ਸਿੱਧੂ ਦੀਆਂ ਰੈਲੀਆਂ ਕਾਰਨ ਕਾਂਗਰਸ ਵਿੱਚ ਕਸ਼ਮਕਸ਼
ਚਰਨਜੀਤ ਭੁੱਲਰ
ਚੰਡੀਗੜ੍ਹ, 5 ਜਨਵਰੀ
ਪੰਜਾਬ ਕਾਂਗਰਸ ਨੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਲਈ ਜ਼ਮੀਨ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਸਿੱਧੂ ਵੱਲੋਂ ਵਿੱਢੀ ਸਿਆਸੀ ਸਰਗਰਮੀ ਕਾਰਨ ਕਾਂਗਰਸ ਅੰਦਰ ਕਸ਼ਮਕਸ਼ ਸ਼ੁਰੂ ਹੋ ਗਈ ਹੈ। ਆਗਾਮੀ ਲੋਕ ਸਭਾ ਚੋਣਾਂ ਲਈ ‘ਆਪ’ ਨਾਲ ਗੱਠਜੋੜ ਦਾ ਮਸਲਾ ਸੁਲਝਣ ਤੋਂ ਪਹਿਲਾਂ ਹੀ ਕਾਂਗਰਸ ਮੁੜ ਅੰਦਰੂਨੀ ਕਲੇਸ਼ ਵਿਚ ਘਿਰ ਗਈ ਹੈ ਜਦਕਿ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਨੇ ਵੀਰਵਾਰ ਨੂੰ ਪਾਰਟੀ ਆਗੂਆਂ ਨੂੰ ਅਨੁਸ਼ਾਸਨ ’ਚ ਰਹਿਣ ਦੀ ਤਾੜਨਾ ਕੀਤੀ ਸੀ। ਯਾਦਵ ਦੀ ਤਾੜਨਾ ਦੇ ਬਾਵਜੂਦ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ‘ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ’ ਤਹਿਤ 9 ਜਨਵਰੀ ਨੂੰ ਹੁਸ਼ਿਆਰਪੁਰ ’ਚ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਹੁਸ਼ਿਆਰਪੁਰ ਰੈਲੀ ਸੀਨੀਅਰ ਕਾਂਗਰਸੀ ਨੇਤਾ ਵਿਸ਼ਵਨਾਥ ਬੰਟੀ ਦੀ ਦੇਖ-ਰੇਖ ਹੇਠ ਕੀਤੀ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸਿੱਧੂ ਨੇ 21 ਜਨਵਰੀ ਨੂੰ ਮੋਗਾ ’ਚ ਵੀ ਰੈਲੀ ਰੱਖ ਦਿੱਤੀ ਹੈ। ਸਿੱਧੂ ਦੀਆਂ ਰੈਲੀਆਂ ਕਾਰਨ ਕਾਂਗਰਸ ਅੰਦਰ ਕਾਫੀ ਰੌਲਾ-ਰੱਪਾ ਪਿਆ ਹੋਇਆ ਹੈ ਜਿਸ ਕਾਰਨ ਸੀਨੀਅਰ ਕਾਂਗਰਸੀ ਆਗੂਆਂ ਨੇ ਉਸ ਖ਼ਿਲਾਫ਼ ਕਾਰਵਾਈ ਵਾਸਤੇ ਫੋਨ ਖੜਕਾਉਣੇ ਸ਼ੁਰੂ ਕਰ ਦਿੱਤੇ ਹਨ। ਸੂਤਰਾਂ ਅਨੁਸਾਰ ਸਿੱਧੂ ਨੇ ਦਸੰਬਰ ਦੇ ਆਖਰੀ ਹਫ਼ਤੇ ’ਚ ਆਪਣੇ ਨਜ਼ਦੀਕੀਆਂ ਨਾਲ ਪਟਿਆਲਾ ਵਿੱਚ ਮੀਟਿੰਗ ਕੀਤੀ ਸੀ। ਸਿੱਧੂ ਨੇ ਮਹਿਰਾਜ ਰੈਲੀ ਨਾਲ ਆਪਣੀ ਸਿਆਸੀ ਸਰਗਰਮੀ ਸ਼ੁਰੂ ਕੀਤੀ ਸੀ ਜਿਸ ’ਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਸਿੱਧੂ ਨੂੰ ਵੱਖਰਾ ਅਖਾੜਾ ਨਹੀਂ ਲਾਉਣਾ ਚਾਹੀਦਾ ਹੈ। ਕਾਂਗਰਸ ਹਾਈਕਮਾਨ ਕੋਲ ਵੀ ਨਵਜੋਤ ਸਿੱਧੂ ਦੀਆਂ ਰੈਲੀਆਂ ਨੂੰ ਲੈ ਕੇ ਸ਼ਿਕਾਇਤਾਂ ਭੇਜੀਆਂ ਜਾ ਰਹੀਆਂ ਹਨ।
ਉਧਰ ਸਿੱਧੂ ਨੇ ਨਾਰਾਜ਼ ਕਾਂਗਰਸੀ ਆਗੂਆਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਅੰਦਰ ਖੁਸਰ-ਮੁਸਰ ਚੱਲ ਰਹੀ ਹੈ ਕਿ ਜੇ ਸਿੱਧੂ ਨੂੰ ਵੇਲੇ ਸਿਰ ਨਾ ਰੋਕਿਆ ਗਿਆ ਤਾਂ ਉਹ ਆਪਣਾ ਵੱਖਰਾ ਧੜਾ ਖੜ੍ਹਾ ਕਰਕੇ ਪਾਰਟੀ ਅੰਦਰ ਧੜੇਬੰਦੀ ਨੂੰ ਮਜ਼ਬੂਤ ਕਰ ਸਕਦੇ ਹਨ। ਦੂਜੇ ਪਾਸੇ ਸਿੱਧੂ ਦੇ ਧੜੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਾਈਕਮਾਨ ਦੇ ਥਾਪੜੇ ਮਗਰੋਂ ਹੀ ਸਿੱਧੂ ਨੇ ਆਪਣੇ ਪ੍ਰੋਗਰਾਮ ਵਿੱਢੇ ਹਨ ਜੋ ਕਾਂਗਰਸ ਦੀ ਮਜ਼ਬੂਤੀ ਲਈ ਹਨ ਅਤੇ ਕਿਸੇ ਤਰ੍ਹਾਂ ਦੇ ਅਨੁਸ਼ਾਸਨ ਦੀ ਉਲੰਘਣਾ ਨਹੀਂ ਹੋ ਰਹੀ ਹੈ।
ਸਿੱਧੂ ਵੱਲੋਂ 7 ਜਨਵਰੀ ਨੂੰ ਬਠਿੰਡਾ (ਦਿਹਾਤੀ) ਹਲਕੇ ਦੇ ਪਿੰਡ ਕੋਟਸ਼ਮੀਰ ’ਚ ਰੈਲੀ ਰੱਖੀ ਗਈ ਹੈ ਜਿਸ ਦੇ ਪ੍ਰਬੰਧਕ ਹਰਵਿੰਦਰ ਸਿੰਘ ਲਾਡੀ ਹਨ। ਜ਼ਿਲ੍ਹਾ ਬਠਿੰਡਾ (ਦਿਹਾਤੀ) ਦੇ ਕਾਂਗਰਸ ਪ੍ਰਧਾਨ ਖੁਸਬਾਜ ਸਿੰਘ ਜਟਾਣਾ ਦਾ ਕਹਿਣਾ ਸੀ ਕਿ ਲਾਡੀ ਨੂੰ ਪਹਿਲਾਂ ਹੀ ਪਾਰਟੀ ਨੇ ਕੱਢਿਆ ਹੋਇਆ ਹੈ ਅਤੇ ਇਹ ਕਾਂਗਰਸ ਦਾ ਅਧਿਕਾਰਤ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਪਾਰਟੀ ਲੀਡਰਸ਼ਿਪ ਅਤੇ ਵਰਕਰਾਂ ਨੂੰ ਕੋਟਸ਼ਮੀਰ ਰੈਲੀ ਵਿਚ ਨਾ ਪਹੁੰਚਣ ਦੀ ਅਪੀਲ ਕੀਤੀ ਹੈ। ਖੁਸ਼ਬਾਜ ਜਟਾਣਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਸ ਬਾਰੇ ਪੱਤਰ ਵੀ ਲਿਖਿਆ ਹੈ। ਇਸ ਦੌਰਾਨ ਹਰਵਿੰਦਰ ਸਿੰਘ ਲਾਡੀ ਨੇ ਆਪਣੇ ਹਲਕੇ ਦੇ ਸਰਪੰਚਾਂ ਤੋਂ ਪੱਤਰ ਲਿਖਾ ਕੇ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨੂੰ ਭੇਜਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜਟਾਣਾ ਗਲਤ ਪ੍ਰਚਾਰ ਕਰ ਰਹੇ ਹਨ ਜਦੋਂ ਕਿ ਲਾਡੀ ਨੂੰ ਪਾਰਟੀ ’ਚੋਂ ਕੱਢਿਆ ਨਹੀਂ ਗਿਆ ਹੈ। ਸਰਪੰਚਾਂ ਨੇ ਖੁਸ਼ਬਾਜ ਜਟਾਣਾ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਸੀਨੀਅਰ ਕਾਂਗਰਸੀ ਆਗੂ ਮਾਲਵਿਕਾ ਸੂਦ (ਮੋਗਾ) ਨੇ ਵੀ ਕਾਂਗਰਸ ਪ੍ਰਧਾਨ ਨੂੰ ਪੱਤਰ ਲਿਖਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਕਈ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਨੇ ਵੀ ਸਿੱਧੂ ਨੂੰ ਪਾਰਟੀ ’ਚੋਂ ਕੱਢਣ ਦੀ ਮੰਗ ਕੀਤੀ ਸੀ। ਅਹਿਮ ਸੂਤਰ ਦੱਸਦੇ ਹਨ ਕਿ ਕਾਂਗਰਸ ਦੇ ਕਈ ਆਗੂਆਂ ਨੇ ਅੱਜ ਨਵਜੋਤ ਸਿੱਧੂ ਖ਼ਿਲਾਫ਼ ਕਾਰਵਾਈ ਕਰਨ ਵਾਸਤੇ ਕਾਂਗਰਸ ਪ੍ਰਧਾਨ ਨੂੰ ਪੱਤਰ ਭੇਜੇ ਹਨ।
ਕਾਂਗਰਸ ਪ੍ਰਧਾਨ ਨੂੰ ਮਿਲੀਆਂ ਨੇ ਸ਼ਿਕਾਇਤਾਂ: ਸੰਧੂ
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਸੰਦੀਪ ਸੰਧੂ ਨੇ ਪੁਸ਼ਟੀ ਕੀਤੀ ਕਿ ‘ਭਾਰਤ ਜੋੜੋ ਯਾਤਰਾ’ ’ਚੋਂ ਦੂਰ ਰਹਿਣ ਕਰਕੇ ਹਰਵਿੰਦਰ ਸਿੰਘ ਲਾਡੀ ਨੂੰ ਪਾਰਟੀ ’ਚੋਂ ਕੱਢਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਤੇ ਮੋਗਾ ’ਚੋਂ ਕਾਂਗਰਸੀ ਆਗੂਆਂ ਦੀਆਂ ਸ਼ਿਕਾਇਤਾਂ ਕਾਂਗਰਸ ਪ੍ਰਧਾਨ ਨੂੰ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਦੇ ਵਿਸ਼ਾ ਵਸਤੂ ਤੋਂ ਉਹ ਜਾਣੂ ਨਹੀਂ ਹਨ।