ਫ਼ਰੀਦਕੋਟ ਸਿਵਲ ਹਸਪਤਾਲ ਵਿੱਚ ਦੋ ਧਿਰਾਂ ’ਚ ਟਕਰਾਅ
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 10 ਜੂਨ
ਇੱਥੋਂ ਦੇ ਸਿਵਲ ਹਸਪਤਾਲ ਵਿੱਚ ਅੱਜ ਦੁਪਹਿਰ ਵੇਲੇ ਅਚਾਨਕ ਦੋ ਧਿਰਾਂ ਦਰਮਿਆਨ ਝਗੜਾ ਹੋ ਗਿਆ। ਇਸ ਵਿੱਚ ਦੋ ਧਿਰਾਂ ਵੱਲੋਂ ਇੱਟਾਂ-ਰੋੜੇ ਚੱਲਣ ਕਾਰਨ ਸੱਤ ਵਿਅਕਤੀ ਜ਼ਖ਼ਮੀ ਹੋ ਗਏ।
ਸੂਚਨਾ ਅਨੁਸਾਰ ਕਿਰਨ ਕੌਰ ਜੋ ਨਕੋਦਰ ਵਿਆਹੀ ਹੈ, ਹਸਪਤਾਲ ਦੇ ਜ਼ੱਚ-ਬੱਚਾ ਵਿਭਾਗ ਵਿੱਚ ਦਾਖ਼ਲ ਸੀ, ਉਸ ਨੇ ਬੱਚੇ ਨੂੰ ਜਨਮ ਦਿੱਤਾ। ਇਸ ਸਬੰਧੀ ਕਿਰਨ ਕੌਰ ਦੀ ਮਾਂ ਕਮਲਜੀਤ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਕਿਰਨ ਦਾ ਸਹੁਰਾ ਪਰਿਵਾਰ ਉਸ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਕਰ ਕੇ ਉਹ ਪੇਕੇ ਘਰ ਰਹਿ ਰਹੀ ਸੀ। ਅੱਜ ਜਦੋਂ ਉਸ ਦੀ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ ਤਾਂ ਸਹੁਰਾ ਪਰਿਵਾਰ ਨੇ ਜ਼ਬਰਦਸਤੀ ਬੱਚਾ ਖੋਹ ਕੇ ਲਿਜਾਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਜਦੋਂ ਇਸ ਕਾਰਵਾਈ ਦਾ ਵਿਰੋਧ ਕੀਤਾ ਤਾਂ ਸਹੁਰਾ ਪਰਿਵਾਰ ਨੇ ਉਨ੍ਹਾਂ ਉੱਪਰ ਇੱਟਾਂ ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਡਾਕਟਰਾਂ ਦੀ ਸ਼ਿਕਾਇਤ ਤੋਂ ਬਾਅਦ ਪੁਲੀਸ ਟੀਮ ਮੌਕੇ ‘ਤੇ ਪੁੱਜ ਗਈ। ਸੂਚਨਾ ਅਨੁਸਾਰ ਕਮਲਜੀਤ ਦਾ ਸਹੁਰਾ ਪਰਿਵਾਰ ਹਮਲਾ ਕਰਨ ਮਗਰੋਂ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਘਟਨਾ ਵਿੱਚ ਜ਼ਖ਼ਮੀ ਹੋਏ ਸੱਤ ਵਿਅਕਤੀਆਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਸਿਟੀ ਪੁਲੀਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।