ਕਲੈਟ 2025: ਨਤੀਜਿਆਂ ਖ਼ਿਲਾਫ਼ ਅਰਜ਼ੀਆਂ ਦਿੱਲੀ ਹਾਈ ਕੋਰਟ ’ਚ ਤਬਦੀਲ
ਨਵੀਂ ਦਿੱਲੀ, 6 ਫਰਵਰੀ
ਸੁਪਰੀਮ ਕੋਰਟ ਨੇ ਕਾਮਨ ਲਾਅ ਐਡਮਿਸ਼ਨ ਟੈਸਟ (ਕਲੈਟ) ਦੇ ਨਤੀਜਿਆਂ ਨੂੰ ਵੱਖ ਵੱਖ ਹਾਈ ਕੋਰਟਾਂ ’ਚ ਚੁਣੌਤੀ ਦੇਣ ਵਾਲੀਆਂ ਸਾਰੀਆਂ ਅਰਜ਼ੀਆਂ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਕੋਲ ਤਬਦੀਲ ਕਰ ਦਿੱਤੀਆਂ ਹਨ। ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਤੇ ਕੇਵੀ ਵਿਸ਼ਵਨਾਥਣ ’ਤੇ ਆਧਾਰਿਤ ਬੈਂਚ ਨੇ ਹੁਕਮ ਦਿੱਤਾ ਕਿ ਹਾਈ ਕੋਰਟ ਦਾ ਡਿਵੀਜ਼ਨ ਬੈਂਚ ਸਾਰੀਆਂ ਅਰਜ਼ੀਆਂ ’ਤੇ 3 ਮਾਰਚ ਨੂੰ ਸੁਣਵਾਈ ਕਰੇਗਾ। ਸਿਖਰਲੀ ਅਦਾਲਤ ਨੇ ਬੰਬੇ, ਕਰਨਾਟਕ, ਪੰਜਾਬ ਤੇ ਹਰਿਆਣਾ, ਮੱਧ ਪ੍ਰਦੇਸ਼ ਅਤੇ ਕਲਕੱਤਾ ਸਮੇਤ ਕਈ ਹਾਈ ਕੋਰਟਾਂ ਦੇ ਰਜਿਸਟਰਾਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਬਕਾਇਆ ਮਾਮਲਿਆਂ ਦਾ ਰਿਕਾਰਡ ਸੱਤ ਦਿਨਾਂ ਦੇ ਅੰਦਰ ਦਿੱਲੀ ਹਾਈ ਕੋਰਟ ਕੋਲ ਤਬਦੀਲ ਕਰਨ। ਬੈਂਚ ਨੇ 15 ਜਨਵਰੀ ਨੂੰ ਸੰਕੇਤ ਦਿੱਤਾ ਸੀ ਕਿ ਉਹ ਸਾਰੀਆਂ ਅਰਜ਼ੀਆਂ ਨੂੰ ਇਕ ਹਾਈ ਕੋਰਟ ’ਚ ਤਬਦੀਲ ਕਰੇਗਾ ਅਤੇ ਇਸ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ। ਦੇਸ਼ ਦੀਆਂ ਵੱਖ ਵੱਖ ਲਾਅ ਯੂਨੀਵਰਸਿਟੀਆਂ ’ਚ ਅੰਡਰ ਗ੍ਰੈਜੁਏਟ ਅਤੇ ਪੋਸਟ ਗ੍ਰੈਜੁਏਟ ਕੋਰਸਾਂ ’ਚ ਦਾਖ਼ਲੇ ਲਈ ਪਹਿਲੀ ਦਸੰਬਰ 2024 ਨੂੰ ਕਲੈਟ ਹੋਈ ਸੀ। ਵੱਖ ਵੱਖ ਹਾਈ ਕੋਰਟਾਂ ’ਚ ਦਾਖ਼ਲ ਕਈ ਅਰਜ਼ੀਆਂ ’ਚ ਦੋਸ਼ ਲਾਇਆ ਗਿਆ ਕਿ ਪ੍ਰੀਖਿਆ ’ਚ ਕਈ ਸਵਾਲ ਗਲਤ ਪਾਏ ਗਏ ਸਨ। ਚੀਫ਼ ਜਸਟਿਸ ਨੇ ਕਿਹਾ ਕਿ ਸਾਰੀਆਂ ਪਟੀਸ਼ਨਾਂ ਇਕ ਹਾਈ ਕੋਰਟ ਦੇ ਹਵਾਲੇ ਕਰਨ ਨਾਲ ਮਾਮਲੇ ਦਾ ਤੇਜ਼ੀ ਨਾਲ ਇਕਸਾਰ ਫ਼ੈਸਲਾ ਹੋਵੇਗਾ। -ਪੀਟੀਆਈ