For the best experience, open
https://m.punjabitribuneonline.com
on your mobile browser.
Advertisement

ਖੜਗੇ ਦੇ ਹੈਲੀਕਾਪਟਰ ਦੀ ਚੈਕਿੰਗ ਦਾ ਦਾਅਵਾ

06:57 AM May 13, 2024 IST
ਖੜਗੇ ਦੇ ਹੈਲੀਕਾਪਟਰ ਦੀ ਚੈਕਿੰਗ ਦਾ ਦਾਅਵਾ
Advertisement

ਨਵੀਂ ਦਿੱਲੀ, 12 ਮਈ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਹੈਲੀਕਾਪਟਰ ਦੀ ਬਿਹਾਰ ਦੇ ਸਮਸਤੀਪੁਰ ’ਚ ਚੈਕਿੰਗ ਕੀਤੀ ਗਈ। ਇਹ ਦਾਅਵਾ ਕਾਂਗਰਸ ਪਾਰਟੀ ਨੇ ਕੀਤਾ ਹੈ। ਖੜਗੇ ਨੇ ਸ਼ਨਿਚਰਵਾਰ ਨੂੰ ਸਮਸਤੀਪੁਰ ਅਤੇ ਮੁਜ਼ੱਫਰਪੁਰ ’ਚ ਉਪਰੋਥਲੀ ਰੈਲੀਆਂ ਨੂੰ ਸੰਬੋਧਨ ਕੀਤਾ ਸੀ। ਇਸ ਤੋਂ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਕੇਰਲਾ ’ਚ ਚੈਕਿੰਗ ਕੀਤੀ ਗਈ ਸੀ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਚੋਣ ਅਧਿਕਾਰੀਆਂ ਵੱਲੋਂ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਦੇ ਆਗੂਆਂ ਨੂੰ ਇਧਰ-ਉਧਰ ਘੁੰਮਣ ਦੀ ਪੂਰੀ ਖੁੱਲ੍ਹ ਹੈ। ਕਾਂਗਰਸ ਆਗੂ ਰਾਜੇਸ਼ ਰਾਠੌੜ ਨੇ ‘ਐਕਸ’ ’ਤੇ ਵੀਡੀਓ ਸੁਨੇਹੇ ’ਚ ਖੜਗੇ ਦੇ ਹੈਲੀਕਾਪਟਰ ਦੀ ਚੈਕਿੰਗ ਦਾ ਦਾਅਵਾ ਕੀਤਾ। ਕਾਂਗਰਸ ਦੀ ਬਿਹਾਰ ਇਕਾਈ ਦੇ ਮੁੱਖ ਤਰਜਮਾਨ ਰਾਠੌੜ ਨੇ ਆਪਣੇ ਦਾਅਵੇ ਦੀ ਪੁਸ਼ਟੀ ਲਈ ਇਕ ਵੀਡੀਓ ਵੀ ਸਾਂਝਾ ਕੀਤਾ ਹੈ ਜਿਸ ’ਚ ਦਿਖਾਈ ਦੇ ਰਿਹਾ ਹੈ ਕਿ ਬਿਹਾਰ ਦੀ ਮੁੱਖ ਚੋਣ ਅਧਿਕਾਰੀ ਸਮਸਤੀਪੁਰ ’ਚ ਖੜਗੇ ਦੇ ਹੈਲੀਕਾਪਟਰ ਦੀ ਚੈਕਿੰਗ ਸਮੇਂ ਨਿਗਰਾਨੀ ਕਰ ਰਹੀ ਹੈ। ਹੈਲੀਕਾਪਟਰ ਨੂੰ ਪੁਲੀਸ ਸਮੇਤ ਹੋਰ ਅਧਿਕਾਰੀਆਂ ਨੇ ਘੇਰਾ ਪਾਇਆ ਹੋਇਆ ਹੈ।
ਰਾਠੌੜ ਨੇ ਕਿਹਾ,‘‘ਚੋਣ ਕਮਿਸ਼ਨ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਕਾਂਗਰਸ ਆਗੂਆਂ ਦੇ ਹੈਲੀਕਾਪਟਰਾਂ ਦੀ ਚੈਕਿੰਗ ਰੂਟੀਨ ਦੀ ਕਾਰਵਾਈ ਹੈ ਅਤੇ ਕੀ ਅਜਿਹੀ ਚੈਕਿੰਗ ਐੱਨਡੀਏ ਦੇ ਸਿਖਰਲੇ ਆਗੂਆਂ ਦੀ ਵੀ ਕੀਤੀ ਜਾਂਦੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਅਜਿਹਾ ਸਾਰਾ ਰਿਕਾਰਡ ਜਨਤਕ ਕਰਨਾ ਚਾਹੀਦਾ ਹੈ, ਨਹੀਂ ਤਾਂ ਸਮਝਿਆ ਜਾਵੇਗਾ ਕਿ ਸਿਰਫ਼ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਰੋਕਣ ਲਈ ਹੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਾਂਗਰਸ ਤਰਜਮਾਨ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਉਨ੍ਹਾਂ ਸਾਰੇ ਆਗੂਆਂ ਦੇ ਵੀਡੀਓ ਨਸ਼ਰ ਕਰਨੇ ਚਾਹੀਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਚੈੱਕ ਕੀਤਾ ਹੈ। -ਪੀਟੀਆਈ

