For the best experience, open
https://m.punjabitribuneonline.com
on your mobile browser.
Advertisement

ਹੰਸ ਰਾਜ ਦਾ ਵਿਰੋਧ ਕਰਦੇ ਕਿਸਾਨਾਂ ਅਤੇ ਪੁਲੀਸ ਦਰਮਿਆਨ ਝੜਪ

08:52 AM Apr 15, 2024 IST
ਹੰਸ ਰਾਜ ਦਾ ਵਿਰੋਧ ਕਰਦੇ ਕਿਸਾਨਾਂ ਅਤੇ ਪੁਲੀਸ ਦਰਮਿਆਨ ਝੜਪ
ਢੁੱਡੀਕੇ ਵਿੱਚ ਕਿਸਾਨਾਂ ਨੂੰ ਜਬਰੀ ਲੈ ਕੇ ਜਾਂਦੇ ਹੋਏ ਪੁਲੀਸ ਅਧਿਕਾਰੀ।
Advertisement

ਮਹਿੰਦਰ ਸਿੰਘ ਰੱਤੀਆਂ/ਗੁਰਪ੍ਰੀਤ ਸਿੰਘ ਦੌਧਰ
ਮੋਗਾ/ਅਜੀਤਵਾਲ, 14 ਅਪਰੈਲ
ਫ਼ਰੀਦਕੋਟ ਰਾਖਵਾਂ ਹਲਕੇ ਤੋਂ ਭਾਜਪਾ ਉਮੀਦਵਾਰ ਅਦਾਕਾਰ ਹੰਸ ਰਾਜ ਹੰਸ ਨੂੰ ਕਿਸਾਨਾਂ ਦੇ ਰੋਹ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਭਾਜਪਾ ਉਮੀਦਵਾਰਾਂ ਦਾ ਪੰਜਾਬ ਵਿਚ ਵਿਰੋਧ ਕਰਕੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਪਿੰਡ ਢੁੱਡੀਕੇ ਵਿਚ ਭਾਜਪਾ ਉਮੀਦਵਾਰ ਹੰਸ ਦਾ ਵਿਰੋਧ ਕਰਨ ਪੁੱਜੇ ਕਿਸਾਨਾਂ ਨੂੰ ਪੁਲੀਸ ਨੇ ਧੂਹ ਕੇ ਗੱਡੀਆਂ ’ਚ ਸੁੱਟਿਆ ਤੇ ਥਾਣਾ ਅਜੀਤਵਾਲ ਵਿਚ ਬੰਦ ਕਰ ਦਿੱਤਾ। ਇੱਥੇ ਹੰਸ ਰਾਜ ਹੰਸ ਦੇ ਆਉਣ ਤੋਂ ਪਹਿਲਾਂ ਕਿਸਾਨਾਂ ਅਤੇ ਪੁਲੀਸ ਦਰਮਿਆਨ ਝੜਪਾਂ ਹੋਈਆਂ।
ਥਾਣਾ ਅਜੀਤਵਾਲ ਮੁਖੀ ਤੇ ਆਈਪੀਐੱਸ ਟਰੇਨੀ ਅਰਵਿੰਦ ਮੀਨਾ ਨੇ ਕਿਸਾਨਾਂ ਨੂੰ ਅਮਨ ਕਾਨੂੰਨ ਦੇ ਮੱਦੇਨਜ਼ਰ ਹਿਰਾਸਤ ਵਿਚ ਲੈਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਇਥੇ ਕਿਸਾਨ ਜਥੇਬੰਦੀਆਂ ਨੂੰ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੇ ਲਾਲਾ ਲਾਜਪਤ ਰਾਏ ਸਮਾਰਕ ਢੁੱਡੀਕੇ ਵਿਚ ਦੁਪਹਿਰ 2 ਵਜੇ ਆਉਣ ਦੀ ਭਿਣਕ ਲੱਗੀ ਤਾਂ ਉਨ੍ਹਾਂ ਪਿੰਡ ਦੀ ਨਾਕਾਬੰਦੀ ਕਰ ਲਈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਪਿੰਡ ਨੂੰ ਪੁਲੀਸ ਛਾਉਣੀ ਵਿਚ ਤਬਦੀਲ ਕਰ ਦਿੱਤਾ। ਕਿਸਾਨੀ ਰੋਹ ਕਾਰਨ ਹੰਸ ਰਾਜ ਹੰਸ ਆਪਣੇ ਨਿਰਧਾਰਤ ਸਮੇਂ ਤੋਂ ਕਰੀਬ 4 ਘੰਟੇ ਲੇਟ ਪੁੱਜੇ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੋਂ ਇਲਾਵਾ ਬੀਕੇਯੂ ਕ੍ਰਾਂਤੀਕਾਰੀ ਤੇ ਬੀਕੇਯੂ ਏਕਤਾ ਉਗਰਾਹਾਂ ਜਥੇਬੰਦੀ ਨਾਲ ਸਬੰਧਤ ਕਰੀਬ ਦੋ ਦਰਜਨ ਕਿਸਾਨਾਂ ਨੂੰ ਪੁਲੀਸ ਨੇ ਧੂਹ ਧੂਹ ਕੇ ਗੱਡੀਆਂ ਵਿਚ ਸੁੱਟ ਲਿਆ। ਇਸ ਮੌਕੇ ਕਿਸਾਨਾਂ ਨੇ ਕਾਲੇ ਝੰਡੇ ਦਿਖਾਏ।
ਬੀਕੇਯੂ ਕ੍ਰਾਂਤੀਕਾਰੀ ਆਗੂ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਸਮੇਤ 18 ਕਿਸਾਨਾਂ ਨੂੰ ਅਜੀਤਵਾਲ ਥਾਣੇ ਡੱਕ ਦਿੱਤਾ ਗਿਆ ਹੈ। ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਆਗੂ ਬਲੌਰ ਸਿਘ ਘਾਲੀ, ਜਗਜੀਤ ਸਿੰਘ ਮੱਦੋਕੇ, ਇਕਬਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਾਲੇ ਤਕ ਕਿਸਾਨੀ ਮੰਗਾਂ ਨਹੀਂ ਮੰਨੀਆਂ ਜਿਸ ਕਾਰਨ ਰੋਸ ਵਧ ਰਿਹਾ ਹੈ।

Advertisement

ਕਿਸਾਨ ਹਿੰਸਕ ਨਾ ਹੋ ਕੇ ਆਪਣੀ ਗੱਲ ਜ਼ਰੂਰ ਕਰਨ: ਹੰਸ ਰਾਜ ਹੰਸ

ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਮੋਗਾ ਸ਼ਹਿਰ ਵਿਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਇਥੇ ਡੀਏਸੀ ਕੰਪਲੈਕਸ ਵਿਚ ਜੈਅੰਤੀ ਮੌਕੇ ਭਾਰਤੀ ਸੰਵਿਧਾਨ ਦੇ ਰਚੇਤਾ ਡਾ.ਬੀ ਆਰ ਅੰਬੇਡਕਰ ਦੇ ਬੁੱਤ ਉੱਤੇ ਫੁੱਲ ਅਰਪਣ ਕਰਕੇ ਸਿਜਦਾ ਕੀਤਾ। ਉਨ੍ਹਾਂ ਕਿਹਾ ਕਿ ਉਹ ਇੱਥੇ ਪਿਆਰ ਦਾ ਸੁਨੇਹਾ ਲੈ ਕੇ ਆਏ ਹਨ ਅਤੇ ਜੇਕਰ ਉਨ੍ਹਾਂ ਨੂੰ ਫਰੀਦਕੋਟ ਤੋਂ ਸਫਲਤਾ ਮਿਲਦੀ ਹੈ ਤਾਂ ਲੋਕ ਸਭਾ ਹਲਕਾ ਫਰੀਦਕੋਟ ਦੇ ਵਿਕਾਸ ਕਾਰਜਾਂ ਲਈ ਦਿਨ ਰਾਤ ਇੱਕ ਕਰ ਦੇਣਗੇ। ਉਨ੍ਹਾਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਨ ’ਤੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਲਈ ਆਵਾਜ਼ ਉਠਾ ਰਹੇ ਹਨ ਪਰ ਉਹ ਅਪੀਲ ਕਰਦੇ ਹਨ ਕਿ ਕਿਸਾਨ ਆਪਣੀ ਗੱਲ ਜ਼ਰੂਰ ਕਰਨ ਪਰ ਹਿੰਸਕ ਨਾ ਹੋਣ।

ਕਿਸਾਨਾਂ ਵੱਲੋਂ ਭਾਜਪਾ ਆਗੂ ਗੁਰਪ੍ਰੀਤ ਮਲੂਕਾ ਤੇ ਸਰੂਪ ਸਿੰਗਲਾ ਦਾ ਵਿਰੋਧ

ਭੁੱਚੋ ਮੰਡੀ (ਪਵਨ ਗੋਇਲ): ਭਾਜਪਾ ਆਗੂਆਂ ਨੇ ਅੱਜ ਬਾਅਦ ਦੁਪਹਿਰ ਭਾਰੀ ਪੁਲੀਸ ਸੁਰੱਖਿਆ ਹੇਠ ਸਥਾਨਕ ਸ਼ਾਂਤੀ ਹਾਲ ਵਿੱਚ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦਾ ਬੂਥ ਸੰਮੇਲਨ ਕੀਤਾ। ਇਸ ਮੌਕੇ ਭਾਜਪਾ ਆਗੂ ਗੁਰਪ੍ਰੀਤ ਸਿੰਘ ਮਲੂਕਾ, ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਸੂਬਾਈ ਆਗੂ ਵਿਨੋਦ ਬਿੰਟਾ, ਆਸ਼ੂਤੋਸ਼ ਤਿਵਾੜੀ, ਰੁਪਿੰਦਰਜੀਤ ਸਿੰਘ, ਵਰਿੰਦਰ ਸ਼ਰਮਾ ਅਤੇ ਗੁਰਜੀਤ ਮਾਨ ਆਦਿ ਸ਼ਾਮਲ ਹੋਏ ਜਿਨ੍ਹਾਂ ਦਾ ਕਿਸਾਨਾਂ ਨੇ ਵਿਰੋਧ ਕੀਤਾ। ਸ਼ਾਂਤੀ ਹਾਲ ਦੇ ਬਾਹਰ ਬੀਕੇਯੂ ਉਗਰਾਹਾਂ, ਬੀਕੇਯੂ ਡਕੌਂਦਾ (ਬੂਟਾ ਬੁਰਜ ਗਿੱਲ) ਅਤੇ ਕਿਰਤੀ ਕਿਸਾਨ ਯੂਨੀਅਨ ਨੇ ਭਾਜਪਾ ਆਗੂਆਂ ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਸਨ ਜਿਨ੍ਹਾਂ ਨੇ ਕਿਸਾਨਾਂ ਨੂੰ ਸ਼ਾਂਤੀ ਹਾਲ ਦੇ ਮੁੱਖ ਗੇਟ ਨਜ਼ਦੀਕ ਨਹੀਂ ਜਾਣ ਦਿੱਤਾ ਜਿਸ ਕਾਰਨ ਕਿਸਾਨਾਂ ਨੇ 100 ਕੁ ਗਜ਼ ਦੀ ਦੂਰੀ ’ਤੇ ਧਰਨਾ ਲਾ ਕੇ ਵਿਰੋਧ ਜਾਰੀ ਰੱਖਿਆ।

Advertisement
Author Image

Advertisement
Advertisement
×