ਗੁਰੂ ਅਮਰਦਾਸ ਦੇ ਜਨਮ ਸਥਾਨ ਦੀ ਅਸਲੀ ਥਾਂ ਲੱਭਣ ਦਾ ਦਾਅਵਾ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 7 ਫਰਵਰੀ
ਕਾਰ ਸੇਵਾ ਸੰਪਰਦਾ ਨਾਲ ਜੁੜੇ ਬਾਬਾ ਅਮਰੀਕ ਸਿੰਘ ਵੱਲੋਂ ਇਥੇ ਛੇਹਰਟਾ ਨੇੜੇ ਪਿੰਡ ਬਾਸਰਕੇ ਵਿੱਚ ਗੁਰੂ ਅਮਰਦਾਸ ਦੇ ਵਿਰਾਸਤੀ ਘਰ ਦਾ ਪਤਾ ਲਗਾਉਣ ਦਾ ਦਾਅਵਾ ਕੀਤਾ ਹੈ, ਜਿੱਥੇ ਗੁਰਦੁਆਰਾ ਉਸਾਰਿਆ ਜਾਵੇਗਾ। ਬਾਬਾ ਅਮਰੀਕ ਸਿੰਘ ਨੇ 11 ਘਰਾਂ ਦੀ ਜ਼ਮੀਨ ਨੂੰ ਗੁਰਦੁਆਰੇ ਦੀ ਉਸਾਰੀ ਵਾਸਤੇ ਪ੍ਰਾਪਤ ਕਰ ਲਿਆ ਹੈ। ਗੁਰਦੁਆਰੇ ਦੀ ਉਸਾਰੀ ਵਾਸਤੇ ਲਗਪਗ ਇੱਕ ਕਿੱਲਾ ਜ਼ਮੀਨ ਦਾ ਪ੍ਰਬੰਧ ਹੋ ਚੁੱਕਾ ਹੈ। ਪ੍ਰਾਪਤ ਕੀਤੇ ਗਏ ਘਰਾਂ ਦੀ ਜ਼ਮੀਨ ਵਿੱਚੋਂ ਇੱਕ ਪੁਰਾਤਨ ਖੂਹ, ਇੱਕ ਖੂਹੀ, ਇੱਕ ਪੁਰਾਤਨ ਲੱਕੜ ਦੀ ਭਾਰੀ ਚੌਗਾਠ ਤੇ ਕੁਝ ਹੋਰ ਸਾਮਾਨ ਮਿਲਿਆ। ਬਾਬਾ ਅਮਰੀਕ ਸਿੰਘ ਨੇ ਦੱਸਿਆ ਕਿ ਜਦੋਂ ਪਾਕਿਸਤਾਨ ਸਥਿਤ ਲਾਹੌਰ ਵਿੱਚ ਉਨ੍ਹਾਂ ਨੂੰ ਪਾਕਿਸਤਾਨੀ ਪੁਰਾਤੱਤਵ ਵਿਭਾਗ ਨਾਲ ਸਬੰਧਤ ਇੱਕ ਅਧਿਕਾਰੀ ਅਸ਼ਰਫ ਅੰਮ੍ਰਿਤਸਰ ਮਿਲਿਆ ਸੀ, ਜਿਸਨੇ ਫਾਰਸੀ ਭਾਸ਼ਾ ਵਿੱਚ ਕੁਝ ਦਸਤਾਵੇਜ਼ ਦਿਖਾਏ ਸਨ ਅਤੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਦਸਤਾਵੇਜ਼ਾਂ ਵਿੱਚ ਗੁਰੂ ਰਾਮਦਾਸ ਜੀ ਅਤੇ ਗੁਰੂ ਅਮਰਦਾਸ ਜੀ ਦੇ ਜਨਮ ਸਥਾਨ ਨਾਲ ਸਬੰਧਤ ਵੇਰਵੇ ਹਨ। ਉਨ੍ਹਾਂ ਦੱਸਿਆ ਕਿ ਅਸ਼ਰਫ ਵੱਲੋਂ ਦਿੱਤੇ ਗਏ ਵੇਰਵਿਆਂ ਦੇ ਅਧਾਰ ’ਤੇ ਉਹਨਾਂ ਪਿੰਡ ਬਾਸਰਕੇ ਵਿੱਚ ਆ ਕੇ ਇਸ ਸਬੰਧੀ ਖੋਜ ਕੀਤੀ ਤਾਂ ਇੱਥੇ ਕੁਝ ਭੱਲਾ ਪਰਿਵਾਰ ਮਿਲੇ, ਜਿਨ੍ਹਾਂ ਦੇ ਪੁਰਖੇ ਗੁਰੂ ਸਾਹਿਬ ਨਾਲ ਸਬੰਧਤ ਸਨ।