ਕਮੇਟੀ ਮੈਂਬਰਾਂ ਦੀ ਚੋਣ ਸਬੰਧੀ ਜੇਐੱਨਯੂ ’ਚ ਦੋ ਵਿਦਿਆਰਥੀ ਧੜਿਆਂ ਵਿਚਾਲੇ ਝੜਪ
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਮਾਰਚ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿੱਚ ਬੀਤੀ ਰਾਤ ਚੋਣ ਕਮੇਟੀ ਮੈਂਬਰਾਂ ਦੀ ਚੋਣ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਹੋਈ ਝੜਪ ਵਿੱਚ ਚਾਰ ਵਿਦਿਆਰਥੀ ਜ਼ਖ਼ਮੀ ਹੋ ਗਏ। ਇਹ ਝੜਪ ਯੂਨੀਵਰਸਿਟੀ ਦੇ ਭਾਸ਼ਾ ਸੰਸਥਾਨ ਦੀ ਇਮਾਰਤ ਵਿੱਚ ਵੀਰਵਾਰ ਦੇਰ ਰਾਤ ਹੋਈ। ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਅਤੇ ਖੱਬੇ ਪੱਖੀ ਧਿਰਾਂ ਦੇ ਵਿਦਿਆਰਥੀਆਂ ਨੇ ਵਸੰਤ ਕੁੰਜ ਉੱਤਰੀ ਪੁਲੀਸ ਸਟੇਸ਼ਨ ’ਚ ਇਕ-ਦੂਜੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਯੂਨੀਵਰਸਿਟੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਈ ਵਿਦਿਆਰਥੀਆਂ ਨੂੰ ਸਫ਼ਦਰਜੰਗ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ, “ਸਾਨੂੰ ਸਵੇਰੇ 1:15 ਵਜੇ ਕੈਂਪਸ ਵਿੱਚ ਝੜਪ ਦੀ ਸੂਚਨਾ ਮਿਲੀ ਜਿਸ ਵਿੱਚ ਘੱਟੋ-ਘੱਟ ਚਾਰ ਵਿਦਿਆਰਥੀ ਜ਼ਖਮੀ ਹੋ ਗਏ। ਦੋਵਾਂ ਪਾਸਿਆਂ ਤੋਂ ਕਈ ਸ਼ਿਕਾਇਤਾਂ ਮਿਲੀਆਂ ਹਨ ਅਤੇ ਜਾਂਚ ਜਾਰੀ ਹੈ।
ਘਟਨਾ ਦੀ ਇੱਕ ਕਥਿਤ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਕੁਝ ਵਿਦਿਆਰਥੀਆਂ ਨੂੰ ਡੰਡੇ ਨਾਲ ਕੁੱਟਦਾ ਦਿਖਾਈ ਦੇ ਰਿਹਾ ਹੈ, ਜਦਕਿ ਇੱਕ ਹੋਰ ਕਲਿੱਪ ਵਿੱਚ ਇੱਕ ਵਿਅਕਤੀ ਵਿਦਿਆਰਥੀਆਂ ’ਤੇ ਸਾਈਕਲ ਸੁੱਟਦਾ ਦਿਖਾਈ ਦੇ ਰਿਹਾ ਹੈ। ਘਟਨਾ ਦੀ ਇਕ ਹੋਰ ਕਥਿਤ ਵੀਡੀਓ ਵਿਚ ਕੁਝ ਲੋਕ ਹੋਰਾਂ ਦੀ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ ਅਤੇ ਯੂਨੀਵਰਸਿਟੀ ਦੇ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਦਿਖ ਰਹੇ ਹਨ।
ਏਬੀਵੀਪੀ ਨੇ ਦੱਸਿਆ ਕਿ ਇੱਕ ਵੀਡੀਓ ਵਿੱਚ ਦੂਸਰਿਆਂ ਨੂੰ ਡੰਡਿਆਂ ਕੁੱਟਦੇ ਅਤੇ ਸਾਈਕਲ ਸੁੱਟਦੇ ਦਿਖਾਈ ਦੇ ਰਹੇ ਦੋ ਵਿਦਿਆਰਥੀ ਇਸ ਦੀ ਜੇਐਨਯੂ ਯੂਨਿਟ ਦੇ ਮੈਂਬਰ ਹਨ ਅਤੇ ਦਾਅਵਾ ਕੀਤਾ ਕਿ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਖੱਬੇ ਪੱਖੀ ਧਿਰਾਂ ਨੇ ਦੋਸ਼ ਲਾਇਆ ਕਿ ਚੋਣ ਕਮੇਟੀ ਮੈਂਬਰਾਂ ਦੀ ਚੋਣ ਤੋਂ ਅਸੰਤੁਸ਼ਟ ਏਬੀਵੀਪੀ ਮੈਂਬਰਾਂ ਨੇ ਜੇਐਨਯੂਐਸਯੂ ਦੇ ਅਹੁਦੇਦਾਰਾਂ ਅਤੇ ਹੋਰ ਵਿਦਿਆਰਥੀਆਂ ’ਤੇ ਹਮਲਾ ਕੀਤਾ। ਜੇਐੱਨਯੂਐੱਸਯੂ ਦੇ ਸੰਯੁਕਤ ਸਕੱਤਰ ਮੁਹੰਮਦ ਦਾਨਿਸ਼ ਨੇ ਦਾਅਵਾ ਕੀਤਾ ਕਿ ਉਸ ਦੀ ਧਾਰਮਿਕ ਪਛਾਣ ਕਾਰਨ ਉਸ ਨੂੰ ਏਬੀਵੀਪੀ ਮੈਂਬਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਦਾਨਿਸ਼ ਜੇਐੱਨਯੂਐੱਸਯੂ ਦੀ ਪ੍ਰਧਾਨ ਆਇਸ਼ੀ ਘੋਸ਼ ਦੇ ਨਾਲ ਭਾਸ਼ਾ ਸੰਸਥਾ ਦੀ ਜਨਰਲ ਬਾਡੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਿਹਾ ਸੀ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਮੀਟਿੰਗ ਦੌਰਾਨ ਉਸ ਨੂੰ ਬੰਧਕ ਬਣਾ ਲਿਆ ਗਿਆ। ਏਬੀਵੀਪੀ ਨੇ ਦੋਸ਼ ਲਾਇਆ ਕਿ ਖੱਬੇ ਪੱਖੀ ਧੜੇ ਨੇ ਚੋਣ ਕਮੇਟੀ ਦੇ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਵਿੱਚ ਹੇਰਾਫੇਰੀ ਕੀਤੀ ਹੈ।
ਉਪ ਕੁਲਪਤੀ ਵੱਲੋਂ ਕਾਰਵਾਈ ਦੀ ਚਿਤਾਵਨੀ
ਯੂਨੀਵਰਸਿਟੀ ਦੇ ਉਪ ਕੁਲਪਤੀ ਸ਼ਾਂਤੀਸ਼੍ਰੀ ਡੀ ਪੰਡਿਤ ਨੇ ਕਿਹਾ ਕਿ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਕੇ ਸਖ਼ਤ ਕਾਰਵਾਈ ਕਰੇਗਾ। ਉਨ੍ਹਾਂ ਕਿਹਾ, “ਜੇਐਨਯੂ (ਵਿਦਿਆਰਥੀ ਯੂਨੀਅਨ) ਦੀਆਂ ਚੋਣਾਂ ਵਿਦਿਆਰਥੀਆਂ ਵੱਲੋਂ ਕਰਵਾਈਆਂ ਜਾਂਦੀਆਂ ਹਨ। ਇਹ ਯਕੀਨੀ ਬਣਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਇਹ ਸ਼ਾਂਤਮਈ ਲੋਕਤੰਤਰੀ ਪ੍ਰਕਿਰਿਆ ਹੋਵੇ। ਇੰਟਰ-ਹੋਸਟਲ ਪ੍ਰਸ਼ਾਸਨ (ਆਈਐੱਚਏ) ਚੋਣਾਂ ਦੀ ਨਿਗਰਾਨੀ ਕਰਦਾ ਹੈ। ਵਿਦਿਆਰਥੀ ਸੰਗਠਨ ਦੀ ਕਿਸੇ ਵੀ ਸ਼ਿਕਾਇਤ ’ਤੇ ਆਈਐੱਚਏ ਵੱਲੋਂ ਗੌਰ ਕੀਤਾ ਜਾਵੇਗਾ। ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਚਾਹੇ ਉਹ ਕਿਸੇ ਵੀ ਸਿਆਸੀ ਨਾਲ ਸਬੰਧਤ ਹੋਣ।’’ ਵਾਈਸ ਚਾਂਸਲਰ ਨੇ ਵੀ ਕਿਹਾ ਕਿ ਝੜਪ ਵਿੱਚ ਗੰਭੀਰ ਜ਼ਖ਼ਮੀ ਹੋਏ ਵਿਦਿਆਰਥੀਆਂ ਸਬੰਧੀ ਕਾਨੂੰਨੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਸਬੰਧਤ ਅਧਿਕਾਰੀ ਰਿਪੋਰਟ ਤਿਆਰ ਕਰਕੇ ਕਾਰਵਾਈ ਕਰਨਗੇ।