ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਦੇ ਦਾਅਵੇ ਹਕੀਕਤ ਤੋਂ ਉਲਟ

07:02 AM Jun 11, 2024 IST
ਮਾਨਸਾ ’ਚੋਂ ਲੰਘ ਰਹੇ ਮੂਸਾ ਰਜਬਾਹੇ ਦੀ ਹਾਲਤ ਬਿਆਨਦੀ ਤਸਵੀਰ।

ਜੋਗਿੰਦਰ ਸਿੰਘ ਮਾਨ
ਮਾਨਸਾ, 10 ਜੂਨ
ਮਾਨਸਾ ਇਲਾਕੇ ਵਿਚੋਂ ਲੰਘਦੇ ਮੂਸਾ ਰਜਬਾਹੇ ਵਿੱਚ 30 ਮਈ ਨੂੰ ਪਾੜ ਪੈਣ ਤੋਂ ਬਾਅਦ ਹੁਣ ਤੱਕ ਪਾਣੀ ਨਾ ਛੱਡਣ ਕਾਰਨ ਲਗਪਗ 20 ਪਿੰਡਾਂ ਦੇ ਲੋਕ ਪਾਣੀ ਨੂੰ ਤਰਸਣ ਲੱਗੇ ਹਨ। ਭਾਵੇਂ ਪੰਜਾਬ ਸਰਕਾਰ ਨੇ 11 ਜੂਨ ਤੋਂ ਝੋਨੇ ਦੀ ਲੁਆਈ ਲਈ ਵਾਧੂ ਪਾਣੀ ਛੱਡਣ ਦਾ ਬਕਾਇਦਾ ਇਸ ਵਾਰ ਟੀਚਾ ਮਿਥਿਆ ਹੋਇਆ ਹੈ, ਪਰ ਇਨ੍ਹਾਂ 20 ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਨਹਿਰੀ ਪਾਣੀ ਨੂੰ ਤਰਸਦੀ ਰਹੇਗੀ। ਵੇਰਵਿਆਂ ਅਨੁਸਾਰ ਇਨ੍ਹਾਂ ਪਿੰਡਾਂ ਵਿੱਚ ਜਵਾਹਰਕੇ, ਘਰਾਂਗਣਾ, ਰਮਦਿੱਤੇਵਾਲਾ, ਗੇਹਲੇ, ਮੂਸਾ, ਗਾਗੋਵਾਲ, ਮਾਖਾ, ਰਾਏਪੁਰ, ਛਾਪਿਆਂਵਾਲੀ, ਉੱਡਤ ਭਗਤ ਰਾਮ, ਟਾਡੀਆਂ, ਬਾਜੇਵਾਲਾ, ਪੇਰੋਂ ਸਮੇਤ ਅੱਧੀ ਦਰਜਨ ਹੋਰ ਪਿੰਡਾਂ ਸ਼ਾਮਲ ਹਨ।
ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਅਤੇ ਜ਼ਿਲ੍ਹਾ ਮਾਨਸਾ ਦੇ ਸੀਨੀਅਰ ਆਗੂ ਅਵਤਾਰ ਸਿੰਘ ਛਾਪਿਆਂਵਾਲੀ ਨੇ ਦੱਸਿਆ ਕਿ ਮੂਸਾ ਨਹਿਰੀ ਮਾਈਨਰ ਰਜਵਾਹਾ ਲਗਭਗ ਚਾਰ ਮਹੀਨਿਆਂ ਦੇ ਅੰਦਰ ਅੰਦਰ ਪਿੰਡ ਛਾਪਿਆਂਵਾਲੀ ਨੇੜੇ ਦੋ ਵਾਰ ਟੁੱਟ ਚੁੱਕਾ ਹੈ। ਉਨ੍ਹਾਂ ਕਿਹਾ ਕਿ ਨਵੇਂ ਬਣੇ ਇਸ ਨਹਿਰੀ ਰਜਬਾਹੇ ਦੇ ਵਾਰ-ਵਾਰ ਟੁੱਟਣ ਨਾਲ ਸਪੱਸ਼ਟ ਹੁੰਦਾ ਹੈ ਕਿ ਸਬੰਧਤ ਠੇਕੇਦਾਰ ਨੇ ਕਥਿਤ ਤੌਰ ’ਤੇ ਵੱਡੀ ਘਪਲੇਬਾਜ਼ੀ ਕੀਤੀ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਕਾਫ਼ੀ ਦਿਨਾਂ ਤੋਂ ਇਸ ਰਜਬਾਹੇ ਦੇ ਟੁੱਟਣ ਕਾਰਨ ਨਹਿਰੀ ਪਾਣੀ ਦੀ ਸਪਲਾਈ ਬੰਦ ਪਈ ਹੈ। ਉਨ੍ਹਾਂ ਕਿਹਾ ਕਿ ਸਾਉਣੀ ਦੀ ਫ਼ਸਲ ਨਰਮੇ, ਕਪਾਹ, ਝੋਨਾ, ਸਬਜ਼ੀਆਂ ਅਤੇ ਪਸ਼ੂਆਂ ਦੇ ਹਰੇ-ਚਾਰੇ ਨੂੰ ਪਾਣੀ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਸਮੇਤ ਸ਼ਹਿਰ ਮਾਨਸਾ ਦੇ ਕੁੱਝ ਹਿੱਸੇ ਨੂੰ ਵਾਟਰ ਵਰਕਸ ਦੇ ਪਾਣੀ ਦੀ ਸਪਲਾਈ ਵੀ ਇਸ ਮੂਸਾ ਰਜਬਾਹੇ ਨਾਲ ਹੁੰਦੀ ਹੈ, ਪਰ ਕਾਫੀ ਸਮੇਂ ਤੋਂ ਇਸ ਮਾਈਨਰ ਵਿੱਚ ਨਹਿਰੀ ਪਾਣੀ ਦੀ ਸਪਲਾਈ ਨਾ ਹੋਣ ਕਰਕੇ ਸਬੰਧਤ ਪਿੰਡਾਂ ਨੂੰ ਪੀਣ ਦੇ ਪਾਣੀ ਦੀ ਸਪਲਾਈ ਵੀ ਨਹੀਂ ਹੋ ਰਹੀ, ਜਿਸ ਕਾਰਨ ਅੱਤ ਦੀ ਗਰਮੀ ਵਿੱਚ ਲੋਕਾਂ ਅਤੇ ਪਸ਼ੂਆਂ ਨੂੰ ਕਾਫ਼ੀ ਮੁਸ਼ਕਲ ਆ ਰਹੀ ਹੈ।
ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਅਤੇ ਨਹਿਰੀ ਵਿਭਾਗ ਦੇ ਮੰਤਰੀ ਸਮੇਤ ਉੱਚ ਅਧਿਕਾਰੀਆਂ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਉਕਤ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨਹਿਰੀ ਪਾਣੀ ਦੀ ਸਪਲਾਈ ਫੌਰੀ ਚਾਲੂ ਕੀਤੀ ਜਾਵੇ।
ਇਸੇ ਦੌਰਾਨ ਸੀਪੀਆਈ (ਐਮ.ਐਲ) ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਇਸ ਰਜਬਾਹੇ ਦੇ ਮੁੜ ਟੁੱਟਣ ਦਾ ਖਦਸ਼ਾ ਬਣਿਆ ਹੈ। ਉਨ੍ਹਾਂ ਦੱਸਿਆ ਕਿ ਸੈਂਟਰਲ ਪਾਰਕ ਮਾਨਸਾ ਦੇ ਨੇੜੇ ਪੁਲ ਹੇਠਾਂ ਮਲਬਾ ਅਤੇ ਦਰੱਖਤ ਦੇ ਟਾਹਣਿਆਂ ਨਾਲ ਪਾਣੀ ਰੁਕਣ ਕਾਰਨ ਇਸ ਵਿੱਚ ਪਾੜ ਪੈਣ ਦਾ ਖ਼ਤਰਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਪੁਲ ਹੇਠੋਂ ਮਲਬੇ ਅਤੇ ਟਾਹਣਿਆਂ ਨੂੰ ਤੁਰੰਤ ਹਟਾਇਆ ਜਾਵੇ।

