ਮੰਡੌਰ ’ਚ ਸ਼ਾਮਲਾਟ ਦੀ ਬੋਲੀ ਦੌਰਾਨ ਪੁਲੀਸ ਤੇ ਲੋਕਾਂ ’ਚ ਝੜਪ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਨਾਭਾ/ਪਟਿਆਲਾ, 28 ਜੂਨ
ਪਿੰਡ ਮੰਡੌਰ ਵਿੱਚ ਅੱਜ ਤੀਜੇ ਹਿੱਸੇ ਦੀ ਰਾਖਵੀਂ ਸ਼ਾਮਲਾਟ ਦੀ ਬੋਲੀ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨਾਂ ਦੀ ਪੁਲੀਸ ਨਾਲ ਝੜਪ ਹੋਈ, ਜਿਸ ਕਾਰਨ ਕਈ ਜਣਿਆਂ ਦੇ ਜ਼ਖ਼ਮੀ ਹੋਣ ਦੀ ਚਰਚਾ ਹੈ। ਜ਼ਖ਼ਮੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਕਮੇਟੀ ਦੇ ਆਗੂਆਂ ਨੇ ਇਸ ਨੂੰ ਡੰਮੀ ਬੋਲੀ ਦੱਸਦਿਆਂ ਇਸ ਦਾ ਵਿਰੋਧ ਕੀਤਾ, ਜਿਸ ਦੌਰਾਨ ਪੁਲੀਸ ਵੱਲੋਂ ਕਥਿਤ ਹਲਕਾ ਲਾਠੀਚਾਰਜ ਵੀ ਕੀਤਾ ਗਿਆ। ਹਾਲਾਂਕਿ ਪੁਲੀਸ ਅਧਿਕਾਰੀਆਂ ਨੇ ਲਾਠੀਚਾਰਜ ਹੋਣ ਤੋਂ ਇਨਕਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਦੀ ਇਸ ਸ਼ਾਮਲਾਟ ਜ਼ਮੀਨ ਦੀ ਬੋਲੀ ਸਬੰਧੀ ਪਹਿਲਾਂ ਤੋਂ ਹੀ ਤਣਾਅ ਚੱਲ ਰਿਹਾ ਸੀ, ਜਿਸ ਕਾਰਨ ਅੱਜ ਬੋਲੀ ਮੌਕੇ ਉਥੇ ਵੱਡੀ ਗਿਣਤੀ ਵਿੱਚ ਪੁਲੀਸ ਬਲ ਤਾਇਨਾਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਤਿੰਨ ਵਾਰੀ ਇਹ ਬੋਲੀ ਰੱਦ ਕੀਤੀ ਜਾ ਚੁੱਕੀ ਹੈ। ਪਿੰਡ ਵਾਸੀਆਂ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ ਤਿੰਨ ਵਾਰ ਬੋਲੀ ਰੱਦ ਹੋਣ ਮਗਰੋਂ ਅੱਜ ਚੌਥੀ ਵਾਰ ਬੋਲੀ ਐੱਸਸੀ ਧਰਮਸ਼ਾਲਾ ਵਿੱਚ ਰੱਖੀ ਗਈ, ਪਰ ਪਿੰਡ ਤੋਂ ਬਾਹਰਲੇ ਲੋਕਾਂ ਨੂੰ ਇਸ ਬੋਲੀ ਵਿੱਚ ਸ਼ਾਮਲ ਕੀਤਾ ਗਿਆ, ਜਿਸ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਹੈ। ਇਸ ਬਾਰੇ ਨਾਭਾ ਦੇ ਬੀਡੀਪੀਓ ਪੀਐੱਸ ਕ੍ਰਿਸ਼ਨ ਨੇ ਦੱਸਿਆ ਕਿ ਪਿੰਡ ਤੋਂ ਬਾਹਰੋਂ ਵੀ ਦਲਿਤ ਵਰਗ ਨਾਲ ਸਬੰਧਤ ਵਿਅਕਤੀ ਬੋਲੀ ਦੇ ਸਕਦਾ ਹੈ, ਪਰ ਅੱਜ ਰੌਲਾ ਬੋਲੀ ਦੇ ਮੁੱਲ ਤੋਂ ਪਿਆ ਹੈ। ਜਥੇਬੰਦੀ ਇਹ ਦਬਾਅ ਬਣਾ ਰਹੀ ਸੀ ਕਿ ਉਨ੍ਹਾਂ ਨੂੰ ਜ਼ਮੀਨ ਤੀਜੇ ਹਿੱਸੇ ਦੇ ਰੇਟ ‘ਤੇ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਿਸਨੇ ਵੀ ਬੋਲੀ ਲਈ ਜ਼ਮਾਨਤ ਭਰੀ ਸੀ ਉਸੇ ਨੂੰ ਅੰਦਰ ਆਉਣ ਦੀ ਇਜ਼ਾਜਤ ਸੀ। ਹੋਰ ਕਿਸੇ ਵੀ ਵਿਅਕਤੀ ਨੂੰ ਪੁਲੀਸ ਨੇ ਅੰਦਰ ਨਹੀਂ ਜਾਣ ਦਿੱਤਾ ਹੈ।
ਇਸ ਮੌਕੇ ਬਲਾਕ ਸਮਿਤੀ ਮੈਂਬਰ ਤੇ ਸਰਪੰਚ ਕੁਲਦੀਪ ਕੌਰ ਦੇ ਪਤੀ ਹਰਜਸਪਾਲ ਸਿੰਘ ਨੇ ਕਿਹਾ ਕਿ ਅੱਜ ਦੀ ਬੋਲੀ ਕਾਨੂੰਨ ਅਨੁਸਾਰ ਹੋਈ ਹੈ। ਨਾਭਾ ਦੇ ਡੀਐੱਸਪੀ ਦਵਿੰਦਰ ਅਤਰੀ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ ਤੇ ਮਾਹੌਲ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਮੀਤ ਪ੍ਰਧਾਨ ਗੁਰਵਿੰਦਰ ਬੌੜਾਂ ਨੇ ਪੁਲੀਸ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਕਾਨੂੰਨ ਮੁਤਾਬਕ ਇਕ ਬੰਦਾ 10 ਏਕੜ ਤੋਂ ਵੱਧ ਦੀ ਬੋਲੀ ਨਹੀਂ ਦੇ ਸਕਦਾ, ਪਰ ਇਸ ਬੋਲੀ ਵਿੱਚ ਇੱਕੋ ਘਰ ਦੇ ਦੋ ਮੈਂਬਰ ਦੇ ਨਾਮ ‘ਤੇ 32 ਏਕੜ ਜ਼ਮੀਨ ਦੀ ਬੋਲੀ ਤੋੜ ਦਿੱਤੀ ਗਈ ਹੈ।