For the best experience, open
https://m.punjabitribuneonline.com
on your mobile browser.
Advertisement

ਜਾਅਲੀ ਵੋਟਾਂ ਪਵਾਉਣ ਸਬੰਧੀ ਕਾਂਗਰਸੀਆਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ’ਚ ਝੜਪ

10:55 AM Jun 02, 2024 IST
ਜਾਅਲੀ ਵੋਟਾਂ ਪਵਾਉਣ ਸਬੰਧੀ ਕਾਂਗਰਸੀਆਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ’ਚ ਝੜਪ
ਬਹਿਸ ਕਰਦੇ ਹੋਏ ਕਾਂਗਰਸੀ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ ਤੇ ‘ਆਪ’ ਆਗੂ ਰਮਨ ਬਹਿਲ।
Advertisement

ਕੇਪੀ ਸਿੰਘ
ਗੁਰਦਾਸਪੁਰ, 1 ਜੂਨ
ਲੋਕ ਸਭਾ ਚੋਣਾਂ ਦੌਰਾਨ ਇੱਥੋਂ ਦੇ ਟੈਗੋਰ ਮੈਮੋਰੀਅਲ ਸਕੂਲ ਦੇ ਬੂਥ ਨੰਬਰ 105 ਅਤੇ 106 ਵਿੱਚ ਬਾਹਰ ਤੋਂ ਆਏ ਵਿਅਕਤੀਆਂ ਨੂੰ ਪੋਲਿੰਗ ਬੂਥ ਤੋਂ ਬਾਹਰ ਕੱਢਣ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂਆਂ ਦੀ ਆਪਸ ਵਿੱਚ ਝੜਪ ਹੋ ਗਈ। ਇਸ ਦੌਰਾਨ ਸਥਾਨਕ ਕਾਂਗਰਸੀ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੀ ਮੌਕੇ ’ਤੇ ਪੁੱਜੇ। ‌
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਨੀਰਜ ਸਲਹੋਤਰਾ ਅਤੇ ਬਿਕਰਮਜੀਤ ਸਿੰਘ ਸੋਢੀ ਦੀ ਪੁਲੀਸ ਅਧਿਕਾਰੀਆਂ ਨਾਲ ਬਹਿਸ ਹੋਈ। ਐੱਸਪੀ ਬਲਵਿੰਦਰ ਸਿੰਘ, ਡੀਐੱਸਪੀ ਸੁਖਪਾਲ ਸਿੰਘ, ਇੰਸਪੈਕਟਰ ਰਾਜਕੁਮਾਰ ਸ਼ਰਮਾ ਅਤੇ ਥਾਣਾ ਮੁਖੀ ਹਰਸੰਦੀਪ ਸਿੰਘ ਵੱਲੋਂ ਦਖਲ ਦੇ ਕੇ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਗਿਆ ਹੈ।
ਡੀਐੱਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਟੈਗੋਰ ਮੈਮੋਰੀਅਲ ਸਕੂਲ ਗੋਪਾਲ ਨਗਰ ਵਿੱਚ ਕਾਂਗਰਸੀ ਮਹਿਲਾ ਕੌਂਸਲਰ ਦੇ ਬੇਟੇ ਨਕੁਲ ਮਹਾਜਨ ਵੱਲੋਂ ਪੋਲਿੰਗ ਦੌਰਾਨ ਬਾਹਰੀ ਵਿਅਕਤੀ ਆਉਣ ਦੇ ਦੋਸ਼ ਲਗਾਏ ਗਏ ਸਨ ਜਿਸ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਮਾਮੂਲੀ ਬਹਿਸ ਹੋਈ। ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਾਂਗਰਸ ’ਤੇ ਜਾਅਲੀ ਵੋਟਾਂ ਪਾਉਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਦੌਰਾਨ ਚੇਅਰਮੈਨ ਰਮਨ ਬਹਿਲ ਵੀ ਪਰਿਵਾਰਕ ਮੈਂਬਰਾਂ ਨਾਲ ਪੁੱਜੇ ਪਰ ਪੁਲੀਸ ਅਧਿਕਾਰੀਆਂ ਵੱਲੋਂ ਯਕੀਨ ਦਿਵਾਇਆ ਗਿਆ ਕਿ ਇੱਥੇ ਕੋਈ ਜਾਅਲੀ ਵੋਟਾਂ ਪਵਾਉਣ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਕੋਈ ਬਾਹਰੀ ਵਿਅਕਤੀ ਵੀ ਬੂਥ ਵਿੱਚ ਹਾਜ਼ਰ ਨਹੀਂ ਹੈ।

