ਸੰਭਲ ਜਾ ਰਹੇ ਕਾਂਗਰਸ ਵਰਕਰਾਂ ਤੇ ਪੁਲੀਸ ਵਿਚਾਲੇ ਧੱਕਾਮੁੱਕੀ
* ਕਾਂਗਰਸ ਵਰਕਰਾਂ ਵੱਲੋਂ ਬੈਰੀਕੇਡ ਤੋੜਨ ਦੀ ਕੋਸ਼ਿਸ਼
* ਤੱਥਾਂ ਦੀ ਪੜਤਾਲ ਲਈ ਸੰਭਲ ਜਾਣਾ ਚਾਹੁੰਦਾ ਸੀ ਪਾਰਟੀ ਦਾ ਵਫ਼ਦ
* ਪੁਲੀਸ ਨੇ ਦਿੱਤਾ ਪਾਬੰਦੀ ਦੇ ਹੁਕਮਾਂ ਦਾ ਹਵਾਲਾ
ਲਖਨਊ/ਸੰਭਲ, 2 ਦਸੰਬਰ
ਇੱਥੇ ਕਾਂਗਰਸ ਦੇ ਦਫ਼ਤਰ ਦੇ ਬਾਹਰ ਅੱਜ ਵੱਡੀ ਗਿਣਤੀ ਪਾਰਟੀ ਵਰਕਰਾਂ ਨੇ ਪੁਲੀਸ ਨਾਲ ਧੱਕਾ-ਮੁੱਕੀ ਕੀਤੀ ਅਤੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਕਾਂਗਰਸ ਦੀ ਉੱਤਰ ਪ੍ਰਦੇਸ਼ ਇਕਾਈ ਦੇ ਮੁਖੀ ਅਜੈ ਰਾਏ ਦੀ ਅਗਵਾਈ ਹੇਠ ਪਾਰਟੀ ਦੇ ਇੱਕ ਵਫ਼ਦ ਨੂੰ ਸੰਭਲ ਜਾਣ ਤੋਂ ਰੋਕ ਦਿੱਤਾ ਗਿਆ।
ਤੱਥਾਂ ਦੀ ਪੜਤਾਲ ਲਈ ਸੰਭਲ ਜਾਣ ਦੀ ਕੋਸ਼ਿਸ਼ ਤਹਿਤ ਰਾਏ ਕਾਰ ਦੀ ਡਰਾਈਵਰ ਵਾਲੀ ਸੀਟ ’ਤੇ ਖੁਦ ਬੈਠੇ ਅਤੇ ਉਨ੍ਹਾਂ ਦੀ ਨਾਲ ਵਾਲੀ ਸੀਟ ’ਤੇ ਸੀਨੀਅਰ ਆਗੂ ਪੀਐੱਲ ਪੂਨੀਆ ਬੈਠੇ ਹੋਏ ਸਨ। ਪਾਰਟੀ ਵਰਕਰਾਂ ਨੇ ਉਨ੍ਹਾਂ ਲਈ ਰਾਹ ਸਾਫ ਕਰਨ ਲਈ ਪੁਲੀਸ ਨਾਲ ਧੱਕਾ-ਮੁੱਕੀ ਵੀ ਕੀਤੀ। ਹਾਲਾਂਕਿ ਕਾਂਗਰਸ ਪਾਰਟੀ ਦੇ ਦਫ਼ਤਰ ਨੇੜੇ ਵੱਡੀ ਗਿਣਤੀ ’ਚ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਰਾਏ ਤੇ ਉਨ੍ਹਾਂ ਦੀ ਪਾਰਟੀ ਦੇ ਹੋਰ ਆਗੂਆਂ ਨੂੰ ਸੰਭਲ ਜਾਣ ਤੋਂ ਰੋਕ ਦਿੱਤਾ। ਰਾਏ ਤੇ ਹੋਰ ਲੋਕਾਂ ਨੂੰ ਸੰਭਲ ਜਾਣ ਤੋਂ ਰੋਕਣ ਲਈ ਪੁਲੀਸ ਨੇ ਲੰਘੀ ਰਾਤ ਤੋਂ ਹੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਕਾਂਗਰਸ ਨੇ ਭਾਜਪਾ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹ ਆਪਣੀ ਨਾਕਾਮੀ ਲੁਕਾਉਣ ਲਈ ਜਮਹੂਰੀਅਤ ਵਿਰੋਧੀ ਹਥਕੰਡੇ ਅਪਣਾ ਰਹੀ ਹੈ। ਪਾਰਟੀ ਵਰਕਰਾਂ ਤੇ ਆਗੂਆਂ ਨਾਲ ਰਾਤ ਪਾਰਟੀ ਦਫ਼ਤਰ ’ਚ ਗੁਜ਼ਾਰਨ ਵਾਲੇ ਰਾਏ ਨੇ ਕਿਹਾ ਕਿ ਪਾਬੰਦੀਆਂ ਹਟਾਏ ਜਾਣ ਮਗਰੋਂ ਕਾਂਗਰਸ ਦਾ ਵਫ਼ਦ ਸੰਭਲ ਦਾ ਦੌਰਾ ਕਰੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਏ ਨੇ ਕਿਹਾ, ‘ਪ੍ਰਸ਼ਾਸਨ ਨੇ ਮੈਨੂੰ ਦੱਸਿਆ ਕਿ (ਸੰਭਲ ਵਿੱਚ) 10 ਦਸੰਬਰ ਤੱਕ ਪਾਬੰਦੀ ਦੇ ਹੁਕਮ ਲਾਗੂ ਹਨ। ਮੈਂ ਉਨ੍ਹਾਂ ਨੂੰ ਕਿਹਾ ਕਿ ਸਾਡੀ ਪਾਰਟੀ (ਵਫ਼ਦ) ਉੱਥੇ ਜਾਵੇਗੀ। ਪ੍ਰਸ਼ਾਸਨ ਨੇ ਕਿਹਾ ਕਿ 10 ਦਸੰਬਰ ਤੋਂ ਬਾਅਦ ਉਹ ਸਾਨੂੰ ਜਾਣਕਾਰੀ ਦੇਣਗੇ।’ ਉਨ੍ਹਾਂ ਕਿਹਾ, ‘ਜਿਸ ਦਿਨ ਪਾਬੰਦੀ ਦੇ ਹੁਕਮ ਰੱਦ ਕਰ ਦਿੱਤੇ ਜਾਣਗੇ ਉਦੋਂ ਕਾਂਗਰਸ ਦਾ ਵਫ਼ਦ ਲਾਜ਼ਮੀ ਤੌਰ ’ਤੇ ਸੰਭਲ ਜਾਵੇਗਾ।’ ਉਨ੍ਹਾਂ ਕਿਹਾ, ‘ਉਹ (ਸਰਕਾਰ) 10 ਦਸੰਬਰ ਮਗਰੋਂ ਪਾਬੰਦੀ ਦੇ ਹੁਕਮਾਂ ’ਚ ਵਾਧਾ ਕਰ ਸਕਦੇ ਹਨ ਕਿਉਂਕਿ ਉਹ ਡਰੇ ਹੋਏ ਹਨ। ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਇਹ ਜ਼ੁਲਮ ਤੇ ਅਨਿਆਂ ਕਰ ਰਹੀ ਹੈ। ਅਸੀਂ ਯਕੀਨੀ ਤੌਰ ’ਤੇ ਸੰਭਲ ਜਾਵਾਂਗੇ।’ -ਪੀਟੀਆਈ