ਪਿੰਡ ਪਥਰਾਲਾ ਵਿੱਚ ਜਾਤੀਵਾਦ ਬਾਰੇ ਕਲੇਸ਼ ਵਧਿਆ
ਮਨੋਜ ਸ਼ਰਮਾ
ਬਠਿੰਡਾ, 26 ਜੁਲਾਈ
ਪਿੰਡ ਪਥਰਾਲਾ ਦੇ ਦਲਿਤ ਨੌਜਵਾਨ ਅੰਗਰੇਜ਼ ਦੇ ਕਤਲ ਮਾਮਲੇ ਵਿੱਚ ਪਿੰਡ ਵਿੱਚ ਜੱਟ ਭਾਈਚਾਰੇ ਵਿੱਚ ਮਾਹੌਲ ਗਰਮਾ ਗਿਆ ਹੈ। ਪਿੰਡ ਦੇ ਗੁਰੂ ਘਰ ਦੇ ਸਪੀਕਰ ਰਾਹੀਂ ਲੰਘੀ 25 ਜੁਲਾਈ ਨੂੰ ਜੱਟ ਭਾਈਚਾਰੇ ਵੱਲੋਂ ਪਿੰਡ ਵਿੱਚ ਇੱਕਠ ਕੀਤਾ ਗਿਆ। ਇਸ ਵਿਚ ਦਲਿਤ ਭਾਈਚਾਰੇ ਨੂੰ ਖੇਤਾਂ ਵਿਚ ਵੜਨੋਂ ਅਤੇ ਸਮਾਜਿਕ ਬਾਈਕਾਟ ਬਾਰੇ ਸਲਾਹ ਕਰਨ ਆਦਿ ਦੀ ਅਨਾਊਸਮੈਂਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਐਲਾਨ ਮਗਰੋਂ ਅੱਜ ਇਥੇ ਸਰਕਟ ਹਾਊਸ ਵਿੱਚ ਦਲਿਤ ਤੇ ਮਜ਼ਦੂਰ ਜਥੇਬੰਦੀਆਂ ਦੀ ਮੀਟਿੰਗ ਹੋਈ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ, ਜ਼ਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਰਾਮਪੁਰਾ, ਦਲਿਤ ਮਹਾਂ ਪੰਚਾਇਤ ਨੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ, ਜ਼ਿਲ੍ਹਾ ਆਗੂ ਜਗਸੀਰ ਗੋਬਿੰਦਪੁਰਾ, ਆਲ ਇੰਡੀਆ ਮਜ਼੍ਹਬੀ ਸਿੱਖ ਵੈੱਲਫੇਅਰ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਸਿਵੀਆਂ ਨੇ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਨੇ ਭਾਵੇਂ ਕਤਲ ਕਾਂਡ ਦੇ ਮੁੱਖ ਮੁਲਜ਼ਮ ਬੋਗਾ ਸਿੰਘ ਨੂੰ ਸੰਘਰਸ਼ ਦੀ ਬਦੌਲਤ ਗ੍ਰਿਫ਼ਤਾਰ ਕਰ ਲਿਆ ਪਰ ਪੀੜਤ ਪਰਿਵਾਰ ਵੱਲੋਂ ਕਤਲ ਕਾਂਡ ਵਿੱਚ ਸ਼ਾਮਲ ਪੰਜ ਮੁਲਜ਼ਮਾਂ ਵਿਚੋਂ ਤਿੰਨ ਨੂੰ ਪਰਚੇ ਵਿਚ ਸ਼ਾਮਲ ਹੀ ਨਹੀਂ ਕੀਤਾ। ਹੁਣ ਪਿੰਡ ਦੇ ਗੁਰਦੁਆਰੇ ਵਿੱਚੋਂ ਦਲਿਤਾਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਐੱਸਐੱਸਪੀ ਅਤੇ ਡੀਸੀ ਬਠਿੰਡਾ ਨੂੰ ਫੋਨ ‘ਤੇ ਜਾਣਕਾਰੀ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਨੂੰ ਲੈ ਕੇ ਮਜ਼ਦੂਰ ਜਥੇਬੰਦੀਆਂ ਜਾਤੀਵਾਦੀ ਮਾਮਲਾ ਭਖਣ ਕਾਰਨ ਲਾਮਬੰਦ ਹੋ ਗਈਆਂ ਹਨ। ਉਨ੍ਹਾਂ ਐਲਾਨ ਕੀਤਾ ਕਿ 3 ਅਗਸਤ ਨੂੰ ਬਠਿੰਡਾ ਵਿੱਚ ਦਲਿਤ ਜਬਰ ਵਿਰੋਧੀ ਕਾਨਫਰੰਸ ਕੀਤੀ ਜਾਵੇਗੀ।