ਮਾਨਸਾ ’ਚ ਪੱਲੇਦਾਰਾਂ ਤੇ ਪੁਲੀਸ ਵਿਚਾਲੇ ਧੱਕਾ-ਮੁੱਕੀ
ਜੋਗਿੰਦਰ ਸਿੰਘ ਮਾਨ
ਮਾਨਸਾ, 30 ਜੁਲਾਈ
ਜ਼ਿਲ੍ਹਾ ਕਚਹਿਰੀਆਂ ਵਿੱਚ ਅੱਜ ਪੱਲੇਦਾਰਾਂ ਅਤੇ ਪੁਲੀਸ ਦੇ ਵਿਚਕਾਰ ਜ਼ਬਰਦਸਤ ਧੱਕਾ-ਮੁਕੀ ਹੋਈ ਅਤੇ ਇਸ ਦੌਰਾਨ ਪੱਲੇਦਾਰਾਂ ਦੀਆਂ ਪੱਗਾਂ ਲੱਥ ਗਈਆਂ। ਪੱਲੇਦਾਰਾਂ ਵੱਲੋਂ ਠੇਕੇਦਾਰੀ ਪ੍ਰਬੰਧ ਬੰਦ ਕਰਨ ਸਮੇਤ ਹੋਰ ਮੰਗਾਂ ਨੂੰ ਲੈਕੇ ਮਾਨਸਾ ਵਿੱਚ ਲਾਏ ਧਰਨੇ ਦੌਰਾਨ ਦੋਹਾਂ ਧਿਰਾਂ ਵਿਚਕਾਰ ਉਸ ਵੇਲੇ ਤਣਾਅ ਪੈਦਾ ਹੋ ਗਿਆ ਜਦੋਂ ਪੱਲੇਦਾਰ ਮੰਗ ਪੱਤਰ ਦੇਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਵੱਲ ਕੂਚ ਕਰਨ ਲੱਗੇ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦਾ ਯਤਨ ਕੀਤਾ ਪਰ ਤਹਿਸ਼ ’ਚ ਆਏ ਪੱਲੇਦਾਰਾਂ ਨੇ ਬੈਰੀਕੇਡ ਉਖਾੜ ਸੁੱਟੇ ਅਤੇ ਪੁਲੀਸ ਦਾ ਘੇਰਾ ਤੋੜ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੱਗੇ ਤੱਕ ਉੱਚ ਅਧਿਕਾਰੀਆਂ ਦੇ ਮੁੱਖ ਦਫ਼ਤਰਾਂ ਤੱਕ ਜਾ ਵੜੇ। ਇਸ ਤੋਂ ਪਹਿਲਾਂ ਮਾਨਸਾ ਵਿੱਚ ਪੱਲੇਦਾਰਾਂ ਵੱਲੋਂ ਸ਼ਹਿਰ ਦੇ ਵਿੱਚ ਕਾਲੀਆਂ ਝੰਡੀਆਂ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਧਰਨਾ ਲਾਇਆ। ਧਰਨੇ ਦੌਰਾਨ ਜਦੋਂ ਕੋਈ ਅਧਿਕਾਰੀ ਮੰਗ ਪੱਤਰ ਲੈਣ ਨਾ ਆਇਆ ਤਾਂ ਪੱਲੇਦਾਰਾਂ ਨੇ ਅਚਾਨਕ ਅਧਿਕਾਰੀਆਂ ਕੋਲ ਰੋਸ ਪ੍ਰਗਟਾਉਣ ਲਈ ਚਾਲੇ ਪਾਏ। ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜਦੋਂ ਪੱਲੇਦਾਰਾਂ ਨੇ ਡੀਸੀ ਦਫ਼ਤਰ ਵੰਨੀ ਹੱਲਾ ਬੋਲਿਆਂ ਤਾਂ ਪੁਲੀਸ ਦੀਆਂ ਹਲਕੀਆਂ ਨਾਕੇਬੰਦੀਆਂ ਤੋੜਦਿਆਂ ਉਹ ਧੁਰ ਅੱਗੇ ਤੱਕ ਜਾ ਪਹੁੰਚੇ, ਜਿੱਥੇ ਪੁਲੀਸ ਅਤੇ ਪੱਲੇਦਾਰਾਂ ਦੀ ਆਪਸ ਵਿੱਚ ਧੱਕੇ-ਮੁੱਕੀ ਹੋ ਗਈ। ਇਸ ਦੌਰਾਨ ਅਧਿਕਾਰੀਆਂ ਦੇ ਗੰਨਮੈਨ ਵੀ ਪੁਲੀਸ ਦੀ ਸਹਾਇਤਾ ’ਤੇ ਆਏ, ਜਿਸ ਦੌਰਾਨ ਪੱਲੇਦਾਰਾਂ ਦੀਆਂ ਪੱਗਾਂ ਵੀ ਲੱਥ ਗਈਆਂ। ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਿੰਦਰਪਾਲ ਸਿੰਘ ਚੁਕੇਰੀਆਂ ਨੇ ਕਿਹਾ ਕਿ ਪਿਛਲੇ ਸੱਤ ਮਹੀਨਿਆਂ ਤੋਂ ਉਹ ਆਪਣੀਆਂ ਮੰਗਾਂ ਨੂੰ ਲੈਕੇ ਸੰਗਰੂਰ ਵਿਖੇ ਪ੍ਰਦਰਸ਼ਨ ਕਰ ਰਹੇ ਹਨ, ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਲੇਦਾਰਾਂ ਦੇ ਨਾਲ ਕੋਈ ਵੀ ਮੀਟਿੰਗ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਨੇ ਪੱਲੇਦਾਰਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਠੇਕੇਦਾਰੀ ਸਿਸਟਮ ਨੂੰ ਬੰਦ ਕਰ ਦਿੱਤਾ ਜਾਵੇਗਾ, ਪਰ ਅਜੇ ਤੱਕ ਠੇਕੇਦਾਰੀ ਸਿਸਟਮ ਨੂੰ ਬੰਦ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਜਥੇਬੰਦੀ ਨਾਲ ਪਹਿਲਾਂ ਕੁੱਝ ਮੀਟਿੰਗਾਂ ਤੱਕ ਕੀਤੀਆਂ, ਪਰ ਹੁਣ ਪੱਲੇਦਾਰਾਂ ਨੂੰ ਪਛਾਨਣ ਤੋਂ ਹੀ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਅਤੇ ਪੰਜਾਬ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੌਰਾਨ ਡੀਸੀ ਨੂੰ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ।
ਪੱਲੇਦਾਰਾਂ ਨੇ ਸਰਕਾਰ ’ਤੇ ਲਾਏ ਮੰਗਾਂ ਅਣਗੌਲਿਆਂ ਕਰਨ ਦੇ ਦੋਸ਼
ਬਠਿੰਡਾ (ਸ਼ਗਨ ਕਟਾਰੀਆ): ਪੰਜਾਬ ਦੇ ਪੱਲੇਦਾਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਪੱਲੇਦਾਰਾਂ ਨੂੰ ਠੇਕੇਦਾਰਾਂ ਦੇ ਜੂਲੇ ਹੇਠੋਂ ਕੱਢ ਕੇ ਸਿੱਧੀ ਅਦਾਇਗੀ ਕਰਨ ਦੀ ਮੰਗ ਲੈ ਕੇ ਅੱਜ ਇੱਥੇ ਰਾਜ ਸਰਕਾਰ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ। ਉਨ੍ਹਾਂ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਦੇ ਨਾਂਅ ਇੱਕ ਮੰਗ ਪੱਤਰ ਵੀ ਭੇਜਿਆ। ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਪੱਲੇਦਾਰਾਂ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨੀਤੀ ਠੇਕੇਦਾਰਾਂ ਦੇ ਪੱਖ ਅਤੇ ਮਜ਼ਦੂਰ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਇਸ ਨੀਤੀ ਨੂੰ ਰੱਦ ਕਰਵਾਉਣ ਲਈ ਪੱਲੇਦਾਰ ਜਥੇਬੰਦੀਆਂ ਵੱਲੋਂ ਸੱਤ ਮਹੀਨਿਆਂ ਤੋਂ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਬੇਮਿਆਦੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰੀ ਸਿਸਟਮ ਨੂੰ ਰੱਦ ਕਰਵਾਉਣ ਲਈ ਕਈ ਵਾਰ ਮੰਤਰੀਆਂ ਦੇ ਨਾਲ ਮੀਟਿੰਗ ਵੀ ਹੋਈ ਹੈ, ਪਰ ਸਰਕਾਰ ਠੇਕੇਦਾਰੀ ਪ੍ਰਬੰਧ ਨੂੰ ਮਨਸੂਖ਼ ਕਰਨ ਪ੍ਰਤੀ ਸੰਜੀਦਗੀ ਨਾਲ ਵਿਚਾਰ ਨਹੀਂ ਕਰ ਰਹੀ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਆਉਂਦੀ ਮਜ਼ਦੂਰੀ ਦੀ ਰਾਸ਼ੀ ਦੀ ਪੱਲੇਦਾਰਾਂ ਨੂੰ ਸਿੱਧੀ ਅਦਾਇਗੀ ਕੀਤੀ ਜਾਵੇ। ਇਸੇ ਤਰ੍ਹਾਂ ਬਗ਼ੈਰ ਟੈਂਡਰ ਤੇ ਬਿਨਾਂ ਸਕਿਓਰਟੀ ਰਕਮ ਤੋਂ ਲਿਫਟਿੰਗ ਦਾ ਕੰਮ ਪੱਲੇਦਾਰਾਂ ਨੂੰ ਦਿੱਤਾ ਜਾਵੇ।