Advertisement

‘ਆਪ’ ਵਰਕਰਾਂ ਵੱਲੋਂ ਕਾਂਗਰਸੀ ਪੋਲਿੰਗ ਏਜੰਟ ’ਤੇ ਹਮਲਾ

ਜ਼ਖਮੀ ਤਜਿੰਦਰ ਸਿੰਘ।

ਜਲੰਧਰ (ਹਤਿੰਦਰ ਮਹਿਤਾ): ਲੋਕ ਸਭਾ ਚੋਣਾਂ ਦੌਰਾਨ ਆਦਮਪੁਰ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ 80 ਪਿੰਡ ਮਨਸੂਰਪੁਰ ਵਡਾਲਾ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਾਂਗਰਸੀ ਪੋਲਿੰਗ ਏਜੰਟ ਉੱਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਇਸ ਸਬੰਧੀ ਪੁਲੀਸ ਵੱਲੋਂ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਜ਼ਿਲ੍ਹਾ ਚੋਣ ਅਫਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਲੜਾਈ ਨੂੰ ਸੁਰੱਖਿਆ ਦਸਤਿਆਂ ਵੱਲੋਂ ਰੋਕਿਆ ਗਿਆ। ਇਸ ਉਪਰੰਤ ਆਦਮਪੁਰ ਪੁਲੀਸ ਵੱਲੋਂ ਤਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਚਾਰ ਵਿਅਕਤੀਆਂ ਵਿਰੁੱਧ ਥਾਣਾ ਆਦਮਪੁਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਵਿੱਚ ਭੁਪਿੰਦਰ ਸਿੰਘ ਭਿੰਦਾ, ਹਰਜਿੰਦਰ ਸਿੰਘ ਸੋਨੂੰ, ਰਣਜੀਤ ਸਿੰਘ ਵਾਸੀ ਬਡਾਲਾ ਜਸਵੰਤ ਰਾਮ ਵਾਸੀ ਪਿੰਡ ਮਨਸੂਰਪੁਰ ਸ਼ਾਮਲ ਹਨ। ਇਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਸਿਵਲ ਹਸਪਤਾਲ ਆਦਮਪੁਰ ਵਿੱਚ ਜ਼ੇਰੇ ਇਲਾਜ ਕਾਂਗਰਸੀ ਵਰਕਰ ਤਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਇੱਕ ਬਜ਼ੁਰਗ ਨੇ ਉਸ ਨੂੰ ਕਿਹਾ ਕਿ ਉਸ ਨੂੰ ਘੱਟ ਦਿਖਦਾ ਹੈ। ਇਸ ਲਈ ਉਸ ਨਾਲ ਚੱਲ ਕੇ ਉਸ ਦੀ ਵੋਟ ਪਵਾ ਦੇਣ ਪਰ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੇ ਕਿਹਾ ਕਿ ਉਹ ਬਜ਼ੁਰਗ ਨਾਲ ਨਹੀਂ ਜਾ ਸਕਦੇ। ਇਸ ਗੱਲ ਨੂੰ ਲੈ ਕੇ ਜਸਵੰਤ ਲਾਲ ਉਸ ਨਾਲ ਬਹਿਸ ਕਰਨ ਲੱਗਿਆ। ਮਗਰੋਂ ਉਸ ਨੇ ਆਮ ਆਦਮੀ ਪਾਰਟੀ ਦੇ ਵਰਕਰ ਬੁਲਾ ਲਏ ਜਿਨ੍ਹਾਂ ਨੇ ਉਸ ’ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਕਾਂਗਰਸੀ ਵਰਕਰ ਉੱਤੇ ਹੋਏ ਹਮਲੇ ਮਗਰੋਂ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਹਸਪਤਾਲ ਵਿੱਚ ਪਹੁੰਚੇ। ਉਨ੍ਹਾਂ ਮੌਕੇ ਦੇ ਚੋਣ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕੀਤਾ। ਪੁਲੀਸ ਵੱਲੋਂ ਬਿਆਨ ਦਰਜ ਕਰਵਾਉਣ ਉਪਰੰਤ ਕੇਸ ਦਰਜ ਕੀਤਾ ਗਿਆ। ਇਸ ਮੌਕੇ ਡੀਐੱਸਪੀ ਸੁਮਨ ਸੂਦ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਵੋਟਾਂ ਪਾਉਣ ਦੀ ਪ੍ਰਕਿਰਿਆ ਉੱਪਰ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੋਇਆ ਤੇ ਪੋਲਿੰਗ ਬਿਲਕੁਲ ਨਿਰਵਿਘਨ ਜਾਰੀ ਰਹੀ। ਇਸ ਤੋਂ ਇਲਾਵਾ ਜਲੰਧਰ ਵੈਸਟ ਵਿੱਚ ਵੀ ਭਾਜਪਾ ਅਤੇ ਕਾਂਗਰਸੀ ਵਰਕਰਾਂ ਵਿੱਚ ਵਿਵਾਦ ਹੋਇਆ ਪਰ ਉੱਥੇ ਮੌਜੂਦ ਸੁਰੱਖਿਆ ਕਰਮੀਆਂ ਨੇ ਮਾਮਲਾ ਹੱਲ ਕਰ ਦਿੱਤਾ।

