For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਤੇ ਹਰਿਆਣਾ ਪੁਲੀਸ ਵਿਚਾਲੇ ਟਕਰਾਅ

08:01 AM Jul 17, 2024 IST
ਕਿਸਾਨਾਂ ਤੇ ਹਰਿਆਣਾ ਪੁਲੀਸ ਵਿਚਾਲੇ ਟਕਰਾਅ
ਡੱਬਵਾਲੀ ’ਚ ਕਿਸਾਨਾਂ ਨਾਲ ਸਹਿਮਤੀ ਮਗਰੋਂ ਟਰੈਕਟਰ ਕਰੇਨ ਨਾਲ ਐੱਨਐੱਚ-9 ਤੋਂ ਵਜ਼ਨੀ ਰੋਕਾਂ ਹਟਾਉਂਦੇ ਹੋਏ ਪ੍ਰਸ਼ਾਸਨ ਦੇ ਨੁਮਾਇੰਦੇ।
Advertisement

ਇਕਬਾਲ ਸਿੰਘ ਸ਼ਾਂਤ
ਲੰਬੀ/ਡੱਬਵਾਲੀ, 16 ਜੁਲਾਈ
ਹਰਿਆਣਾ ਪੁਲੀਸ ਨੇ ਦਿੱਲੀ ਕੂਚ ਲਈ ਅੱਜ ਖਨੌਰੀ ਬਾਰਡਰ ’ਤੇ ਜਾਂਦੇ ਭਾਕਿਯੂ ਸਿੱਧੂਪੁਰ ਦੇ ਕਿਸਾਨ ਕਾਫ਼ਲੇ ਦਾ ਐੱਨਐੱਚ-9 ’ਤੇ ਵਜ਼ਨੀ ਰੋਕਾਂ ਲਗਾ ਕੇ ਰਾਹ ਰੋਕ ਲਿਆ। ਰਾਹਬੰਦੀ ਨੂੰ ਲੈ ਕੇ ਕਿਸਾਨਾਂ ਤੇ ਪੁਲੀਸ-ਪ੍ਰਸ਼ਾਸਨ ਵਿਚਕਾਰ ਕਰੀਬ ਤਿੰਨ ਘੰਟੇ ਤੱਕ ਰੇੜਕਾ ਚੱਲਿਆ। ਡੱਬਵਾਲੀ ਅਤੇ ਮੰਡੀ ਕਿੱਲਿਆਂਵਾਲੀ ’ਚ ਟਰੈਫ਼ਿਕ ਵਿਵਸਥਾ ’ਚ ਵੱਡਾ ਵਿਘਨ ਪਿਆ। ਸ਼ਹਿਰ ਵਿੱਚ ਜਾਮ ਦੀ ਸਥਿਤੀ ਬਣੀ ਰਹੀ।
ਦਰਅਸਲ ਕਿਸਾਨਾਂ ਦਾ ਮੋਰਚਾ ਅੱਜ ਪੰਜ ਮਹੀਨੇ ਮਗਰੋਂ ਡੱਬਵਾਲੀ ਹੱਦ ਤੋਂ ਸਮੇਟ ਕੇ ਡੱਬਵਾਲੀ ਸਿਲਵਰ ਜੁਬਲੀ ਚੌਕ ਰਾਹੀਂ ਬਠਿੰਡਾ-ਖਨੌਰੀ ਲਈ ਨਿਕਲਿਆ ਸੀ। ਕਿਸਾਨਾਂ ਦੇ ‘ਦਿੱਲੀ ਕੂਚ’ ਐਲਾਨ ਤੋਂ ਖੌਫ਼ਜ਼ਦਾ ਹਰਿਆਣਾ ਪ੍ਰਸ਼ਾਸਨ ਨੇ ਰਾਹ-ਬੰਦੀ ਕਰ ਦਿੱਤੀ। ਡੱਬਵਾਲੀ ਦੇ ਐੱਸਡੀਐੱਮ ਅਭੈ ਸਿੰਘ, ਡੀਐੱਸਪੀ (ਐੱਚ) ਕਿਸ਼ੌਰੀ ਲਾਲ ਤੇ ਡੀਐੱਸਪੀ ਜੈ ਭਗਵਾਨ, ਕਿੱਲਿਆਂਵਾਲੀ ਥਾਣਾ ਦੇ ਮੁਖੀ ਗੁਰਦੀਪ ਸਿੰਘ, ਥਾਣਾ ਸਦਰ ਦੇ ਮੁਖੀ ਪ੍ਰਤਾਪ ਸਿੰਘ ਕਿਸਾਨਾਂ ਨਾਲ ਗੱਲਬਾਤ ਲਈ ਪੁੱਜੇ।
ਹਰਿਆਣਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਪੰਜਾਬ ਖੇਤਰ ਦੇ ਮਾਲਵਾ ਬਾਈਪਾਸ ਰਾਹੀਂ ਬਠਿੰਡਾ ਜਾਣ ਲਈ ਆਖਿਆ। ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕਿਹੜੇ ਕਾਨੂੰਨ ਦੇ ਤਹਿਤ ਡੱਬਵਾਲੀ ਵਿੱਚੋਂ ਲੰਘਣ ਤੋਂ ਰੋਕਿਆ ਜਾ ਰਿਹਾ ਹੈ? ਕਾਫ਼ੀ ਕਸ਼ਮਕਸ਼ ਮਗਰੋਂ ਹਰਿਆਣਾ ਪ੍ਰਸ਼ਾਸਨ ਨੇ ਕਿਸਾਨ ਕਾਫ਼ਲੇ ਨੂੰ ਡੱਬਵਾਲੀ ਵਿੱਚੋਂ ਲਾਂਘੇ ਦੀ ਇਜਾਜ਼ਤ ਦਿੱਤੀ। ਕਰੇਨ ਰਾਹੀਂ ਵਜ਼ਨੀ ਰੋਕਾਂ ਹਟਾ ਕੇ ਇੰਟਰ-ਸਟੇਟ ਫਲਾਈਓਵਰ ਖੋਲ੍ਹਿਆ ਗਿਆ ਤੇ ਕਿਸਾਨ ਕਾਫ਼ਲਾ ਜੇਤੂ ਰੌਂਅ ਵਿੱਚ ਖਨੌਰੀ ਬਾਰਡਰ ਲਈ ਰਵਾਨਾ ਹੋਇਆ। ਰੇੜਕੇ ਦੌਰਾਨ ਹਰਿਆਣਾ ਕਿਸਾਨ ਏਕਤਾ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ (ਸਿਰਸਾ) ਵੀ ਕਿਸਾਨਾਂ ਦੀ ਹਮਾਇਤ ’ਚ ਪੁੱਜੇ ਹੋਏ ਸਨ। ਭਾਕਿਯੂ ਸਿੱਧੂਪੁਰ ਦੇ ਕਿਸਾਨ ਕਾਫ਼ਲੇ ਦੇ ਆਗੂ ਰੇਸ਼ਮ ਸਿੰਘ ਯਾਤਰੀ, ਹਰਭਗਵਾਨ ਸਿੰਘ ਲੰਬੀ ਅਤੇ ਮੱਖਣ ਸਿੰਘ ਗੋਨਿਆਣਾ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦਾ ਰਾਹ ਰੋਕਣ ਦੀ ਕਾਰਵਾਈ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮੋਰਚੇ ਦੀ ਰਵਾਨਗੀ ਦੇ ਨਾਲ ਸਰਹੱਦੀ ਇਲਾਕੇ ਨੂੰ ਵਿਗੜੀ ਟਰੈਫ਼ਿਕ ਵਿਵਸਥਾ ਤੋਂ ਖਹਿੜਾ ਛੁੱਟਣ ਦਾ ਰਾਹ ਪੱਧਰਾ ਹੋ ਗਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×