For the best experience, open
https://m.punjabitribuneonline.com
on your mobile browser.
Advertisement

ਪੰਚਾਇਤੀ ਜ਼ਮੀਨ ’ਚ ਲੱਗੇ ਦਰੱਖਤਾਂ ਦੀ ਕਟਾਈ ’ਤੇ ਦੋ ਧਿਰਾਂ ’ਚ ਝੜਪ

07:06 AM Aug 27, 2024 IST
ਪੰਚਾਇਤੀ ਜ਼ਮੀਨ ’ਚ ਲੱਗੇ ਦਰੱਖਤਾਂ ਦੀ ਕਟਾਈ ’ਤੇ ਦੋ ਧਿਰਾਂ ’ਚ ਝੜਪ
ਪਿੰਡ ਸ਼ਤਾਬਗੜ੍ਹ ਦੀ ਪੰਚਾਇਤੀ ਜ਼ਮੀਨ ’ਚੋਂ ਕੱਟੇ ਗਏ ਦਰੱਖਤ।
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 26 ਅਗਸਤ
ਇੱਥੋਂ ਨੇੜਲੇ ਪਿੰਡ ਸ਼ਤਾਬਗੜ੍ਹ ਵਿੱਚ ਪੰਚਾਇਤੀ ਜ਼ਮੀਨ ’ਚ ਲੱਗੇ ਦਰੱਖਤ ਕੱਟਣ ਨੂੰ ਲੈ ਕੇ ਦੋ ਧਿਰਾਂ ਵਿੱਚ ਖੂਨੀ ਝੜਪ ਹੋਈ ਜਿਸ ਵਿੱਚ ਮਨਜੀਤ ਸਿੰਘ ਤੇ ਜਤਿੰਦਰ ਸਿੰਘ ਜ਼ਖ਼ਮੀ ਹੋ ਗਏ। ਪਿੰਡ ਦੇ ਸਾਬਕਾ ਸਰਪੰਚ ਬੂਟਾ ਸਿੰਘ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਵਿੱਚ ਕਰੀਬ 50 ਤੋਂ ਵੱਧ ਬੂਟੇ ਪਾਪੂਲਰ ਦੇ ਲੱਗੇ ਹੋਏ ਸਨ ਜਿਨ੍ਹਾਂ ਨੂੰ ਪਿੰਡ ਦੇ ਇੱਕ ਪਰਿਵਾਰ ਵੱਲੋਂ ਕੱਟਣਾ ਸ਼ੁਰੂ ਕਰ ਦਿੱਤਾ ਗਿਆ। ਇਸ ਪੰਚਾਇਤੀ ਜ਼ਮੀਨ ਵਿੱਚ ਲੱਗੇ ਦਰੱਖਤਾਂ ਨੂੰ ਕੱਟਣ ਤੋਂ ਰੋਕਣ ਲਈ ਜਦੋਂ ਉਹ ਮੌਕੇ ’ਤੇ ਗਏ ਤਾਂ ਉਹ ਨਾ ਰੁਕੇ। ਉਨ੍ਹਾਂ ਇਸ ਸਬੰਧੀ ਪਿੰਡ ਦੇ ਪੰਚਾਇਤ ਸਕੱਤਰ ਅਤੇ ਪੁਲੀਸ ਨੂੰ ਵੀ ਸੂਚਿਤ ਕਰ ਦਿੱਤਾ ਕਿ ਇਨ੍ਹਾਂ ਦਰੱਖਤਾਂ ਦੀ ਕਟਾਈ ਰੋਕੀ ਜਾਵੇ।
ਉਨ੍ਹਾਂ ਦੱਸਿਆ ਕਿ ਅੱਜ ਜਦੋਂ ਪਿੰਡ ਦਾ ਪੰਚਾਇਤ ਸਕੱਤਰ ਦਰੱਖਤ ਕੱਟਣ ਦਾ ਮੌਕਾ ਦੇਖਣ ਪਿੰਡ ਪੁੱਜਾ ਤਾਂ ਉੱਥੇ ਦਰੱਖਤ ਕੱਟਣ ਵਾਲਿਆਂ ਨੇ ਉਨ੍ਹਾਂ ਨਾਲ ਗਾਲੀ ਗਲੋਚ ਕੀਤੀ। ਸਾਬਕਾ ਸਰਪੰਚ ਬੂਟਾ ਸਿੰਘ ਨੇ ਦੋਸ਼ ਲਗਾਇਆ ਕਿ ਪਿੰਡ ਵਾਸੀ ਦੀਦਾਰ ਸਿੰਘ ਤੇ ਮਨਜੀਤ ਸਿੰਘ ਮੌਕੇ ਵੱਲ ਆ ਰਹੇ ਸਨ ਤਾਂ ਦਰੱਖਤ ਕੱਟਣ ਵਾਲਿਆਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ 6 ਤੋਂ 7 ਵਿਅਕਤੀਆਂ ਜਿਨ੍ਹਾਂ ’ਚ ਔਰਤਾਂ ਵੀ ਸ਼ਾਮਲ ਸਨ, ਨੇ ਇਹ ਹਮਲਾ ਕੀਤਾ। ਇਸ ਹਮਲੇ ਵਿੱਚ ਮਨਜੀਤ ਸਿੰਘ ਦੇ ਕਾਫ਼ੀ ਸੱਟਾਂ ਲੱਗੀਆਂ ਜਦਕਿ ਦੀਦਾਰ ਸਿੰਘ ਦੇ ਮਾਮੂਲੀ ਸੱਟਾਂ ਲੱਗੀਆਂ। ਜ਼ਖ਼ਮੀ ਮਨਜੀਤ ਸਿੰਘ ਨੂੰ ਇਲਾਜ ਲਈ ਸਮਰਾਲਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Advertisement

ਹਸਪਤਾਲ ਵਿੱਚ ਇਲਾਜ ਅਧੀਨ ਜ਼ਖ਼ਮੀ ਮਨਜੀਤ ਸਿੰਘ।

ਇਸ ਦੌਰਾਨ ਸਾਬਕਾ ਸਰਪੰਚ ਨੇ ਦੱਸਿਆ ਕਿ ਪਿੰਡ ਦੀ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਉਸ ਵਿੱਚ ਲੱਗੇ ਬੂਟੇ ਕੱਟ ਕੇ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਿਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਦੂਜੀ ਧਿਰ ਦੇ ਜ਼ਖ਼ਮੀ ਜਤਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਨੇ ਕਿਸੇ ’ਤੇ ਕੋਈ ਹਮਲਾ ਨਹੀਂ ਕੀਤਾ ਬਲਕਿ ਮਾਮੂਲੀ ਹੱਥੋਪਾਈ ਹੋਈ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਆਪਣੇ-ਆਪ ਨੂੰ ਸੱਟਾਂ ਮਾਰ ਕੇ ਹਸਪਤਾਲ ਦਾਖਲ ਹੋ ਗਏ।
ਥਾਣਾ ਮੁਖੀ ਪਵਿੱਤਰ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement

ਪੰਚਾਇਤ ਵਿਭਾਗ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ

ਪੰਚਾਇਤ ਵਿਭਾਗ ਦੇ ਜੇ.ਈ. ਸੰਦੀਪ ਵੱਲੋਂ ਪੁਲੀਸ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਨ੍ਹਾਂ ਨੂੰ ਪਿੰਡ ਸ਼ਤਾਬਗੜ੍ਹ ਦੇ ਸਾਬਕਾ ਸਰਪੰਚ ਬੂਟਾ ਸਿੰਘ ਨੇ ਸੂਚਿਤ ਕੀਤਾ ਕਿ ਪੰਚਾਇਤੀ ਜ਼ਮੀਨ ’ਚੋਂ ਬਾਬਾ ਲਾਭ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪਾਪੂਲਰ ਦੇ ਦਰੱਖਤ ਕੱਟ ਕੇ ਉਨ੍ਹਾਂ ਨੂੰ ਵੇਚਿਆ ਜਾ ਰਿਹਾ ਹੈ। ਜੇ.ਈ. ਨੇ ਸ਼ਿਕਾਇਤ ’ਚ ਕਿਹਾ ਕਿ ਤੁਰੰਤ ਇਨ੍ਹਾਂ ਦਰੱਖਤਾਂ ਨੂੰ ਕੱਟਣ ਤੇ ਵੇਚਣ ਤੋਂ ਰੋਕਿਆ ਜਾਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

Advertisement
Author Image

Advertisement