ਕੈਂਸਰ ਦੇ ਇਲਾਜ ਸਬੰਧੀ ਦਾਅਵੇ ਬਾਰੇ ਨਵਜੋਤ ਸਿੱਧੂ ਵੱਲੋਂ ਸਪਸ਼ਟੀਕਰਨ
* ਖੁਰਾਕ ਸਬੰਧੀ ਯੋਜਨਾ ਡਾਕਟਰਾਂ ਦੀ ਸਲਾਹ ’ਤੇ ਲਾਗੂ ਕੀਤੀ ਗਈ ਤੇ ਇਸ ਨੂੰ ‘ਇਲਾਜ ਵਿੱਚ ਮਦਦਗਾਰ’ ਮੰਨਿਆ ਜਾਵੇ: ਸਿੱਧੂ
ਚੰਡੀਗੜ੍ਹ, 25 ਨਵੰਬਰ
ਕੈਂਸਰ ਨਾਲ ਲੜਨ ਲਈ ਖੁਰਾਕ ਸਬੰਧੀ ਦਾਅਵੇ ’ਤੇ ਡਾਕਟਰਾਂ ਵੱਲੋਂ ਚੁੱਕੇ ਸਵਾਲ ਮਗਰੋਂ ਕਾਂਗਰਸ ਆਗੂ ਨਵਜੋਤ ਸਿੱਧੂ ਨੇ ਅੱਜ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਖੁਰਾਕ ਸਬੰਧੀ ਯੋਜਨਾ ਡਾਕਟਰਾਂ ਦੀ ਸਲਾਹ ’ਤੇ ਲਾਗੂ ਕੀਤੀ ਗਈ ਸੀ ਅਤੇ ਇਸ ਨੂੰ ‘ਇਲਾਜ ਵਿੱਚ ਮਦਦਗਾਰ’ ਮੰਨਿਆ ਜਾਣਾ ਚਾਹੀਦਾ ਹੈ। ਕੈਂਸਰ ਮਾਹਿਰਾਂ ਨੇ ਉਨ੍ਹਾਂ ਦੇ ਇਸ ਦਾਅਵੇ ’ਤੇ ਸਵਾਲ ਚੁੱਕਿਆ ਕਿ ਖੁਰਾਕ ਸਬੰਧੀ ਸਖ਼ਤ ਨਿਯਮਾਂ ਕਾਰਨ ਉਨ੍ਹਾਂ ਦੀ ਪਤਨੀ ਨੂੰ ‘ਸਟੇਜ 4’ ਦੇ ਕੈਂਸਰ ਨਾਲ ਲੜਨ ਵਿੱਚ ਮਦਦ ਮਿਲੀ।
ਨਵਜੋਤ ਸਿੱਧੂ ਨੇ 21 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਕੈਂਸਰ ਤੋਂ ਉਭਰ ਗਈ ਹੈ। ਉਨ੍ਹਾਂ ਨੇ ਇਸ ਦੌਰਾਨ ਪਤਨੀ ਦੇ ਠੀਕ ਹੋਣ ਵਿੱਚ ਖੁਰਾਕ ਸਬੰਧੀ ਯੋਜਨਾ ਤੇ ਜੀਵਨਸ਼ੈਲੀ ਵਿੱਚ ਬਦਲਾਅ ਦੀ ਭੂਮਿਕਾ ’ਤੇ ਜ਼ੋਰ ਦਿੱਤਾ।
ਸਿੱਧੂ ਨੇ ਸੋਮਵਾਰ ਨੂੰ ‘ਐਕਸ’ ’ਤੇ ਵੀਡੀਓ ਸੰਦੇਸ਼ ਵਿੱਚ ਕਿਹਾ, ‘‘ਮੈਂ ਕਹਿਣਾ ਚਾਹੁੰਦਾ ਹਾਂ ਕਿ ਡਾਕਟਰ ਮੇਰੇ ਲਈ ਭਗਵਾਨ ਵਾਂਗ ਹਨ ਅਤੇ ਡਾਕਟਰ ਹਮੇਸ਼ਾ ਮੇਰੀ ਤਰਜੀਹ ਰਹੇ ਹਨ। ਮੇਰੇ ਘਰ ਡਾਕਟਰ (ਨਵਜੋਤ ਕੌਰ ਸਿੱਧੂ) ਹੈ। ਅਸੀਂ ਜੋ ਕੁੱਝ ਵੀ ਕੀਤਾ ਹੈ, ਉਹ ਡਾਕਟਰਾਂ ਦੀ ਸਲਾਹ ਨਾਲ ਕੀਤਾ ਹੈ।’’ -ਪੀਟੀਆਈ
