ਧੋਨੀ ਅਤੇ ਰੋਹਿਤ ਦੇ ਪ੍ਰਸ਼ੰਸਕਾਂ ਵਿਚਾਲੇ ਝੜਪ, ਸਹਿਵਾਗ ਵੱਲੋਂ ਸ਼ਾਂਤੀ ਦੀ ਅਪੀਲ
ਨਵੀਂ ਦਿੱਲੀ, 23 ਅਗਸਤ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਰੋਹਿਤ ਸ਼ਰਮਾ ਦੇ ਪ੍ਰਸ਼ੰਸਕਾਂ ਵਿਚਕਾਰ ਝੜਪ ਮਗਰੋਂ ਸਾਬਕਾ ਸਲਾਮੀ ਬੱਲੇਬਾਜ਼ ਵੀਰੇਂਦਰ ਸਹਿਵਾਗ ਨੇ ਅਪੀਲ ਕੀਤੀ ਹੈ ਕਿ ਉਹ ਇਕ-ਦੂਜੇ ਨਾਲ ਨਾ ਲੜਨ। ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਕੋਹਲਾਪੁਰ ’ਚ ਧੋਨੀ ਦੇ ਪ੍ਰਸ਼ੰਸਕਾਂ ਨੇ ਉਸ ਦੇ ਕੌਮਾਂਤਰੀ ਕ੍ਰਿਕਟ ’ਚੋਂ ਸੰਨਿਆਸ ਲੈਣ ਮਗਰੋਂ ਉਸ ਦਾ ਹੋਰਡਿੰਗ ਲਗਾਇਆ ਸੀ। ਕੁਝ ਦਨਿਾਂ ਮਗਰੋਂ ਰੋਹਿਤ ਦਾ ਹੋਰਡਿੰਗ ਵੀ ਲਗਾਇਆ ਗਿਆ ਜਦੋਂ ਉਸ ਨੂੰ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ। ਤਣਾਅ ਉਦੋਂ ਪੈਦਾ ਹੋਇਆ ਜਦੋਂ ਰੋਹਿਤ ਸ਼ਰਮਾ ਦੇ ਹੋਰਡਿੰਗ ਨੂੰ ਨੁਕਸਾਨ ਪਹੁੰਚਿਆ। ਦੋਵੇਂ ਖਿਡਾਰੀਆਂ ਦੇ ਪ੍ਰਸ਼ੰਸਕ ਗੰਨੇ ਦੇ ਖੇਤ ’ਚ ਇਕ-ਦੂਜੇ ਨਾਲ ਭਿੜ ਗਏ ਅਤੇ ਇਕ-ਦੂਜੇ ’ਤੇ ਹੋਰਡਿੰਗ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ। ਸਹਿਵਾਗ ਨੇ ਟਵੀਟ ਕਰ ਕੇ ਕਿਹਾ,‘‘ਕਿਆ ਕਰਤੇ ਰਹਿਤੇ ਹੋ ਪਾਗਲੋਂ। ਆਪਸ ਮੇਂ ਪਲੇਅਰਜ਼ ਏਕ-ਦੂਸਰੇ ਕੋ ਪਸੰਦ ਕਰਤੇ ਹੈਂ ਯਾ ਆਪਣੇ ਕਾਮ ਸੇ ਕਾਮ ਰਖਤੇ ਹੈਂ ਪਰ ਕੁਛ ਫੈਨਜ਼ ਅਲੱਗ ਹੀ ਲੈਵਲ ਕੇ ਪਾਗਲ ਹੈਂ। ਝਗੜਾ-ਝਗੜੀ ਮੱਤ ਕਰੋ। ਟੀਮ ਇੰਡੀਆ ਕੋ ਐਜ਼ ਵੰਨ ਯਾਦ ਕਰੋ।’’ ਜ਼ਿਕਰਯੋਗ ਹੈ ਕਿ ਧੋਨੀ ਵੱਲੋਂ ਸੰਨਿਆਸ ਲੈਣ ਮਗਰੋਂ ਰੋਹਿਤ ਨੇ ਉਸ ਦੀ ਕਪਤਾਨੀ ਨੂੰ ਚੇਤੇ ਕੀਤਾ ਸੀ। – ਏਜੰਸੀ