ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰਾਂ ਤੇ ਪੁਲੀਸ ਵਿਚਾਲੇ ਖਿੱਚ-ਧੂਹ
ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਜੁਲਾਈ
ਇੱਥੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਸੂਬੇ ਭਰ ਤੋਂ ਪੁੱਜੇ ਬੇਰੁਜ਼ਗਾਰਾਂ ਅਤੇ ਪੁਲੀਸ ਵਿਚਾਲੇ ਖਿੱਚ-ਧੂਹ ਹੋਈ। ਇਸ ਦੌਰਾਨ ਪੁਲੀਸ ਨੂੰ ਝਕਾਨੀ ਦੇ ਕੇ ਇੱਕ ਮਹਿਲਾ ਸਣੇ ਅੱਧੀ ਦਰਜਨ ਬੇਰੁਜ਼ਗਾਰ ਬੈਰੀਕੇਡ ਟੱਪ ਕੇ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਗੇਟ ਨੇੜੇ ਪੁੱਜਣ ’ਚ ਸਫਲ ਹੋ ਗਏ ਸੀ ਪਰ ਪੁਲੀਸ ਨੇ ਉਨ੍ਹਾਂ ਨੂੰ ਧੂਹ ਕੇ ਪਿੱਛੇ ਲਿਆਂਦਾ। ਬੈਰੀਕੇਡ ਟੱਪਣ ਮੌਕੇ ਮਹਿਲਾ ਬੇਰੁਜ਼ਗਾਰ ਦੇ ਗੋਡੇ ’ਤੇ ਸੱਟ ਲੱਗ ਗਈ। ਧੱਕਾ-ਮੁੱਕੀ ਦੌਰਾਨ ਇੱਕ-ਦੋ ਬੇਰੁਜ਼ਗਾਰਾਂ ਦੇ ਕੱਪੜੇ ਫ਼ਟ ਗਏ ਅਤੇ ਇੱਕ ਸਹਾਇਕ ਥਾਣੇਦਾਰ ਦੀ ਵਰਦੀ ਦਾ ਬੈਜ ਵੀ ਲਹਿ ਗਿਆ। ਬੇਰੁਜ਼ਗਾਰਾਂ ਨੇ ਸੜਕ ’ਤੇ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਬੇਰੁਜ਼ਗਾਰਾਂ ਸਾਂਝਾ ਮੋਰਚਾ ਦੀ ਅਗਵਾਈ ਹੇਠ ਸੁੂਬੇ ਭਰ ਤੋਂ ਬੇਰੁਜ਼ਗਾਰ ਅੱਜ ਵੇਰਕਾ ਮਿਲਕ ਪਲਾਂਟ ਨੇੜੇ ਇਕੱਠੇ ਹੋਏ, ਜਿੱਥੋਂ ਰੋਸ ਮਾਰਚ ਕਰਦਿਆਂ ਜਿਉਂ ਹੀ ਉਹ ਮੁੱਖ ਮੰਤਰੀ ਦੀ ਕੋਠੀ ਵੱਲ ਵਧੇ ਤਾਂ ਪੁਲੀਸ ਨੇ ਸਖ਼ਤ ਨਾਕੇਬੰਦੀ ਕਰਕੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਜੰਮ ਕੇ ਖਿੱਚ-ਧੂਹ ਹੋਈ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਝੁਨੀਰ ਅਤੇ ਕੁਲਵਿੰਦਰ ਸਿੰਘ ਗਿੱਲ ਨੇ ਦੋਸ਼ ਲਾਇਆ ਕਿ ਪੁਲੀਸ ਨੇ ਬੇਰੁਜ਼ਗਾਰਾਂ ਨਾਲ ਬਦਸਲੂਕੀ ਕੀਤੀ ਅਤੇ ਕਈ ਬੇਰੁਜ਼ਗਾਰਾਂ ਦੇ ਕੱਪੜੇ ਫਟ ਗਏ। ਉਨ੍ਹਾਂ ਕਿਹਾ ਕਿ ਸੱਤ ਜੁਲਾਈ ਨੂੰ ਜਲੰਧਰ ਵਿੱਚ ਮੁੱਖ ਮੰਤਰੀ ਨੇ ਬੇਰੁਜ਼ਗਾਰਾਂ ਨਾਲ ਮਿਲਣੀ ਦੌਰਾਨ ਭਰੋਸਾ ਦਿੱਤਾ ਸੀ ਕਿ 15 ਜੁਲਾਈ ਮਗਰੋਂ ਚੰਡੀਗੜ੍ਹ ’ਚ ਪੈਨਲ ਮੀਟਿੰਗ ਕੀਤੀ ਜਾਵੇਗੀ ਪਰ ਦੋ ਹਫ਼ਤੇ ਬੀਤਣ ਉਪਰੰਤ ਵੀ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਗਿਆ। ਆਗੂਆਂ ਨੇ ਮੰਗ ਕੀਤੀ ਕਿ ਉਮਰ ਹੱਦ ਛੋਟ ਦੇ ਕੇ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਖਾਲੀ ਅਸਾਮੀਆਂ ’ਤੇ ਭਰਤੀ ਕੀਤੀ ਜਾਵੇ, ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫ਼ੀਸਦੀ ਦੀ ਸ਼ਰਤ ਰੱਦ ਕੀਤੀ ਜਾਵੇ, 250 ਆਰਟ ਐਂਡ ਕਰਾਫਟ ਅਧਿਆਪਕ ਭਰਤੀ ਦਾ ਲਿਖਤੀ ਪੇਪਰ ਤੁਰੰਤ ਲਿਆ ਜਾਵੇ। ਕਰੀਬ ਦੋ ਘੰਟੇ ਦੇ ਪ੍ਰਦਰਸ਼ਨ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਦੋ ਦਿਨਾਂ ਵਿੱਚ ਮੁੱਖ ਮੰਤਰੀ ਦੇ ਓਐੱਸਡੀ ਨਾਲ ਮੀਟਿੰਗ ਕਰਵਾ ਕੇ ਮੀਟਿੰਗ ਦਾ ਸਮਾਂ ਤੈਅ ਕਰਾਉਣ ਅਤੇ ਸਿੱਖਿਆ ਮੰਤਰੀ ਨਾਲ ਪੰਜ ਅਗਸਤ ਨੂੰ ਮੀਟਿੰਗ ਦਾ ਭਰੋਸਾ ਦਿੱਤਾ, ਜਿਸ ’ਤੇ ਬੇਰੁਜ਼ਗਾਰਾਂ ਨੇ ਧਰਨਾ ਸਮਾਪਤ ਕੀਤਾ।
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੀਟਿੰਗ ਨਾ ਕਰਵਾਈ ਤਾਂ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਮੁੱਖ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ।