ਬੰਗਾਲ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਅਤੇ ਟੀਐੱਮਸੀ ਵਿਚਾਲੇ ਖੜਕੀ
ਬਹਿਰਾਮਪੋਰ/ਕੋਲਕਾਤਾ, 4 ਜਨਵਰੀ
ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਨੂੰ ਉਸ ਵੇੇਲੇ ਵੱਡਾ ਝਟਕਾ ਲੱਗਿਆ ਜਦੋਂ ਅਗਾਮੀ ਲੋਕ ਸਭਾ ਚੋਣਾਂ ਸਬੰਧੀ ਬੰਗਾਲ ’ਚ ਸੀਟਾਂ ਦੀ ਵੰਡ ’ਤੇ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਝੜਪ ਹੋ ਗਈ। ਕਾਂਗਰਸ ਦੇ ਸੂਬਾ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਸਭ ਤੋਂ ਪੁਰਾਣੀ ਪਾਰਟੀ ਟੀਐੱਮਸੀ ਤੋਂ ਸੀਟ ਦੀ ਭੀਖ ਨਹੀਂ ਮੰਗੇਗੀ। ਉੱਧਰ, ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਪਾਰਟੀ ਨੇ ਕਿਹਾ ਕਿ ਗੱਠਜੋੜ ਦੇ ਸਹਿਯੋਗੀਆਂ ਨੂੰ ਬੁਰਾ ਭਲਾ ਕਹਿਣਾ ਅਤੇ ਸੀਟਾਂ ਸਾਂਝੀਆਂ ਕਰਨਾ ਦੋਵੇਂ ਗੱਲਾਂ ਇਕੱਠੀਆਂ ਨਹੀਂ ਚੱਲ ਸਕਦੀਆਂ। ਟੀਐੱਮਸੀ ਦੇ ਕੱਟੜ ਆਲੋਚਕ ਚੌਧਰੀ ਨੇ ਬੰਗਾਲ ਦੀ ਸੱਤਾਧਾਰੀ ਪਾਰਟੀ ’ਤੇ ਵਿਰੋਧੀ ਗੱਠਜੋੜ ਨੂੰ ਮਜ਼ਬੂਤ ਕਰਨ ਦੀ ਬਜਾਏ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੇਵਾ’ ’ਚ ਰੁੱਝੇ ਹੋਣ ਦਾ ਦੋਸ਼ ਲਗਾਉਂਦਿਆਂ ਹਮਲਾ ਕੀਤਾ। ਉਨ੍ਹਾਂ ਦੀ ਟਿੱਪਣੀ ’ਤੇ ਟੀਐੱਮਸੀ ਵੱਲੋਂ ਤਿੱਖੀ ਪ੍ਰਤੀਕਿਰਿਆ ਆਈ ਜਿਸ ਨੇ ਚੌਧਰੀ ਦੀ ਆਲੋਚਨਾ ਕਰਦੇ ਹੋਏ ਕਾਂਗਰਸ ਹਾਈ ਕਮਾਨ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਸੂਬਾ ਪ੍ਰਧਾਨ ’ਤੇ ਲਗਾਮ ਲਗਾਉਣ। ਦੋਵਾਂ ਧਿਰਾਂ ’ਚ ਸੀਟਾਂ ਦੀ ਵੰਡ ਵਿਵਾਦ ਦੀ ਵਜ੍ਹਾ ਬਣੀ ਹੋਈ ਹੈ।
ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਟੀਐੱਮਸੀ ਸਿਰਫ ਦੋ ਸੀਟਾਂ ਕਾਂਗਰਸ ਨੂੰ ਦੇਣਾ ਚਾਹੁੰਦੀ ਹੈ। ਪਰ ਕਾਂਗਰਸ ਦੀ ਬੰਗਾਲ ਇਕਾਈ ਨੂੰ ਇਹ ਮਨਜ਼ੂਰ ਨਹੀਂ ਹੈ। ਸਾਲ 2019 ਦੀਆਂ ਚੋਣਾਂ ’ਚ ਟੀਐੱਮਸੀ ਨੇ ਲੋਕ ਸਭਾ ’ਚ 22 ’ਤੇ ਅਤੇ ਕਾਂਗਰਸ ਨੇ ਦੋ ਸੀਟਾਂ ’ਤੇ ਜਿੱਤ ਦਰਜ ਕੀਤੀ ਸੀ ਜਦੋਂ ਕਿ ਭਾਰਤੀ ਜਨਤਾ ਪਾਰਟੀ 18 ਸੀਟਾਂ ਜਿੱਤੀ ਸੀ। ਦੋਵੇਂ ਪਾਰਟੀਆਂ ਵਿੱਚ ਪਿਛਲੇ ਦਿਨਾਂ ਤੋਂ ਜ਼ੁਬਾਨੀ ਜੰਗ ਜਾਰੀ ਹੈ ਪਰ ਵੀਰਵਾਰ ਨੂੰ ਹਾਲਾਤ ਵਿਗੜ ਗਏ। ਚੌਧਰੀ ਨੇ ਟੀਐੱਮਸੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਬੰਗਾਲ ’ਚ ਕਾਂਗਰਸ ਨਾਲ ਗੱਠਜੋੜ ਕਰਨ ਲਈ ਗੰਭੀਰ ਨਹੀਂ ਹੈ। -ਪੀਟੀਆਈ