Advertisement

ਰਾਏਪੁਰ ਦੇ ਤਿੰਨ ਮੋਘੇ ਪੁੱਟਣ ਕਾਰਨ ਰਜਬਾਹੇ ’ਚ ਪਾਣੀ ਨਹੀਂ ਛੱਡਿਆ: ਐਕਸੀਅਨ

ਇਸ ਮਾਮਲੇ ਸਬੰਧੀ ਨਹਿਰੀ ਵਿਭਾਗ ਦੇ ਮਾਨਸਾ ਸਥਿਤ ਐਕਸੀਅਨ ਜਗਮੀਤ ਸਿੰਘ ਭਾਖਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਿੰਡ ਰਾਏਪੁਰ ਦੇ ਤਿੰਨ ਮੋਘੇ ਪੁੱਟਣ ਕਾਰਨ, ਟੇਲ ਉਤੇ ਪੂਰਾ ਪਾਣੀ ਨਾ ਪਹੁੰਚਣ ਨੂੰ ਲੈ ਕੇ ਹੁਣ ਭਲਕੇ 11 ਜੂਨ ਨੂੰ ਭਾਰੀ ਪੁਲੀਸ ਫੋਰਸ ਲੈ ਕੇ ਮੋਘਿਆਂ ਨੂੰ ਸਹੀ ਕਰਨ ਤੋਂ ਬਾਅਦ ਸ਼ਾਮ ਤੱਕ ਪਾਣੀ ਛੱਡ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁੱਟੇ ਗਏ ਮੋਘਿਆਂ ਨੂੰ ਕੁੱਝ ਲੋਕ ਠੀਕ ਨਹੀਂ ਕਰਨ ਦੇ ਰਹੇ ਹਨ।

 

Advertisement

Advertisement