‘ਆਪ’ ਦੇ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਝੂਠੇ: ਰਿਆੜ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ(ਮੁਹਾਲੀ), 18 ਨਵੰਬਰ
ਕਾਂਗਰਸ ਪਾਰਟੀ ਦੇ ਕਿਸਾਨ ਅਤੇ ਖੇਤ ਮਜ਼ਦੂਰ ਵਿੰਗ ਦੇ ਸੂਬਾਈ ਮੀਤ ਪ੍ਰਧਾਨ ਗੁਰਸ਼ਰਨ ਸਿੰਘ ਰਿਆੜ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਦੇ ਕਿਸਾਨ ਹਿਤੈਸ਼ੀ ਹੋਣ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ।
ਉਨ੍ਹਾਂ ਆਖਿਆ ਕਿ ਦਹਾਕਿਆਂ ਬਾਅਦ ਕਿਸਾਨਾਂ ਨੂੰ ਆਪਣਾ ਝੋਨਾ ਵੇਚਣ ਲਈ ਪੰਦਰਾਂ-ਪੰਦਰਾਂ ਦਿਨ ਮੰਡੀਆਂ ਵਿੱਚ ਰੁਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਵੀ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸਾਨਾਂ ਨੂੰ ਆਪਣੀ ਕਣਕ ਦੀ ਬਿਜਾਈ ਲਈ ਲੋੜੀਂਦੀ ਡੀਏਪੀ ਨਾ ਮਿਲਣ ਕਾਰਨ ਬਿਨਾਂ ਖਾਦ ਤੋਂ ਹੀ ਕਣਕ ਦੀ ਬਿਜਾਈ ਕਰਨੀ ਪੈ ਰਹੀ ਹੈ। ਸ੍ਰੀ ਰਿਆੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਤ ਹਨ।
ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਵੀ ਢੁਕਵੇਂ ਕਦਮ ਨਹੀਂ ਚੁੱਕੇ ਗਏ ਤੇ ਕਿਸਾਨਾਂ ਨੂੰ ਸਬਸਿਡੀ ’ਤੇ ਮਸ਼ੀਨਾਂ ਮੁਹੱਈਆ ਕਰਾਉਣ ਲਈ ਪੰਜ-ਪੰਜ ਹਜ਼ਾਰ ਦੀ ਰਕਮ ਭਰਵਾ ਕੇ ਕੱਢਿਆ ਜਾਣ ਵਾਲਾ ਦੂਜਾ ਡਰਾਅ ਨਹੀਂ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਚੁੱਪ ਕਰ ਕੇ ਨਹੀਂ ਬੈਠੇਗੀ ਤੇ ਕਿਸਾਨਾਂ ਤੇ ਕੀਤੇ ਜਾ ਰਹੇ ਕੇਸਾਂ ਅਤੇ ਵਸੂਲੇ ਜਾ ਰਹੇ ਜੁਰਮਾਨਿਆਂ ਵਿਰੁੱਧ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰੇਗੀ।