ਬਾਜਵਾ ਤੇ ਵਡਾਲਾ ਵਿੱਚ ਹੋਈ ਨੋਕ-ਝੋਕ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 27 ਅਕਤੂਬਰ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਵਿਚ ਅੱਜ ਜਨਤਕ ਤੌਰ ’ਤੇ ਤਿੱਖੀ ਨੋਕ ਝੋਕ ਹੋ ਗਈ। ਅਸਲ ਵਿਚ ਅੱਜ ਆਲੋਵਾਲ ਵਿੱਚ ਸਾਬਕਾ ਆਈਜੀ ਰਣਬੀਰ ਸਿੰਘ ਖੱਟੜਾ ਦੇ ਮਾਤਾ ਦੇ ਭੋਗ ਸਮਾਗਮ ਵਿੱਚ ਦੋਵੇਂ ਆਗੂ ਸ਼ਾਮਲ ਹੋਏ ਸਨ। ਇਸ ਦੌਰਾਨ ਸ਼ਰਧਾਂਜਲੀ ਭੇਟ ਕਰਨ ਮੌਕੇ ਗੁਰਪ੍ਰਤਾਪ ਸਿੰਘ ਵਡਾਲਾ ਦੀ ਵਾਰੀ ਸਭ ਤੋਂ ਪਹਿਲਾਂ ਆ ਗਈ। ਉਨ੍ਹਾਂ ਮਾਤਾ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਸਿਆਸੀ ਗੱਲ ਛੇੜ ਲਈ ਤੇ ਖੱਟੜਾ ਨੂੰ ਕਹਿ ਦਿੱਤਾ ਤੁਹਾਨੂੰ ਕਾਂਗਰਸੀ ਦੀ ਥਾਂ ਅਕਾਲੀ ਦਲ ਸੁਧਾਰ ਲਹਿਰ ਵਾਲੇ ਪਾਸੇ ਖੜ੍ਹਨਾ ਚਾਹੀਦਾ ਸੀ। ਮਗਰੋਂ ਪ੍ਰਤਾਪ ਸਿੰਘ ਬਾਜਵਾ ਦੀ ਵਾਰੀ ਆਈ ਤਾਂ ਉਨ੍ਹਾਂ ਵਡਾਲਾ ਧੜੇ ’ਤੇ ਪਾਟੋਧਾੜ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਨਾਲ ਹੀ ਕਿਹਾ ਕਿ ਪਾਰਟੀਆਂ ਨਾਲੋਂ ਸਭ ਤੋਂ ਜ਼ਿਆਦਾ ਜ਼ਰੂਰੀ ਪੰਜਾਬ ਨੂੰ ਬਚਾਉਣਾ ਹੈ। ਇਸ ਵੇਲੇ ਬਜ਼ੁਰਗ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ ਅਤੇ ਸਰਕਾਰ ਚਲਾਉਣ ਵਾਲੇ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਏ ਹਨ। ਇਸ ਲਈ ਸਾਨੂੰ ਸਭ ਨੂੰ ਇੱਕਜੁਟ ਹੋ ਕੇ ਪਹਿਲਾਂ ਪੰਜਾਬ ਨੂੰ ਬਚਾਉਣਾ ਚਾਹੀਦਾ ਹੈ।
ਇਸ ਵਾਰ ਬਣੇਗੀ ਬੀਬੀ ਜਗੀਰ ਕੌਰ ਪ੍ਰਧਾਨ : ਵਡਾਲਾ
ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਇਸ ਵਾਰ ਬੀਬੀ ਜਗੀਰ ਕੌਰ 28 ਅਕਤੂਬਰ ਨੂੰ ਹੋਣ ਵਾਲੀ ਚੋਣ ਵਿਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣਨ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਬਾਬਾ ਸਰਬਜੋਤ ਸਿੰਘ ਬੇਦੀ ਨੂੰ ਮੁਖ਼ਾਤਬ ਹੁੰਦਿਆਂ ਉਨ੍ਹਾਂ ਕਿਹਾ ਕਿ ਭਲਕੇ ਜਿੱਤ ਬੀਬੀ ਜਗੀਰ ਕੌਰ ਦੀ ਹੋਵੇਗੀ ਜਿਸ ਮਗਰੋਂ ਸ਼੍ਰੋਮਣੀ ਕਮੇਟੀ ਸੰਤਾਂ ਮਹਾਂਪੁਰਖਾਂ ਨਾਲ ਮਿਲ ਕੇ ਪੰਥ ਦੀ ਸੇਵਾ ਕਰੇਗੀ।