ਗ਼ੈਰਪ੍ਰਮਾਣਿਤ ਇਲਾਜ ਨਾ ਕਰਨ ਕੈਂਸਰ ਦੇ ਮਰੀਜ਼: ਟਾਟਾ ਮੈਮੋਰੀਅਲ ਹਸਪਤਾਲ
ਕਾਂਗਰਸ ਆਗੂ ਨਵਜੋਤ ਸਿੱਧੂ ਦੇ ਕੈਂਸਰ ਨਾਲ ਲੜਨ ਲਈ ਖੁਰਾਕ ਸਬੰਧੀ ਦਾਅਵੇ ਮਗਰੋਂ ਮੁੰਬਈ ਦੇ ਟਾਟਾ ਮੈਮੋਰੀਅਲ ਹਸਪਤਾਲ ਦੇ ਕੈਂਸਰ ਮਾਹਿਰਾਂ ਨੇ ਕੈਂਸਰ ਪੀੜਤਾਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੈਂਸਰ ਦੇ ਮਰੀਜ਼ਾਂ ਨੂੰ ‘ਗ਼ੈਰਪ੍ਰਮਾਣਿਤ’ ਇਲਾਜਾਂ ਦਾ ਪਾਲਣ ਕਰ ਕੇ ਆਪਣੇ ਇਲਾਜ ਵਿੱਚ ਦੇਰੀ ਜਾਂ ਇਲਾਜ ਨਹੀਂ ਰੋਕਣਾ ਚਾਹੀਦਾ। ਟਾਟਾ ਮੈਮੋਰੀਅਲ ਹਸਪਤਾਲ ਦੇ ਡਾਇਰੈਕਟਰ ਡਾ. ਸੀਐੱਸ ਪ੍ਰਮੇਸ਼ ਨੇ ‘ਐਕਸ’ ’ਤੇ ਨਵਜੋਤ ਸਿੱਧੂ ਦੀ ਪ੍ਰੈੱਸ ਕਾਨਫਰੰਸ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ, ‘‘ਅਜਿਹੇ ਬਿਆਨਾਂ ’ਤੇ ਵਿਸ਼ਵਾਸ ਨਾ ਕੀਤਾ ਜਾਵੇ। ਇਹ ਬਿਆਨ ਭਾਵੇਂ ਕੋਈ ਵੀ ਦੇਵੇ।’’ ਉਨ੍ਹਾਂ ਕਿਹਾ ਕਿ ਇਹ ਗ਼ੈਰ-ਵਿਗਿਆਨਕ ਅਤੇ ਆਧਾਰਹੀਣ ਨੁਸਖੇ ਹਨ ਅਤੇ ਕੈਂਸਰ ਦੇ ਇਲਾਜ ਲਈ ਕੀਮੋਥੈਰੇਪੀ ਦੀ ਹੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਲਦੀ, ਨਿੰਮ ਜਾਂ ਹੋਰ ਨੁਸਖਿਆਂ ਨਾਲ ਕੈਂਸਰ ਦਾ ਇਲਾਜ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੈਂਸਰ ਦੇ ਇਲਾਜ ਲਈ ਸਰਜਰੀ ਦੀ ਲੋੜ ਹੁੰਦੀ ਹੈ।