ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਸਦ ਦੇ ਬਾਹਰ ਵਿਰੋਧੀ ਧਿਰ ਅਤੇ ਐੱਨਡੀਏ ਮੈਂਬਰਾਂ ’ਚ ਧੱਕਾ-ਮੁੱਕੀ

06:05 AM Dec 20, 2024 IST
ਕਾਂਗਰਸੀ ਆਗੂ ਰਾਹੁਲ ਗਾਂਧੀ ਜ਼ਖਮੀ ਹੋਏ ਭਾਜਪਾ ਸੰਸਦ ਮੈਂਬਰ ਪ੍ਰਤਾਪ ਚੰਦਰ ਸਾਰੰਗੀ ਕੋਲ ਖੜ੍ਹੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ, 19 ਦਸੰਬਰ
ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਕਥਿਤ ਅਪਮਾਨ ਦੇ ਮੁੱਦੇ ’ਤੇ ਅੱਜ ਸੰਸਦੀ ਕੰਪਲੈਕਸ ’ਚ ਵਿਰੋਧੀ ਧਿਰ ਅਤੇ ਹੁਕਮਰਾਨ ਐੱਨਡੀਏ ਦੇ ਆਗੂ ਆਹਮੋ-ਸਾਹਮਣੇ ਆ ਗਏ ਅਤੇ ਉਨ੍ਹਾਂ ਵਿਚਕਾਰ ਧੱਕਾ-ਮੁੱਕੀ ਹੋਈ। ਧੱਕਾ-ਮੁੱਕੀ ਦੌਰਾਨ ਭਾਜਪਾ ਦੇ ਦੋ ਸੰਸਦ ਮੈਂਬਰ ਮੁਕੇਸ਼ ਰਾਜਪੂਤ ਅਤੇ ਪ੍ਰਤਾਪ ਚੰਦਰ ਸਾਰੰਗੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਆਰਐੱਮਐੱਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਧਰ ਭਾਜਪਾ ਦੀ ਇਕ ਮਹਿਲਾ ਸੰਸਦ ਮੈਂਬਰ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਉਸ ਨਾਲ ‘ਦੁਰਵਿਹਾਰ’ ਕਰਨ ਦਾ ਦੋਸ਼ ਲਾਇਆ ਹੈ। ਭਾਜਪਾ ਨੇ ਦੋਸ਼ ਲਾਇਆ ਹੈ ਕਿ ਰਾਹੁਲ ਨੇ ਇਕ ਸੰਸਦ ਮੈਂਬਰ ਨੂੰ ਧੱਕਾ ਦਿੱਤਾ ਸੀ ਜਿਸ ਮਗਰੋਂ ਉਸ ਦੇ ਦੋ ਆਗੂਆਂ ਨੂੰ ਸੱਟਾਂ ਲੱਗੀਆਂ ਹਨ ਪਰ ਰਾਹੁਲ ਨੇ ਦੋਸ਼ ਨਕਾਰਦਿਆਂ ਕਿਹਾ ਕਿ ਸਗੋਂ ਉਨ੍ਹਾਂ ਨੂੰ ਹੁਕਮਰਾਨ ਧਿਰ ਦੇ ਇਕ ਮੈਂਬਰ ਨੇ ਧੱਕਾ ਮਾਰਿਆ ਸੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਪ੍ਰਦਰਸ਼ਨ ਕਰ ਰਹੇ ਭਾਜਪਾ ਮੈਂਬਰਾਂ ’ਤੇ ਧੱਕਾ ਮਾਰਨ ਦਾ ਦੋਸ਼ ਲਾਇਆ ਹੈ ਜਿਸ ਕਾਰਨ ਉਨ੍ਹਾਂ ਨੂੰ ਗੋਡਿਆਂ ’ਤੇ ਸੱਟ ਲੱਗੀ ਹੈ। ਦੋਵੇਂ ਧਿਰਾਂ ਨੇ ਪਾਰਲੀਮੈਂਟ ਸਟਰੀਟ ਪੁਲੀਸ ਸਟੇਸ਼ਨ ’ਚ ਇਕ-ਦੂਜੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ । ਇਸ ਦੌਰਾਨ ਪੁਲੀਸ ਨੇ ਰਾਹੁਲ ਗਾਂਧੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਲੋਕ ਸਭਾ ਸਪੀਕਰ ਅਤੇ ਰਾਜ ਸਭਾ ਚੇਅਰਮੈਨ ਕੋਲ ਵੀ ਇਕ-ਦੂਜੇ ਖ਼ਿਲਾਫ਼ ਸ਼ਿਕਾਇਤ ਕੀਤੀ ਹੈ। ਲੋਕ ਸਭਾ ਸਪੀਕਰ ਨੇ ਸੰਸਦ ਦੇ ਮੁੱਖ ਦੁਆਰ ਅਗੇ ਮੈਂਬਰਾਂ ਦੇ ਪ੍ਰਦਰਸ਼ਨ ’ਤੇ ਰੋਕ ਲਗਾ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਖ਼ਮੀ ਹੋਣ ਵਾਲੇ ਭਾਜਪਾ ਦੇ ਸੰਸਦ ਮੈਂਬਰਾਂ ਮੁਕੇਸ਼ ਰਾਜਪੂਤ ਅਤੇ ਪ੍ਰਤਾਪ ਚੰਦਰ ਸਾਰੰਗੀ ਨਾਲ ਫੋਨ ’ਤੇ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਆਰਐੱਮਐੱਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਅਜੈ ਸ਼ੁਕਲਾ ਨੇ ਕਿਹਾ ਕਿ ਦੋਵੇਂ ਆਗੂਆਂ ਨੂੰ ਸਿਰ ’ਤੇ ਸੱਟਾਂ ਲੱਗੀਆਂ ਹਨ। ਭਾਜਪਾ ਆਗੂ ਅਨੁਰਾਗ ਠਾਕੁਰ ਨੇ ਕਿਹਾ ਕਿ ਉਨ੍ਹਾਂ ਹਮਲੇ ਅਤੇ ਭੜਕਾਹਟ ਪੈਦਾ ਕਰਨ ਦੇ ਦੋਸ਼ ਹੇਠ ਰਾਹੁਲ ਗਾਂਧੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਭਾਜਪਾ ਦੀ ਅਗਵਾਈ ਹੇਠਲੇ ਹੁਕਮਰਾਨ ਐੱਨਡੀਏ ਦੇ ਵੱਡੀ ਗਿਣਤੀ ਸੰਸਦ ਮੈਂਬਰਾਂ ਵੱਲੋਂ ਸੰਸਦ ਦੇ ‘ਮਕਰ ਦਵਾਰ’ ਦੀਆਂ ਪੌੜੀਆਂ ’ਤੇ ਕਾਂਗਰਸ ਵੱਲੋ ਅੰਬੇਡਕਰ ਦੇ ਕੀਤੇ ਗਏ ਅਪਮਾਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਦਕਿ ਕਾਂਗਰਸ ਅਤੇ ਉਸ ਦੇ ਭਾਈਵਾਲ ਸੰਸਦ ਮੈਂਬਰਾਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੰਬੇਡਕਰ ਬਾਰੇ ਬਿਆਨ ’ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਭਾਜਪਾ ਆਗੂਆਂ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ, ਜਿਨ੍ਹਾਂ ਨੇ ਨੀਲੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਸੀ ਨੇ ਇਕ ਪਾਸੇ ਤੋਂ ਸੰਸਦ ਅੰਦਰ ਦਾਖ਼ਲ ਹੋਣ ਦੀ ਬਜਾਏ ਪੌੜੀਆਂ ਦੇ ਐਨ ਵਿਚਕਾਰੋਂ ਜਾਣ ਦੀ ਕੋਸ਼ਿਸ਼ ਕੀਤੀ ਜਿਥੇ ਉਹ ਖੜ੍ਹੇ ਸਨ ਜਿਸ ਕਾਰਨ ਧੱਕਾ-ਮੁੱਕੀ ਹੋਈ। ਉਂਜ ਵਿਰੋਧੀ ਧਿਰਾਂ ਦੇ ਕੁਝ ਸੰਸਦ ਮੈਂਬਰਾਂ ਨੇ ਦਾਅਵਾ ਕੀਤਾ ਕਿ ਭਾਜਪਾ ਆਗੂਆਂ ਨੇ ਰਾਹੁਲ ਗਾਂਧੀ ਨੂੰ ਸੰਸਦ ਦੀ ਕਾਰਵਾਈ ’ਚ ਸ਼ਾਮਲ ਹੋਣ ਤੋਂ ਰੋਕਿਆ ਸੀ।

Advertisement

ਭਾਜਪਾ ਦੇ ਸੰਸਦ ਮੈਂਬਰਾਂ ਦੇ ਰੋਸ ਪ੍ਰਦਰਸ਼ਨ ਦਰਮਿਆਨ ਸੰਸਦ ਭਵਨ ਪਹੁੰਚਦੇ ਹੋਏ ਕਾਂਗਰਸੀ ਆਗੂ ਰਾਹੁਲ ਗਾਂਧੀ। -ਫੋਟੋ: ਏਐੱਨਆਈ

