ਗਿਆਰ੍ਹਵੀਂ ਜਮਾਤ: ਮੋਹਰੀ ਸਕੂਲਾਂ ਵਿੱਚ ਦਾਖਲਾ ਮਿਲਣਾ ਮੁਸ਼ਕਲ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 25 ਜੁਲਾਈ
ਯੂਟੀ ਦੇ ਮੋਹਰੀ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਦੇ ਦਾਖਲੇ ਲਈ ਇਸ ਵਾਰ ਵਿਦਿਆਰਥੀਆਂ ਨੂੰ ਅਸਾਨੀ ਨਾਲ ਦਾਖਲਾ ਮਿਲਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਇਸ ਵਾਰ ਦਸਵੀਂ ਦਾ ਨਤੀਜਾ ਚੰਗਾ ਆਇਆ ਹੈ ਜਿਸ ਕਾਰਨ ਗਿਆਰ੍ਹਵੀਂ ਜਮਾਤ ਵਿਚ ਮੈਰਿਟ ਉੱਚੀ ਜਾਣ ਦੀ ਸੰਭਾਵਨਾ ਹੈ। ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਇਸ ਵਾਰ ਵਿਦਿਆਰਥੀਆਂ ਨੂੰ 12500 ਸੀਟਾਂ ਲਈ ਦਾਖਲੇ ਮਿਲਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ 3 ਅਗਸਤ ਤਕ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਹੈ। 7 ਅਗਸਤ ਨੂੰ ਵਿਦਿਆਰਥੀਆਂ ਦੀ ਪ੍ਰੋਵਿਜ਼ਨਲ ਲਿਸਟ ਪ੍ਰਦਰਸ਼ਿਤ ਕੀਤੀ ਜਾਵੇਗੀ ਜਿਸ ਲਈ ਇਤਰਾਜ਼ ਉਸੇ ਦਨਿ ਸ਼ਾਮ ਤਕ ਦਿੱਤੇ ਜਾ ਸਕਦੇ ਹਨ। ਡਾਇਰੈਕਟਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਘੱੱਟੋ ਘੱਟ ਦਸ ਸਕੂਲਾਂ ਦੀ ਆਪਸ਼ਨ ਭਰਨੀ ਜ਼ਰੂਰੀ ਹੋਵੇਗੀ। ਜੇ ਕਿਸੇ ਨੂੰ ਆਨਲਾਈਨ ਫਾਰਮ ਭਰਨ ਲਈ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ 20 ਸਰਕਾਰੀ ਸਕੂਲਾਂ ਵਿੱਚ ਜਾ ਕੇ ਫਾਰਮ ਭਰਵਾਉਣ ਲਈ ਮਦਦ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਖਾਸ ਸਕੂਲਾਂ ਵਿਚ ਦਾਖਲੇ ਲੈਣ ਲਈ ਵੱਧ ਤੋਂ ਵੱਧ 20 ਸਕੂਲਾਂ ਦੇ ਨਾਂ ਭਰ ਸਕਦੇ ਹਨ। ਪਿਛਲੇ ਸਾਲ ਦੇ ਰਿਕਾਰਡ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਵਿਦਿਆਰਥੀ ਪੂਰੇ 20 ਸਕੂਲਾਂ ਦੀ ਆਪਸ਼ਨ ਨਹੀਂ ਭਰਦੇ ਜਿਸ ਕਾਰਨ ਉਨ੍ਹਾਂ ਦੀ ਪਹਿਲੀ ਕਾਊਂਸਲਿੰਗ ਵਿਚ ਵਾਰੀ ਨਹੀਂ ਆਉਂਦੀ। ਇਸ ਕਰਕੇ ‘ਪੰਜਾਬੀ ਟ੍ਰਬਿਿਊਨ’ ਵਲੋਂ ਵਿਦਿਆਰਥੀਆਂ ਦੀ ਸਹੂਲਤ ਲਈ ਪਿਛਲੇ ਸਾਲ ਦੀ ਕਟ-ਆਫ ਲਿਸਟ ਦੀ ਸੂਚੀ ਜਾਰੀ ਕੀਤੀ ਗਈ ਹੈ ਕਿ ਤਾਂ ਕਿ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਦਾਖਲਾ ਲੈਣ ਲਈ ਕੋਈ ਪ੍ਰੇਸ਼ਾਨੀ ਨਾ ਹੋਵੇ।
ਨਰਸਰੀ ਤੋਂ ਅੱਠਵੀਂ ਜਮਾਤ ਤਕ ਦਾਖਲੇ ਹੋਣਗੇ ਆਨਲਾਈਨ
ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ ਸਰਕਾਰੀ ਸਕੂਲਾਂ ਵਿਚ ਨਰਸਰੀ ਤੋਂ ਅੱਠਵੀਂ ਜਮਾਤ ਲਈ ਦਾਖਲਾ ਪ੍ਰਕਿਰਿਆ ਦਾ ਵੇਰਵਾ ਜਾਰੀ ਕੀਤਾ ਹੈ। ਇਨ੍ਹਾਂ ਜਮਾਤਾਂ ਲਈ ਪਹਿਲੀ ਵਾਰ ਦਾਖਲੇ ਆਨਲਾਈਨ ਹੋਣਗੇ। ਇਸ ਲਈ ਵਿਦਿਆਰਥੀ 31 ਜੁਲਾਈ ਤੋਂ 14 ਅਗਸਤ ਤਕ ਦਾਖਲਾ ਫਾਰਮ ਅਪਲੋਡ ਕਰ ਸਕਦੇ ਹਨ। ਇਸ ਵਾਰ ਇਕ ਸਰਕਾਰੀ ਸਕੂਲ ਦਾ ਵਿਦਿਆਰਥੀ ਦੂਜੇ ਸਰਕਾਰੀ ਸਕੂਲ ਵਿਚ ਦਾਖਲਾ ਨਹੀਂ ਲੈ ਸਕੇਗਾ। ਇਸ ਵਾਰ ਸਰਕਾਰੀ ਸਕੂਲਾਂ ਵਿਚ ਲਗਪਗ 10,000 ਸੀਟਾਂ ਖਾਲੀ ਪਈਆਂ ਹਨ ਪਰ ਨੇੜਲੇ ਸੈਕਟਰਾਂ ਵਿਚ ਰਹਿੰਦੇ ਵਿਦਿਆਰਥੀਆਂ ਨੂੰ ਹੀ ਉਸ ਖੇਤਰ ਦੇ ਸਕੂਲਾਂ ਵਿਚ ਤਰਜੀਹ ਦਿੱਤੀ ਜਾਵੇਗੀ। ਵਿਭਾਗ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਸਕੂਲਾਂ ਵਿਚ ਖਾਲੀ ਪਈਆਂ ਸੀਟਾਂ ਦੀ ਜਾਣਕਾਰੀ ਵਿਭਾਗ ਦੀ ਵੈਬਸਾਈਟ ਸੀਐਚਡੀਐਜੂਕੇਸ਼ਨ ਡਾਟ ਗੋਵ ਡਾਟ ਇਨ ‘ਤੇ 27 ਜੁਲਾਈ ਨੂੰ ਉਪਲਬਧ ਕਰਵਾ ਦਿੱਤੀ ਜਾਵੇਗੀ।