ਪੋਲਿੰਗ ਬੂਥ ਉੱਤੇ ‘ਆਪ’ ਤੇ ਕਾਂਗਰਸ ਦੇ ਗੁੱਟ ਭਿੜੇ

ਹੁਸ਼ਿਆਰਪੁਰ (ਹਰਪ੍ਰੀਤ ਕੌਰ): ਕਸਬਾ ਹਰਿਆਣਾ ਵਿੱਚ ਪੋਲਿੰਗ ਦੌਰਾਨ ਆਮ ਆਦਮੀ ਪਾਰਟੀ ਤੇ ਕਾਂਗਰਸ ਵਰਕਰਾਂ ਦਰਮਿਆਨ ਝੜਪ ਹੋ ਗਈ ਜਿਸ ਪਿੱਛੋਂ ਇਕ ਗੁੱਟ ਨੇ ਦੂਜੇ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਹੋਏ ਵਿਅਕਤੀ ਦੀ ਪਛਾਣ ਹਿਮਾਂਸ਼ੂ ਕੌਸ਼ਲ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਅੱਜ ਜਦੋਂ ਉਹ ਕਾਂਗਰਸ ਦੇ ਬੂਥ ’ਤੇ ਬੈਠਾ ਸੀ ਤਾਂ ਨਾਲ ਦੇ ਬੂਥ ’ਤੇ ਬੈਠੇ ਸੰਜੀਵ ਕਪਿਲਾ (ਨਗਰ ਕੌਂਸਲ ਪ੍ਰਧਾਨ ਦਾ ਭਰਾ) ਨੇ ਉਸ ਨਾਲ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਉਹ ਆਪਣੇ ਬੇਟੇ ਨੂੰ ਲੈ ਕੇ ਉੱਥੇ ਆ ਗਿਆ। ਪਹਿਲਾਂ ਉਸ ਦੀ ਅੱਖ ਵਿੱਚ ਸਪਰੇਅ ਮਾਰਿਆ ਤੇ ਫਿਰ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੀ ਬਾਂਹ ਦੀ ਹੱਡੀ ਟੁੱਟ ਗਈ। ਉਸ ਨੇ ਕਿਹਾ ਕਿ ਸੰਜੀਵ ਕਪਿਲਾ ਨੇ ਰੰਜਿਸ਼ ਤਹਿਤ ਉਸ ’ਤੇ ਹਮਲਾ ਕੀਤਾ। ਦੂਜੇ ਪਾਸੇ ਸੰਜੀਵ ਕਪਿਲਾ ਨੇ ਕਿਹਾ ਕਿ ਹਿਮਾਂਸ਼ੂ ਖਿਲਾਫ ਪਹਿਲਾਂ ਵੀ ਕਈ ਸ਼ਿਕਾਇਤਾਂ ਪੁਲੀਸ ਕੋਲ ਦਰਜ ਹਨ। ਉਸ ਨੇ ਕਿਹਾ ਕਿ ਹਿਮਾਂਸ਼ੂ ਨੇ ਜਾਣਬੁੱਝ ਕੇ ਆਪਣਾ ਸਕੂਟਰ ਉਨ੍ਹਾਂ ’ਚ ਮਾਰਿਆ ਜਿਸ ਤੋਂ ਬਾਅਦ ਲੜਾਈ ਹੋਈ। ਉਸ ਨੇ ਹਿਮਾਂਸ਼ੂ ’ਤੇ ਹਮਲਾ ਕਰਨ ਤੋਂ ਇਨਕਾਰ ਕੀਤਾ। ਪਤਾ ਲੱਗਣ ’ਤੇ ਕਾਂਗਰਸੀ ਉਮੀਦਵਾਰ ਯਾਮਿਨੀ ਗੋਮਰ ਸਰਕਾਰੀ ਹਸਪਤਾਲ ਪੱਜੀ ਜਿੱਥੇ ਹਿਮਾਂਸ਼ੂ ਜ਼ੇਰੇ ਇਲਾਜ ਸੀ। ਗੋਮਰ ਨੇ ਕਿਹਾ ਕਿ ਇਹ ਗੁੰਡਾਗਰਦੀ ਹੈ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ’ਤੇ ਸੁਰੱਖਿਆ ਬਲ ਮੌਜੂਦ ਸਨ ਪਰ ਇਸ ਦੇ ਬਾਵਜੂਦ ਇਹ ਘਟਨਾ ਵਾਪਰੀ ਜੋ ਨਿੰਦਣਯੋਗ ਹੈ। ਉਨ੍ਹਾਂ ਮੰਗ ਕੀਤੀ ਕਿ ਹਮਲਾ ਕਰਨ ਵਾਲੇ ਖਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

Advertisement
Author Image

sukhwinder singh

View all posts

Advertisement
Advertisement
×