ਭਾਜਪਾ ਮੈਂਬਰਾਂ ਦੇ ਦੋਸ਼ ਨਕਾਰਦਿਆਂ ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਮੈਂ ਸੰਸਦ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਭਾਜਪਾ ਮੈਂਬਰਾਂ ਨੇ ਮੈਨੂੰ ਰੋਕਿਆ, ਧੱਕਾ ਮਾਰਿਆ ਅਤੇ ਧਮਕੀ ਦਿੱਤੀ।’’ ਇਹ ਘਟਨਾ ਦੋਵੇਂ ਸਦਨਾਂ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਵਾਪਰੀ। ਭਾਜਪਾ ਮੈਂਬਰ ਨਿਸ਼ੀਕਾਂਤ ਦੂਬੇ ਨੇ 69 ਵਰ੍ਹਿਆਂ ਦੇ ਸਾਰੰਗੀ ਨੂੰ ਧੱਕਾ ਮਾਰਨ ਦੇ ਦੋਸ਼ ਲਾਏ। ਰੋਹ ’ਚ ਆਏ ਦੂਬੇ ਨੇ ਰਾਹੁਲ ਗਾਂਧੀ ਨੂੰ ਕਿਹਾ, ‘‘ਕੀ ਰਾਹੁਲ ਤੈਨੂੰ ਸ਼ਰਮ ਨਹੀਂ ਆਉਂਦੀ। ਤੂੰ ਗੁੰਡਾਗਰਦੀ ਕਰ ਰਿਹਾ ਹੈ। ਤੂੰ ਇਕ ਵੱਡੀ ਉਮਰ ਦੇ ਆਗੂ ਨੂੰ ਧੱਕਾ ਮਾਰਿਆ ਹੈ।’’ ਇਸ ’ਤੇ ਰਾਹੁਲ ਨੇ ਸਾਰੰਗੀ ਵੱਲ ਜਾਂਦਿਆਂ ਦੂਬੇ ਨੂੰ ਜਵਾਬ ਦਿੱਤਾ, ‘‘ਉਨ੍ਹਾਂ ਮੈਨੂੰ ਧੱਕਾ ਮਾਰਿਆ ਹੈ।’’ ਮੱਥੇ ’ਤੇ ਸੱਟ ਲੱਗਣ ਮਗਰੋਂ ਭਾਜਪਾ ਆਗੂ ਸਾਰੰਗੀ ਨੇ ਕਿਹਾ ਰਾਹੁਲ ਗਾਂਧੀ ਨੇ ਇਕ ਸੰਸਦ ਮੈਂਬਰ ਨੂੰ ਧੱਕਾ ਮਾਰਿਆ ਸੀ ਜੋ ਉਨ੍ਹਾਂ ’ਤੇ ਆ ਕੇ ਡਿੱਗਿਆ ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਰਾਹੁਲ ਗਾਂਧੀ ’ਤੇ ਵਰ੍ਹਦਿਆਂ ਕਿਹਾ ਕਿ ਇਸ ਮਾਮਲੇ ’ਚ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘‘ਸੰਸਦ ਕੋਈ ਸ਼ਰੀਰਕ ਤਾਕਤ ਦਿਖਾਉਣ ਵਾਲੀ ਥਾਂ ਨਹੀਂ ਹੈ। ਇਹ ਕੋਈ ਕੁਸ਼ਤੀ ਦਾ ਅਖਾੜਾ ਨਹੀਂ ਹੈ।’’ ਇਸ ਦੌਰਾਨ ਲੋਕ ਸਭਾ ਅਤੇ ਰਾਜ ਸਭਾ ’ਚ ‘ਜੈ ਭੀਮ’ ਦੇ ਨਾਅਰੇ ਲਗਾਉਂਦਿਆਂ ਦੋਵੇਂ ਧਿਰਾਂ ਨੇ ਜ਼ੋਰਦਾਰ ਹੰਗਾਮਾ ਕੀਤਾ ਜਿਸ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਕੋਈ ਕੰਮਕਾਰ ਕੀਤੇ ਬਿਨਾਂ ਮੁਲਤਵੀ ਕਰ ਦਿੱਤੀ ਗਈ। ਕਾਂਗਰਸੀ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕਰਕੇ ਭਾਜਪਾ ਸੰਸਦ ਮੈਬਰਾਂ ਵੱਲੋਂ ਰਾਹੁਲ ਗਾਂਧੀ ਖ਼ਿਲਾਫ਼ ਅਪਣਾਏ ਗਏ ਕਥਿਤ ਮਾੜੇ ਵਿਹਾਰ ਅਤੇ ਉਨ੍ਹਾਂ ਨੂੰ ਸੰਸਦ ਭਵਨ ਅੰਦਰ ਦਾਖ਼ਲ ਹੋਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਦੀ ਸ਼ਿਕਾਇਤ ਕੀਤੀ। ਰਾਜ ਸਭਾ ’ਚ ਨਾਗਾਲੈਂਡ ਤੋਂ ਭਾਜਪਾ ਦੀ ਮਹਿਲਾ ਮੈਂਬਰ ਫਾਂਗਨੌਨ ਕੋਨਯਾਕ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਰਾਹੁਲ ਗਾਂਧੀ ਉਸ ਦੇ ਐਨ ਨੇੜੇ ਆ ਗਿਆ ਸੀ ਅਤੇ ਉਸ ’ਤੇ ਚੀਕਿਆ ਸੀ। ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਉਨ੍ਹਾਂ ਨੂੰ ਕੋਨਯਾਕ ਨੇ ਚੈਂਬਰ ’ਚ ਆ ਕੇ ਘਟਨਾ ਦੀ ਜਾਣਕਾਰੀ ਦਿੱਤੀ ਹੈ ਅਤੇ ਉਹ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਨ। ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਖੜਗੇ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਧੱਕਾ ਮਾਰਿਆ ਜਿਸ ਕਾਰਨ ਉਹ ਆਪਣਾ ਤਵਾਜ਼ਨ ਗੁਆ ਬੈਠੇ ਅਤੇ ਉਨ੍ਹਾਂ ਦੇ ਗੋਡੇ ਜ਼ਖ਼ਮੀ ਹੋ ਗਏ ਜਿਸ ਦੀ ਪਹਿਲਾਂ ਹੀ ਸਰਜਰੀ ਹੋ ਚੁੱਕੀ ਹੈ। ਉਨ੍ਹਾਂ ‘ਹਮਲੇ’ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। -ਪੀਟੀਆਈ

ਖੜਗੇ ਵੱਲੋਂ ਰਾਜ ਸਭਾ ’ਚ ਸ਼ਾਹ ਖ਼ਿਲਾਫ਼ ਮਰਿਆਦਾ ਮਤੇ ਦਾ ਨੋਟਿਸ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਖ਼ਿਲਾਫ਼ ਕੀਤੀਆਂ ਗਈ ਟਿੱਪਣੀਆਂ ਲਈ ਅੱਜ ਸਦਨ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਮਰਿਆਦਾ ਮਤੇ ਦਾ ਨੋਟਿਸ ਦਿੱਤਾ ਹੈ। ਨਿਯਮ 188 ਤਹਿਤ ਨੋਟਿਸ ’ਚ ਖੜਗੇ ਨੇ ਦੋਸ਼ ਲਾਇਆ ਹੈ ਕਿ ਸ਼ਾਹ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਸੰਵਿਧਾਨ ਨਿਰਮਾਤਾ ਦਾ ਅਪਮਾਨ ਹਨ ਅਤੇ ਇਹ ਸਦਨ ਦੀ ਮਰਿਆਦਾ ਅਤੇ ਉਲੰਘਣਾ ਦਾ ਮਾਮਲਾ ਹੈ। ਕਾਂਗਰਸ ਪ੍ਰਧਾਨ ਨੇ ਧਨਖੜ ਨੂੰ ਅਪੀਲ ਕੀਤੀ ਕਿ ਗ੍ਰਹਿ ਮੰਤਰੀ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਜਾਵੇ। ਖੜਗੇ ਨੇ ਕਿਹਾ, ‘‘ਗ੍ਰਹਿ ਮੰਤਰੀ ਨੇ ਸਦਨ ’ਚ ਜਿਹੜੀਆਂ ਟਿੱਪਣੀਆਂ ਕੀਤੀਆਂ ਹਨ, ਉਹ ਭਾਰਤੀ ਸੰਵਿਧਾਨ ਦੇ ਨਿਰਮਾਤਾ ਬੀਆਰ ਅੰਬੇਡਕਰ ਦਾ ਸਪੱਸ਼ਟ ਤੌਰ ’ਤੇ ਅਪਮਾਨ ਹਨ।’’ ਉਧਰ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ ਕਿ ਮਲਿਕਾਰਜੁਨ ਖੜਗੇ ਨੇ ਰਾਜ ਸਭਾ ’ਚ ਡਾਕਟਰ ਅੰਬੇਡਕਰ ਪ੍ਰਤੀ ਅਪਮਾਨਜਨਕ ਟਿੱਪਣੀਆਂ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਖ਼ਿਲਾਫ਼ ਮਰਿਆਦਾ ਮਤੇ ਦਾ ਨੋਟਿਸ ਦਿੱਤਾ ਹੈ। ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਸ਼ਾਹ ਦੇ ਅਸਤੀਫ਼ੇ ਅਤੇ ਉਨ੍ਹਾਂ ਨੂੰ ਕੈਬਨਿਟ ’ਚੋਂ ਹਟਾਉਣ ਦੀ ਮੰਗ ਕਰ ਰਹੀਆਂ ਹਨ। -ਪੀਟੀਆਈ

Advertisement

ਸ਼ਾਹ ਨੂੰ ਬਚਾਉਣ ਦੀ ਸਾਜ਼ਿਸ਼: ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ: ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਭਾਜਪਾ ਵੱਲੋਂ ਉਸ ਦੇ ਭਰਾ ਰਾਹੁਲ ਗਾਧੀ ’ਤੇ ਸੰਸਦ ਮੈਂਬਰਾਂ ਨੂੰ ਧੱਕੇ ਮਾਰਨ ਦੇ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬਚਾਉਣ ਦੀ ਸਾਜ਼ਿਸ਼ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੁਕਮਰਾਨ ਧਿਰ ਦੇ ਸੰਸਦ ਮੈਂਬਰ ਹੀ ‘ਗੁੰਡਾਗਰਦੀ’ ਕਰ ਰਹੇ ਸਨ ਤਾਂ ਜੋ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਸੰਸਦ ਅੰਦਰ ਦਾਖ਼ਲ ਹੋਣ ਤੋਂ ਰੋਕਿਆ ਜਾ ਸਕੇ। ਸੰਸਦੀ ਕੰਪਲੈਕਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਰਾਹੁਲ ਗਾਂਧੀ ਭੀਮ ਰਾਓ ਅੰਬੇਡਕਰ ਦੀ ਤਸਵੀਰ ਲੈ ਕੇ ਜੈ ਭੀਮ ਦੇ ਨਾਅਰੇ ਲਗਾ ਰਹੇ ਸਨ ਅਤੇ ਉਨ੍ਹਾਂ ਨੂੰ ਸੰਸਦ ਅੰਦਰ ਜਾਣ ਤੋਂ ਰੋਕਿਆ ਗਿਆ। ਉਨ੍ਹਾਂ ਦੋਸ਼ ਲਾਇਆ, ‘‘ਠੀਕ ਮੇਰੀਆਂ ਅੱਖਾਂ ਸਾਹਮਣੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਧੱਕਾ ਮਾਰਿਆ ਗਿਆ ਸੀ ਅਤੇ ਉਹ ਜ਼ਮੀਨ ’ਤੇ ਡਿੱਗ ਪਏ ਸਨ। ਭਾਜਪਾ ਮੈਂਬਰਾਂ ਨੇ ਸੀਪੀਐੱਮ ਦੇ ਆਗੂ ਨੂੰ ਧੱਕਾ ਮਾਰਿਆ ਜੋ ਖੜਗੇ ਜੀ ’ਤੇ ਡਿੱਗ ਪਏ। ਮੈਨੂੰ ਉਨ੍ਹਾਂ ਦੇ ਚਿਹਰੇ ਤੋਂ ਜਾਪਿਆ ਕਿ ਉਨ੍ਹਾਂ ਦੀ ਲੱਤ ਟੁੱਟ ਗਈ ਹੈ ਪਰ ਇਸ ਤੋਂ ਬਚਾਅ ਰਿਹਾ।’’ ਪ੍ਰਿਯੰਕਾ ਨੇ ਕਿਹਾ ਕਿ ਇਹ ਸਾਜ਼ਿਸ਼ ਹੈ ਅਤੇ ਚੁਣੌਤੀ ਦਿੱਤੀ ਕਿ ਉਹ ‘ਜੈ ਭੀਮ’ ਦੇ ਨਾਅਰੇ ਲਗਾਉਣ ਤੋਂ ਰੋਕ ਕੇ ਦਿਖਾਉਣ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ‘ਜੈ ਭੀਮ’ ਦਾ ਨਾਅਰਾ ਕਿਉਂ ਨਹੀਂ ਲਗਾਉਂਦੇ ਹਨ। -ਪੀਟੀਆਈ

Advertisement