ਮਾਨ ਦੀ ਕੋਠੀ ਵੱਲ ਜਾਂਦੇ ਕੰਪਿਊਟਰ ਅਧਿਆਪਕਾਂ ਤੇ ਪੁਲੀਸ ਵਿਚਾਲੇ ਝੜਪ
ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਸਤੰਬਰ
ਇੱਥੇ ਅੱਜ ਅਧਿਆਪਕ ਦਿਵਸ ਮੌਕੇ ਪੰਜਾਬ ਭਰ ਤੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਕੰਪਿਊਟਰ ਅਧਿਆਪਕਾਂ ਅਤੇ ਪੁਲੀਸ ਵਿਚਾਲੇ ਝੜਪ ਹੋਈ। ਇਸ ਦੌਰਾਨ ਕਈ ਅਧਿਆਪਕਾਂ ਤੇ ਪੁਲੀਸ ਮੁਲਾਜ਼ਮਾਂ ਦੀਆਂ ਪੱਗਾਂ ਅਤੇ ਮਹਿਲਾ ਅਧਿਆਪਕਾਂ ਦੀਆਂ ਚੁੰਨੀਆਂ ਲੱਥ ਗਈਆਂ। ਇਸ ਮੌਕੇ ਤਿੰਨ ਮਹਿਲਾ ਅਧਿਆਪਕਾਂ ਬੇਹੋਸ਼ ਹੋ ਗਈਆਂ ਅਤੇ ਕਈ ਅਧਿਆਪਕ ਤੇ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਇੱਥੇ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਸਥਾਨਕ ਡੀਸੀ ਦਫ਼ਤਰ ਅੱਗੇ ਪੱਕਾ ਮੋਰਚਾ ਲਗਾ ਕੇ ਸ਼ੁਰੂ ਕੀਤੀ ਬੇਮਿਆਦੀ ਭੁੱਖ ਹੜਤਾਲ ਦੇ ਪੰਜਵੇਂ ਦਿਨ ਕੈਂਪ ਵਿੱਚ ਇਕੱਠੇ ਹੋਏ। ਇਸ ਦੌਰਾਨ ਰੋਸ ਰੈਲੀ ਕੀਤੀ ਗਈ। ਬਾਅਦ ਦੁਪਹਿਰ ਕੰਪਿਊਟਰ ਅਧਿਆਪਕ ਕਾਲੀਆਂ ਝੰਡੀਆਂ ਚੁੱਕ ਕੇ ਰੋਸ ਮਾਰਚ ਕਰਦੇ ਹੋਏ ਜਿਉਂ ਹੀ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਨੇੜੇ ਪੁੱਜੇ ਤਾਂ ਪੁਲੀਸ ਵੱਲੋਂ ਨਾਕਾ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ, ਜਦੋਂ ਕੰਪਿਊਟਰ ਅਧਿਆਪਕਾਂ ਵੱਲੋਂ ਅੱਗੇ ਵਧਣ ਦਾ ਯਤਨ ਕੀਤਾ ਗਿਆ ਤਾਂ ਪੁਲੀਸ ਨਾਲ ਝੜਪ ਹੋ ਗਈ। ਕਈ ਅਧਿਆਪਕਾਂ ਦੀਆਂ ਪੱਗਾਂ ਲੱਥ ਗਈਆਂ ਤੇ ਮਹਿਲਾ ਅਧਿਆਪਕਾਂ ਦੇ ਸਿਰਾਂ ਤੋਂ ਚੁੰਨੀਆਂ ਲਹਿ ਗਈਆਂ। ਇੱਕ-ਦੋ ਪੁਲੀਸ ਮੁਲਾਜ਼ਮਾਂ ਦੀਆਂ ਪੱਗਾਂ ਵੀ ਲੱਥੀਆਂ, ਬੈਜ ਉਖੜ ਗਏ ਅਤੇ ਵਰਦੀ ਵੀ ਫਟ ਗਈ। ਖਿੱਚ-ਧੂਹ ਦੌਰਾਨ ਡੰਡੇ ਵੀ ਟੁੱਟੇ ਨਜ਼ਰ ਆਏ, ਜਦੋਂ ਸਥਿਤੀ ਬੇਕਾਬੂ ਹੁੰਦੀ ਨਜ਼ਰ ਆਈ ਤਾਂ ਪੁਲੀਸ ਵੱਲੋਂ ਅਧਿਆਪਕਾਂ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਇਸ ਮੌਕੇ ਅਧਿਆਪਕ ਆਗੂ ਪਰਮਵੀਰ ਸਿੰਘ ਪੰਮੀ, ਜੋਨੀ ਸਿੰਗਲਾ, ਪ੍ਰਦੀਪ ਮਲੂਕਾ, ਰਣਜੀਤ ਸਿੰਘ, ਰਜਵੰਤ ਕੌਰ, ਰਾਵਿੰਦਰ ਸਿੰਘ ਮੰਡੇਰ ਅਤੇ ਨਰਦੀਪ ਸ਼ਰਮਾ ਨੇ ਦਾਅਵਾ ਕੀਤਾ ਕਿ ਝੜਪ ਤੇ ਪਾਣੀ ਦੀਆਂ ਬੁਛਾੜਾਂ ਨਾਲ ਕਰੀਬ 20 ਅਧਿਆਪਕ ਜ਼ਖਮੀ ਹੋਏ ਅਤੇ ਪੰਜ ਅਧਿਆਪਕ ਬੇਹੋਸ਼ ਹੋ ਗਏ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਭੁੱਖ ਹੜਤਾਲ ਨੂੰ ਮਰਨ ਵਰਤ ਵਿਚ ਤਬਦੀਲ ਕਰ ਦਿੱਤਾ ਜਾਵੇਗਾ। ਮਗਰੋਂ ਪ੍ਰਸ਼ਾਸਨ ਵੱਲੋਂ ਕੰਪਿਊਟਰ ਅਧਿਆਪਕਾਂ ਦੀ 11 ਸਤੰਬਰ ਨੂੰ ਵਿੱਤ ਮੰਤਰੀ ਨਾਲ ਚੰਡੀਗੜ੍ਹ ’ਚ ਮੀਟਿੰਗ ਨਿਸਚਿਤ ਕਰਵਾਈ ਗਈ।
ਉਧਰ, ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਮੌਕੇ ’ਤੇ ਪੁੱਜੇ ਐੱਸਪੀ (ਡੀ) ਪਲਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਸਭ ਨੂੰ ਹੱਕ ਹੈ ਪਰ ਜਿਨ੍ਹਾਂ ਅਧਿਆਪਕਾਂ ਨੇ ਸਮਾਜ ਨੂੰ ਸੇਧ ਦੇਣੀ ਹੈ, ਉਨ੍ਹਾਂ ਵੱਲੋਂ ਪੁਲੀਸ ਫੋਰਸ ’ਤੇ ਜਬਰੀ ਤਾਕਤ ਦੀ ਵਰਤੋਂ ਕਰਕੇ ਪ੍ਰਦਰਸ਼ਨ ਕਰਨ ਦਾ ਤਰੀਕਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੱਲੋਂ ਵੀ ਕਾਨੂੰਨ ਆਪਣੇ ਹੱਥ ਵਿਚ ਲਿਆ ਗਿਆ, ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।