ਚੰਦਭਾਨ ’ਚ ਲੋਕਾਂ ਤੇ ਪੁਲੀਸ ਵਿਚਾਲੇ ਟਕਰਾਅ
ਸ਼ਗਨ ਕਟਾਰੀਆ
ਜੈਤੋ, 5 ਫਰਵਰੀ
ਇੱਥੋਂ ਨੇੜਲੇ ਪਿੰਡ ਚੰਦਭਾਨ ’ਚ ਪਾਣੀ ਦੇ ਨਿਕਾਸ ਲਈ ਗਲੀ ’ਚ ਨਾਲੀ ਬਣਾਏ ਜਾਣ ਤੋਂ ਹਿੰਸਕ ਵਿਵਾਦ ਪੈਦਾ ਹੋ ਗਿਆ ਤੇ ਮਾਮਲਾ ਇੰਨਾ ਵਧ ਗਿਆ ਐੱਸਐੱਸਪੀ ਫ਼ਰੀਦਕੋਟ ਡਾ. ਪ੍ਰਗਿਆ ਜੈਨ ਨੂੰ ਸਥਿਤੀ ’ਤੇ ਕਾਬੂ ਪਾਉਣ ਲਈ ਖ਼ੁਦ ਘਟਨਾ ਸਥਾਨ ’ਤੇ ਆਉਣਾ ਪਿਆ। ਜਾਣਕਾਰੀ ਮੁਤਾਬਕ ਪਿੰਡ ਦੀ ਮਹਿਲਾ ਸਰਪੰਚ ਦਲਿਤ ਭਾਈਚਾਰੇ ਨਾਲ ਸਬੰਧਤ ਹੈ। ਉਸ ਦੇ ਭਾਈਚਾਰੇ ਨਾਲ ਸਬੰਧਤ ਕੁਝ ਘਰਾਂ ਦੇ ਪਾਣੀ ਦੀ ਨਿਕਾਸੀ ਲਈ ਬਣਾਈ ਜਾਣ ਵਾਲੀ ਗਲੀ ਲਈ ਪਿੰਡ ਦੇ ਇੱਕ ਜ਼ਿਮੀਂਦਾਰ ਸਣੇ ਕੁਝ ਹੋਰ ਪਰਿਵਾਰਾਂ ਦੇ ਘਰਾਂ ਅੱਗੇ ਬਣੇ ਥੜ੍ਹੇ ਤੋੜੇ ਜਾਣੇ ਸਨ, ਜਿਸ ਦਾ ਸਬੰਧਤ ਪਰਿਵਾਰਾਂ ਨੂੰ ਇਤਰਾਜ਼ ਸੀ। ਇਸੇ ਗੱਲ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਅੱਜ ਵੀ ਪ੍ਰਦਰਸ਼ਨਕਾਰੀਆਂ ’ਚ ਮਜ਼ਦੂਰ ਲੋਕਾਂ ਦੀ ਹੀ ਬਹੁਤਾਤ ਸੀ। ਧਰਨਾ ਲੱਗਾ ਹੋਣ ਕਾਰਨ ਜੈਤੋ-ਬਠਿੰਡਾ ਵਿਚਾਲੇ ਆਵਾਜਾਈ ਨੂੰ ਬਰਾਸਤਾ ਬਾਜਾਖਾਨਾ ਆਪਣੀਆਂ ਮੰਜ਼ਿਲ ਵੱਲ ਵਧਣਾ ਪਿਆ।
ਪਿੰਡ ਚੰਦਭਾਨ ਦੇ ਦਲਿਤ ਭਾਈਚਾਰੇ ਦੇ ਲੋਕ ਅੱਜ ਸਵੇਰ ਤੋਂ ਹੀ ਜੈਤੋ-ਬਠਿੰਡਾ ਰੋਡ ’ਤੇ ਧਰਨਾ ਲਾਈ ਬੈਠੇ ਸਨ। ਸ਼ਾਮ ਵੇੇਲੇ ਪੁਲੀਸ ਨੇ ਧਰਨਾਕਾਰੀਆਂ ਨੂੰ ਉੱਥੋਂ ਖਦੇੜਨਾ ਸ਼ੁਰੂ ਕੀਤਾ ਤਾਂ ਪੁਲੀਸ ਦੀ ਘੱਟ ਨਫ਼ਰੀ ਨੂੰ ਦੇਖ ਕੇ ਸੈਂਕੜਿਆਂ ਦੀ ਗਿਣਤੀ ’ਚ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ’ਤੇ ਇੱਟਾਂ ਅਤੇ ਡਲਿਆਂ ਦੀ ਵਾਛੜ ਕਰ ਦਿੱਤੀ। ਘਟਨਾ ’ਚ ਕਈ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ। ਧਰਨਾਕਾਰੀਆਂ ਨੇ ਪੁਲੀਸ ਮੁਲਾਜ਼ਮਾਂ ਦੀਆਂ ਨਿੱਜੀ ਗੱਡੀਆਂ ਤੋਂ ਇਲਾਵਾ ਸੜਕ ’ਤੇ ਜਾਮ ’ਚ ਫਸੇ ਵਾਹਨਾਂ ਦੀ ਭੰਨ-ਤੋੜ ਵੀ ਕੀਤੀ। ਇਸ ਮਗਰੋਂ ਪੁਲੀਸ ਨੇ ਹਾਲਾਤ ’ਤੇ ਕਾਬੂ ਪਾਉਣ ਲਈ ਜ਼ਿਲ੍ਹਾ ਹੈੱਡਕੁਆਟਰ ਫ਼ਰੀਦਕੋਟ ਤੋਂ ਹੋਰ ਪੁਲੀਸ ਨਫ਼ਰੀ ਬੁਲਾ ਲਈ ਅਤੇ ਜਲ ਤੋਪਾਂ ਦੀ ਵਰਤੋਂ ਕਰ ਕੇ ਧਰਨਕਾਰੀਆਂ ਨੂੰ ਖਦੇੜ ਦਿੱਤਾ। ਸੂਤਰਾਂ ਅਨੁਸਾਰ ਇਸ ਮਗਰੋਂ ਪੁਲੀਸ ਨੇ ਮੁਲਾਜ਼ਮਾਂ ’ਤੇ ਹਮਲਾ ਕਰਨ ਵਾਲਿਆਂ ਦੀ ਸ਼ਨਾਖਤ ਕਰਦਿਆਂ ਦੇਰ ਸ਼ਾਮ ਤੱਕ ਲਗਪਗ ਚਾਰ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ।