ਖਰਾਬ ਬੀਜ ਦੇਣ ਦੇ ਮਾਮਲੇ ’ਚ ਕਿਸਾਨਾਂ ਤੇ ਦੁਕਾਨਦਾਰਾਂ ਵਿਚਾਲੇ ਝੜਪ
ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 21 ਅਕਤੂਬਰ
ਨਿਹਾਲ ਸਿੰਘ ਵਾਲਾ ਵਿੱਚ ਕਿਸਾਨਾਂ ਤੇ ਦੁਕਾਨਦਾਰਾਂ ਦੀ ਝੋਨੇ ਦੇ ਬੀਜ ਨੂੰ ਲੈ ਕੇ ਝੜਪ ਹੋ ਗਈ ਜਿਸ ਵਿੱਚ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਜੌਲੀ ਦੇ ਸਿਰ ਵਿੱਚ ਸੱਟ ਵੱਜੀ ਹੈ। ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਇਸ ਧੱਕਾ-ਮੁੱਕੀ ਵਿੱਚ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਹੇਠ ਆਏ ਕਿਸਾਨਾਂ ’ਚੋਂ ਇਕ ਕਿਸਾਨ ਦੀ ਪੱਗ ਲੱਥ ਗਈ।
ਕਿਸਾਨਾਂ ਦੇ ਇਸ ਵਤੀਰੇ ਖ਼ਿਲਾਫ਼ ਨਿਹਾਲ ਸਿੰਘ ਵਾਲਾ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਚੌਕ ਵਿੱਚ ਧਰਨਾ ਲਾ ਦਿੱਤਾ। ਰਾਕੇਸ਼ ਕੁਮਾਰ ਤੇ ਦਰਸ਼ਨ ਸਿੰਗਲਾ ਨੇ ਕਿਹਾ ਕਿ ਕਿਸਾਨਾਂ ਦੇ ਮੰਗਣ ’ਤੇ ਹੀ ਸ਼ਕਤੀਵਰਧਕ ਕੰਪਨੀ ਦਾ 1407 ਬੀਜ ਦਿੱਤਾ ਗਿਆ ਸੀ। ਝੋਨੇ ਨੂੰ ਰੋਗ ਲੱਗਣ ਕਰਕੇ ਹੀ ਫ਼ਸਲ ਦਾ ਨੁਕਸਾਨ ਹੋਇਆ ਹੈ। ਵਪਾਰ ਮੰਡਲ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਕਿਸਾਨਾਂ ਨੂੰ ਦੁਕਾਨਾਂ ਤੋਂ ਪਰੇ ਹੱਟ ਕੇ ਧਰਨਾ ਲਗਾਉਣ ਲਈ ਕਿਹਾ ਸੀ ਪਰ ਕਿਸਾਨਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਜਿਸ ਵਿੱਚ ਪ੍ਰਧਾਨ ਇੰਦਰਜੀਤ ਜੌਲੀ ਗਰਗ ਜ਼ਖਮੀ ਹੋ ਗਿਆ। ਉਨ੍ਹਾਂ ਪੁਲੀਸ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਜਗਨ ਨਾਥ ਐਂਡ ਕੰਪਨੀ ਦੀ ਦੁਕਾਨ ਮੂਹਰੇ ਧਰਨਾ ਦੇ ਰਹੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਭਲੂਰ ਦੇ ਗੁਰਬਚਨ ਸਿੰਘ ਪ੍ਰਧਾਨ, ਜਗਰੂਪ ਸਿੰਘ ਪੁਸ਼ਪਿੰਦਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਪਿੰਡ ਭਲੂਰ ਦੇ ਕਿਸਾਨ ਖੁਸ਼ਦੀਪ ਸਿੰਘ, ਜਗਰੂਪ ਸਿੰਘ ਨੇ ਮੈਸਰਜ਼ ਜਗਨਨਾਥ ਐਂਡ ਸੰਨਜ਼ ਤੋਂ ਮਈ ਮਹੀਨੇ ਬਾਸਮਤੀ 1407 ਦਾ ਬੀਜ ਖਰੀਦਿਆ ਸੀ ਪਰ ਬੀਜ ਚੰਗਾ ਨਾ ਹੋਣ ਕਰ ਕੇ ਪੰਜ ਏਕੜ ਝੋਨਾ ਪੂਰੀ ਤਰ੍ਹਾਂ ਖਰਾਬ ਹੋ ਗਿਆ। ਬਾਕੀ ਅਠਾਈ ਕਿੱਲੇ ਝੋਨੇ ਦਾ ਵੀ ਵੀਹ ਤੋਂ ਤੀਹ ਫੀਸਦ ਨੁਕਸਾਨ ਹੋਵੇਗਾ ਜਿਸ ਦਾ ਜ਼ਿੰਮੇਵਾਰ ਸਿਰਫ਼ ਦੁਕਾਨਦਾਰ ਹੈ। ਦੁਕਾਨਦਾਰ ਨਾਲ ਹੱਥੋ ਪਾਈ ਹੋਣ ਬਾਰੇ ਉਨ੍ਹਾਂ ਦੱਸਿਆ ਕਿ ਦੁਕਾਨਦਾਰ ਵੱਲੋਂ ਉਨ੍ਹਾਂ ਲਈ ਗ਼ਲਤ ਸ਼ਬਦਾਵਲੀ ਵਰਤੀ ਗਈ ਸੀ ਤੇ ਕਿਸਾਨਾਂ ਵੱਲੋਂ ਝਗੜੇ ਦੀ ਪਹਿਲ ਨਹੀਂ ਕੀਤੀ ਗਈ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।