ਪੁਲੀਸ ਤੇ ਬਸਪਾ ਵਰਕਰਾਂ ਵਿਚਾਲੇ ਧੱਕਾ-ਮੁੱਕੀ
ਹਤਿੰਦਰ ਮਹਿਤਾ
ਜਲੰਧਰ, 25 ਜੂਨ
ਇਥੇ ਸਈਪੁਰ ਦੇ ਮਾਮਲੇ ‘ਚ ਚਲਦੇ ਪ੍ਰਦਰਸ਼ਨਾਂ ਤੋਂ ਬਾਅਦ ਕਈ ਵਰਕਰਾਂ ਅਤੇ ਪੁਲੀਸ ਵਿਚਾਲੇ ਧੱਕਾਮੁੱਕੀ ਹੋਈ। ਪੁਲੀਸ ਨੇ ਕਈ ਵਰਕਰਾਂ ਨੂੰ ਹਿਰਾਸਤ ਵਿਚ ਲਿਆ ਤੇ ਬਾਅਦ ‘ਚ ਰਿਹਾਅ ਕਰ ਦਿੱਤਾ। ਇਸ਼ ਸਬੰਧ ਵਿਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਜਲੰਧਰ ਲੋਕ ਸਭਾ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਨੇ ਸਈਪੁਰ ਦੇ ਮਾਮਲੇ ਵਿਚ ਜਲੰਧਰ ਕਮਿਸ਼ਨਰੇਟ ਪੁਲੀਸ ‘ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਦੋਸ਼ ਲਗਾਇਆ ਕਿ ਪੁਲੀਸ ਨੇ ਵਰਕਰਾਂ ‘ਤੇ ਲਾਠੀਚਾਰਜ ਕੀਤਾ ਹੈ। ਬਸਪਾ ਵਰਕਰਾਂ ਨੇ ਇਸ ਦਾ ਵਿਰੋਧ ਕੀਤਾ। ਇਨ੍ਹਾਂ ਰੋਸ ਪ੍ਰਦਰਸ਼ਨਾਂ ਦੌਰਾਨ ਪੁਲੀਸ ਨੇ ਬਸਪਾ ਆਗੂਆਂ ਬਲਵਿੰਦਰ ਕੁਮਾਰ, ਸ਼ਾਦੀ ਲਾਲ ਬੱਲ, ਰੂਬੀ ਬੱਲ, ਸ਼ਾਮ ਕਟਾਰੀਆ, ਰਵੀ ਵਿਰਦੀ, ਕਰਨ ਹੀਰ, ਟੀਟਾ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਲਾਈਨ ਜਿੱਥੇ ਬਸਪਾ ਵਰਕਰਾਂ ਨੂੰ ਲੈ ਕੇ ਗਏ ਸੀ, ਉਥੇ ਵੱਡੀ ਗਿਣਤੀ ਵਿਚ ਬਸਪਾ ਵਰਕਰਾਂ ਨੇ ਇਕੱਠੇ ਹੋ ਕੇ ਜਾਮ ਲਗਾ ਦਿੱਤਾ। ਇਸ ਤਰ੍ਹਾਂ ਹੀ ਬੂਟਾ ਮੰਡੀ ‘ਚ ਜਾਮ ਲਗਾਇਆ ਗਿਆ, ਫਗਵਾੜਾ ਤੇ ਅਲਾਵਲਪੁਰ ਜਾਮ ਲਗਾਇਆ ਗਿਆ ਤੇ ਜਦੋਂ ਬਸਪਾ ਵਰਕਰਾਂ ਨੂੰ ਛੱਡਣ ਤੋਂ ਬਾਅਦ ਹੀ ਵਰਕਰਾਂ ਨੇ ਜਾਮ ਖੋਲ੍ਹਿਆ। ਇਸ ਸਬੰਧ ਵਿਚ ਪੁਲੀਸ ਅਧਿਕਾਰੀਆਂ ਨੇ ਬਸਪਾ ਵਰਕਰਾਂ ਵੱਲੋਂ ਲਗਾਏ ਗਏ ਲਾਠੀਚਾਰਜ ਕਰਨ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਤੇ ਕਿਹਾ ਕਿ ਪੁਲੀਸ ਵਲੋਂ ਕਿਸੇ ‘ਤੇ ਵੀ ਲਾਠੀਚਾਰਜ ਨਹੀਂ ਕੀਤਾ ਗਿਆ।