇਤਹਾਸ਼ਾ ਪੈਦਾਵਾਰ ਅਤੇ ਇਸ ਦੀ ਸਾੜ-ਫੂਕ ਕਰ ਕੇ ਸਿਹਤ ਲਈ ਪੈਦਾ ਹੋਣ ਵਾਲੀਆਂ ਗੁੰਝਲਾਂ ਬਹੁਤ ਚਿੰਤਾਜਨਕ ਹਨ। ਦਿਲ ਅਤੇ ਸਾਹ ਨਾਲੀ ਉਪਰ ਪੈਣ ਵਾਲੇ ਅਸਰ ਸਭ ਤੋਂ ਅਹਿਮ ਹਨ ਅਤੇ ਇਸ ਕਰ ਕੇ ਦਿਲ ਦੀਆਂ ਧਮਣੀਆਂ, ਖੂਨ ਦੀਆਂ ਨਾਲੀਆਂ ਵਿਚ ਰੁਕਾਵਟ, ਦਿਲ ਫੇਲ੍ਹ ਹੋਣ, ਸਟ੍ਰੋਕ, ਸੀਓਪੀਡੀ ਅਤੇ ਦਮੇ ਕਰ ਕੇ ਹੋਣ ਵਾਲੀਆਂ ਮੌਤਾਂ ਦੀ ਤਾਦਾਦ ਕਾਫ਼ੀ ਗਿਣਨਯੋਗ ਹੈ। ‘ਕਰੌਪ’ ਪਹਿਲ ਦੇ ਚਾਰ ਪਹਿਲੂਆਂ ਉਪਰ ਇਕੋ ਸਮੇਂ ਅਮਲ ਹੋਣ ਨਾਲ ਦੇਸ਼ ਅੰਦਰ ਫ਼ਸਲੀ ਰਹਿੰਦ-ਖੂੰਹਦ ਨੂੰ ਘਟਾਉਣ ਦੀ ਆਸ ਕੀਤੀ ਜਾ ਸਕਦੀ ਹੈ।
ਇਸ ਪਹਿਲ ਨਾਲ ਰਾਹ ’ਚ ਕਈ ਰੋਕਾਂ ਆਉਣ ਦਾ ਖ਼ਦਸ਼ਾ ਹੈ; ਫਿਰ ਵੀ ਭਵਿੱਖ ਵਿਚ ਅਪੰਗਤਾ ਦੀ ਰੋਕਥਾਮ ਅਤੇ ਆਰਥਿਕ ਅਸਰ ਨੂੰ ਸੀਮਤ ਕਰਨ ਲਈ ਫੌਰੀ ਕਦਮਾਂ ਦੀ ਲੋੜ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਹੋ ਜਿਹੀਆਂ ਪਹਿਲਾਂ ਲਈ ਫੰਡ ਦੇਣ ਉਪਰ ਵਿਚਾਰ ਕਰਨੀ ਚਾਹੀਦੀ ਹੈ ਤਾਂ ਕਿ ਭਾਰਤ ਦੇ ਖੇਤੀਬਾੜੀ ਸੈਕਟਰ ਦੀ ਦੀਰਘਕਾਲੀ ਪਾਏਦਾਰੀ ਵਾਸਤੇ ਇਨ੍ਹਾਂ ਉਪਰਾਲਿਆਂ ਦਾ ਕਾਰਗਰ ਅਮਲ ਯਕੀਨੀ ਬਣਾਇਆ ਜਾ ਸਕੇ।
*ਲੇਖਕ ਲਿਊਮਨ ਫਾਊਂਡੇਸ਼ਨ (ਯੂਐੱਸ) ਦੇ ਕ੍ਰਮਵਾਰ ਚੇਅਰਮੈਨ ਅਤੇ ਰਿਸਰਚ ਫੈਲੋ ਹਨ।