ਝੋਨੇ ਦੀ ਚੌਵੀ ਘੰਟਿਆਂ ’ਚ ਅਦਾਇਗੀ ਦੇ ਦਾਅਵੇ ਠੁੱਸ
ਪੱਤਰ ਪ੍ਰੇਰਕ
ਮਾਨਸਾ, 9 ਨਵੰਬਰ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 48 ਘੰਟਿਆਂ ਦੇ ਅੰਦਰ ਝੋਨੇ ਦੀ ਫ਼ਸਲ ਦੀ ਅਦਾਇਗੀ ਕਰਨ ਦੇ ਸਭ ਦਾਅਵੇ ਠੁੱਸ ਹੋ ਕੇ ਰਹਿ ਗਏ ਹਨ। ਇਥੇ ਕਿਸਾਨਾਂ ਨੂੰ 12-12 ਦਿਨ ਹੋ ਗਏ ਹਨ, ਝੋਨਾ ਵੇਚੇ ਨੂੰ ਪਰ ਅੱਜ ਤੱਕ ‘ਇੱਕ ਨਵਾਂ ਪੈਸਾ’ ਉਨ੍ਹਾਂ ਨੂੰ ਨਹੀਂ ਪ੍ਰਾਪਤ ਹੋਇਆ ਹੈ। ਅਦਾਇਗੀ ਦੇ ਨਾਲ-ਨਾਲ ਜ਼ਿਲ੍ਹੇ ਦੇ ਸਾਰੇ ਖਰੀਦ ਕੇਂਦਰਾਂ ਵਿੱਚ ਲਿਫਟਿੰਗ ਦੀ ਵੱਡੀ ਦਿਕੱਤ ਖੜ੍ਹੀ ਹੋਈ ਪਈ ਹੈ। ਕੱਚਾ ਆੜ੍ਹਤੀਆਂ ਅਤੇ ਕਿਸਾਨਾਂ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਦੀਆਂ ਏਜੰਸੀਆਂ ਨੇ ਕਿਸਾਨਾਂ ਤੋਂ ਝੋਨਾ ਤਾਂ ਤੁਲਵਾ ਲਿਆ ਹੈ, ਪਰ ਹੁਣ ਉਨ੍ਹਾਂ ਦੇ ਪੈਸੇ ਦੇਣ ਦਾ ਨਾਂ ਨਹੀਂ ਲੈ ਰਹੀ ਹੈ। ਉਧਰ ਕਿਸਾਨਾਂ ਨੂੰ ਝੋਨੇ ਦੀ ਫਸਲ ਦੇ ਪੈਸੇ ਆੜ੍ਹਤੀਏ ਨਹੀਂ ਦੇ ਰਹੇ ਹਨ। ਕੱਚਾ ਆੜ੍ਹਤੀਆਂ ਦਾ ਕਹਿਣਾ ਹੈ ਕਿ ਅੱਗੋਂ ਸਰਕਾਰ ਪਾਸੋਂ ਹੀ ਉਨ੍ਹਾਂ ਨੂੰ ਚੈਕ ਨਹੀਂ ਦਿੱਤੇ ਜਾ ਰਹੇ ਹਨ, ਜਿਸ ਕਰਕੇ ਉਹ ਕਿਸਾਨ ਤੋਂ ਜਿਣਸ ਲੈਕੇ ਵੀ ਖੁਦ ਡਾਵਾਂਡੋਲ ਹੋਏ ਬੈਠੇ ਹਨ। ਕੱਚੇ ਆੜ੍ਹਤੀਆਂ ਨੂੰ ਬੈਂਕਾਂ ਵੱਲੋਂ ਵੱਖਰੀ ਪ੍ਰੇਸ਼ਾਨੀ ਕਰਨ ਦੇ ਦੋਸ਼ ਲੱਗੇ ਹਨ। ਮਾਨਸਾ ਜ਼ਿਲ੍ਹਾ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਅਕਤੂਬਰ ਮਹੀਨੇ ਦੀ 27 ਤਾਰੀਖ ਤੋਂ ਬਾਅਦ ਪੇਮੈਂਟ ਵਿੱਚ ਵੱਡੀ ਤਕਲੀਫ ਆਈ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਬੇਸ਼ੱਕ ਖਰੀਦ ਏਜੰਸੀਆਂ ਨੂੰ ਤੁਰੰਤ ਖਰੀਦ ਕਰਕੇ, ਉਸ ਦੀ ਅਦਾਇਗੀ 48 ਘੰਟਿਆਂ ਵਿਚ ਕਰਨ ਦੀ ਸਾਫ਼ ਹਦਾਇਤ ਕੀਤੀ ਹੋਈ ਹੈ, ਪਰ ਏਜੰਸੀਆਂ ਦੇ ਅਫਸਰ ਸਿਵਾਏ ਲਾਰਿਆਂ ਤੋਂ ਕੁੱਝ ਵੀ ਪੱਲੇ ਨਹੀਂ ਪਾ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਕਹਿਣਾ ਹੈ ਕਿ ਉਨ੍ਹਾਂ ਝੋਨੇ ਦੀ ਅਦਾਇਗੀ ਦੇ ਪੈਸੇ ਨਾ ਮਿਲਣ ਕਰਕੇ ਉਹ ਅਗਲੀ ਕਣਕ ਦੀ ਫ਼ਸਲ ਲਈ ਬੀਜ ਅਤੇ ਖਾਦ ਦੇ ਪ੍ਰਬੰਧ ਕਰਨ ਤੋਂ ਅਸਮਰੱਥ ਹੋਣ ਲੱਗੇ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਸਾਨ ਨੇ ਜਿਹੜਾ ਝੋਨਾ 10-12 ਦਿਨ ਪਹਿਲਾਂ ਤੋਲਿਆ ਹੈ, ਉਸਦੀ ਅਦਾਇਗੀ ਅਜੇ ਤੱਕ ਕਿਸਾਨਾਂ ਨੂੰ ਨਹੀਂ ਹੋਈ ਹੈ।
ਡਿਪਟੀ ਕਮਿਸ਼ਨਰ ਵੱਲੋਂ 908 ਕਰੋੜ ਦੀ ਅਦਾਇਗੀ ਹੋਣ ਦਾ ਦਾਅਵਾ
ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੇ ਕਿਸਾਨਾਂ ਨੂੰ 908 ਕਰੋੜ ਰੁਪਏ ਤੋਂ ਵਧੇਰੇ ਦੀ ਆਨਲਾਈਨ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਬੀਤੀ ਸ਼ਾਮ ਤੱਕ 5 ਲੱਖ 983 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ, ਜਦੋਂ ਕਿ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 4 ਲੱਖ 41 ਹਜ਼ਾਰ 159 ਮੀਟਰਕ ਟਨ ਝੋਨਾ ਖਰੀਦਿਆ ਜਾ ਚੁੱਕਾ ਹੈ।