ਬੈਡਮਿੰਟਨ ਡਬਲਜ਼ ’ਚ ਭੈਣਾਂ-ਭੈਣਾਂ ਦੀਆਂ ਜੋੜੀਆਂ ਦੀ ਹੋਈ ਟੱਕਰ
ਪੈਰਿਸ, 30 ਜੁਲਾਈ
ਬਹੁਤ ਘੱਟ ਭੈਣਾਂ ਜਾਂ ਭਰਾਵਾਂ ਦੀ ਜੋੜੀ ਓਲੰਪਿਕ ਬੈਡਮਿੰਟਨ ਲਈ ਕੁਆਲੀਫਾਈ ਕਰਦੀ ਹੈ ਅਤੇ ਭੈਣਾਂ ਦੀ ਜੋੜੀ ਦਾ ਦੂਜੇ ਪਾਸਿਉਂ ਵੀ ਭੈਣਾਂ ਦੀ ਜੋੜੀ ਖ਼ਿਲਾਫ਼ ਖੇਡਣਾ ਤਾਂ ਬਹੁਤ ਹੀ ਘੱਟ ਹੁੰਦਾ ਹੈ। ਅਜਿਹਾ ਪੈਰਿਸ ਓਲੰਪਿਕ ਦੇ ਮਹਿਲਾ ਡਬਲਜ਼ ਮੁਕਾਬਲੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਅਮਰੀਕਾ ਦੀਆਂ ਜੌੜੀਆਂ ਭੈਣਾਂ ਐਨੀ ਅਤੇ ਕੈਰੀ ਜ਼ੂ ਬੁਲਗਾਰੀਆ ਦੀਆਂ ਭੈਣਾਂ ਸਟੈਫਨੀ ਅਤੇ ਗੈਬਰੀਏਲਾ ਸਟੋਏਵਾ ਖ਼ਿਲਾਫ਼ ਆਹਮੋ-ਸਾਹਮਣੇ ਸਨ। ਆਪਣੇ ਤੀਜੇ ਓਲੰਪਿਕ ਵਿੱਚ ਖੇਡ ਰਹੀਆਂ ਸਟੋਏਵਾ ਭੈਣਾਂ ਨੇ ਗਰੁੱਪ ਗੇੜ ਦਾ ਇਹ ਮੈਚ 21-18, 21-12 ਨਾਲ ਜਿੱਤ ਲਿਆ। ਇਸ ਬਾਰੇ ਐਨੀ ਜ਼ੂ ਨੇ ਕਿਹਾ, ‘‘ਇਹ ਦਿਲਚਸਪ ਸੀ। ਲੋਕ ਸਾਨੂੰ ਜੌੜੀਆਂ ਭੈਣਾਂ ਨੂੰ ਓਲੰਪਿਕ ਵਿੱਚ ਇਕੱਠੀਆਂ ਖੇਡਦੀਆਂ ਦੇਖ ਕੇ ਬਹੁਤ ਹੈਰਾਨ ਹੁੰਦੇ ਹਨ ਅਤੇ ਅਜਿਹੀ ਹੀ ਇੱਕ ਹੋਰ ਭੈਣਾਂ ਦੀ ਜੋੜੀ ਖ਼ਿਲਾਫ਼ ਖੇਡਣਾ ਇੱਕ ਵਿਲੱਖਣ ਤੇ ਦਿਲਚਸਪ ਤਜਰਬਾ ਸੀ।’’ ਉਸ ਨੇ ਕਿਹਾ, ‘‘ਅਸੀਂ ਇਕੱਠਿਆਂ ਇੰਨਾ ਸਮਾਂ ਬਿਤਾਉਂਦੀਆਂ ਹਾਂ ਕਿ ਕਿ ਮੈਂ ਉਸ (ਕੈਰੀ) ਦੀਆਂ ਭਾਵਨਾਵਾਂ ਸਮਝ ਸਕਦੀ ਹਾਂ। ਮੈਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਕਦੋਂ ਘਬਰਾਈ ਹੋਈ ਹੈ ਅਤੇ ਕਦੋਂ ਖ਼ੁਸ਼ ਹੈ।’’
ਗੈਬਰੀਏਲਾ ਨੇ ਕਿਹਾ, ‘‘ਆਪਣੀ ਭੈਣ ਨਾਲ ਓਲੰਪਿਕ ਵਿੱਚ ਖੇਡਣ ਦਾ ਤਜਰਬਾ ਮੈਂ ਲਫ਼ਜ਼ਾਂ ’ਚ ਬਿਆਨ ਨਹੀਂ ਕਰ ਸਕਦੀ। ਮੈਨੂੰ ਲੱਗਦਾ ਹੈ ਕਿ ਉਨ੍ਹਾਂ (ਐਨੀ ਤੇ ਕੈਰੀ) ਨੂੰ ਵੀ ਅਜਿਹਾ ਹੀ ਲੱਗਦਾ ਹੋਵੇਗਾ।’’ ਉਸ ਨੇ ਕਿਹਾ, ‘‘ਟੀਵੀ ’ਤੇ ਇੱਕ-ਦੂਜੇ ਨਾਲ ਲੜਨ ਤੇ ਬਾਅਦ ਵਿੱਚ ਮਾਪਿਆਂ ਕੋਲੋਂ ਇਸ ਲਈ ਝਿੜਕਾਂ ਖਾਣ ਦਾ ਤਜਰਬਾ ਵੀ ਵੱਖਰਾ ਹੀ ਹੈ।’’ -ਰਾਇਟਰਜ਼