ਮੰਡੌੜ ਵਿੱਚ ਪਿੰਡ ਵਾਸੀਆਂ ਤੇ ਪੁਲੀਸ ਵਿਚਾਲੇ ਝੜਪ, ਥਾਣੇਦਾਰ ਸਣੇ ਕਈ ਜ਼ਖ਼ਮੀ
ਨਿੱਜੀ ਪੱਤਰ ਪ੍ਰੇਰਕ
ਨਾਭਾ, 21 ਜੁਲਾਈ
ਨੇੜਲੇ ਪਿੰਡ ਮੰਡੌੜ ਵਿੱਚ ਸ਼ਾਮਲਾਟ ਦੀ ਬੋਲੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਅੱਜ ਫਿਰ ਪੁਲੀਸ ਅਤੇ ਪਿੰਡ ਵਾਸੀਆਂ ਦਰਮਿਆਨ ਝੜਪ ਹੋ ਗਈ। ਜਾਣਕਾਰੀ ਅਨੁਸਾਰ ਪੇਂਡੂ ਤੇ ਪੰਚਾਇਤ ਵਿਭਾਗ ਵੱਲੋਂ ਅੱਜ ਪੁਲੀਸ ਦੀ ਮਦਦ ਨਾਲ ਬੋਲੀ ਦੇਣ ਵਾਲਿਆਂ ਨੂੰ ਜ਼ਮੀਨ ਦਾ ਕਬਜ਼ਾ ਦਿਵਾਇਆ ਗਿਆ।
ਤਿੰਨ ਹਫ਼ਤੇ ਪਹਿਲਾਂ ਬੋਲੀ ਦੌਰਾਨ ਵੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਦਲਿਤ ਪਿੰਡ ਵਾਸੀਆਂ ਦੀ ਪੁਲੀਸ ਨਾਲ ਝੜਪ ਹੋਈ ਸੀ। ਜਥੇਬੰਦੀ ਨੇ ਦੋਸ਼ ਲਾਇਆ ਕਿ ਤੀਜਾ ਹਿੱਸਾ ਰਾਖਵੀਂ ਜ਼ਮੀਨ ਦੀ ਬੋਲੀ ਵਿੱਚ ਨਿਯਮਾਂ ਦੀ ਉਲੰਘਣਾ ਕੀਤੀ ਗਈ ਜਿਸ ਪਿੱਛੋਂ ਬੋਲੀ ਦੀ ਪ੍ਰਕਿਰਿਆ ਪੜਤਾਲ ਅਧੀਨ ਸੀ। ਡੀਡੀਪੀਓ ਪਟਿਆਲਾ ਅਮਨਦੀਪ ਕੌਰ ਨੇ ਕਿਹਾ ਕਿ ਪੜਤਾਲ ਦੌਰਾਨ ਬੋਲੀ ਨੂੰ ਕਲੀਨ ਚਿੱਟ ਮਿਲੀ ਹੈ ਜਿਸ ਕਾਰਨ ਬੋਲੀ ਦੇਣ ਵਾਲੇ ਨੂੰ ਕਬਜ਼ਾ ਦਿਵਾਉਣਾ ਜ਼ਰੂਰੀ ਸੀ ਕਿਉੰਕਿ ਫ਼ਸਲ ਦਾ ਸਮਾਂ ਬੀਤ ਰਿਹਾ ਹੈ। ਅੱਜ ਪੁਲੀਸ ਪ੍ਰਸ਼ਾਸਨ ਦੀ ਦੇਖ ਰੇਖ ਹੇਠ ਜ਼ਮੀਨ ਵਿਚ ਝੋਨੇ ਦੀ ਬਿਜਾਈ ਕਰ ਰਹੇ ਹਨ। ਇਸ ਮੌਕੇ ਕਈ ਪਿੰਡ ਵਾਸੀਆਂ ਸਮੇਤ ਨਾਭਾ ਕੋਤਵਾਲੀ ਐੱਸਐੱਚਓ ਹੈਰੀ ਬੋਪਾਰਾਏ ਦੇ ਜ਼ਖਮੀ ਹੋਣ ਦੀ ਸੂਚਨਾ ਹੈ।