Advertisement

ਮੋਦੀ-ਸ਼ਾਹ ਤੀਜੀ ਵਾਰ ਸੱਤਾ ’ਚ ਆਏ ਤਾਂ ਦਲਿਤ ਅਤੇ ਆਦਿਵਾਸੀ ਗੁਲਾਮ ਬਣ ਜਾਣਗੇ: ਖੜਗੇ

ਧੂਲੇ (ਮਹਾਰਾਸ਼ਟਰ): ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਲੋਕਾਂ ਨੂੰ ਪਾਰਟੀ ਲਈ ਵੋਟ ਪਾਉਣ ਦਾ ਸੱਦਾ ਦਿੰਦਿਆਂ ਦਾਅਵਾ ਕੀਤਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੀਜੀ ਵਾਰ ਸੱਤਾ ’ਚ ਆ ਗਏ ਤਾਂ ਗਰੀਬਾਂ, ਦਲਿਤਾਂ ਅਤੇ ਆਦਿਵਾਸੀਆਂ ਨਾਲ ਗੁਲਾਮਾਂ ਵਰਗਾ ਵਿਵਹਾਰ ਕੀਤਾ ਜਾਵੇਗਾ। ਮਹਾਰਾਸ਼ਟਰ ਦੇ ਧੂਲੇ ਹਲਕੇ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਲੋਕਤੰਤਰ ਅਤੇ ਸੰਵਿਧਾਨ ਬਚਾਉਣ ਲਈ ਕਾਂਗਰਸ ਨੂੰ ਚੁਣਿਆ ਜਾਵੇ। ‘ਜੇਕਰ ਸੰਵਿਧਾਨ ਹੀ ਨਾ ਰਿਹਾ ਤਾ ਫਿਰ ਤੁਹਾਨੂੰ ਕੋਈ ਵੀ ਨਹੀਂ ਬਚਾ ਸਕੇਗਾ। ਸੰਘ ਮੁਖੀ ਮੋਹਨ ਭਾਗਵਤ ਨੇ 2015 ’ਚ ਕਿਹਾ ਸੀ ਕਿ ਸੰਵਿਧਾਨ ਨੂੰ ਬਦਲਿਆ ਜਾਣਾ ਚਾਹੀਦਾ ਹੈ। ਬਾਅਦ ’ਚ ਭਾਜਪਾ ਦੇ ਕਈ ਸੰਸਦ ਮੈਂਬਰਾਂ ਅਤੇ ਭਗਵਾ ਪਾਰਟੀ ਦੇ ਆਗੂਆਂ ਨੇ ਵੀ ਅਜਿਹੇ ਹੀ ਬਿਆਨ ਦਿੱਤੇ ਸਨ।’ ਖੜਗੇ ਨੇ ਮੋਦੀ ’ਤੇ ਝੂਠ ਫੈਲਾਉਣ ਦੇ ਵੀ ਦੋਸ਼ ਲਾਏ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਨੇ ਛਾਤੀ ਠੋਕ ਕੇ ਵਿਦੇਸ਼ ਤੋਂ ਕਾਲਾ ਧਨ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਉਹ ਇਸ ਵਾਅਦੇ ਨੂੰ ਅਜੇ ਤੱਕ ਪੂਰਾ ਨਹੀਂ ਕਰ ਸਕੇ ਹਨ। ਖੜਗੇ ਨੇ ਕਿਹਾ ਕਿ ਮੋਦੀ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵੀ ਵਾਅਦਾ ਕੀਤਾ ਸੀ ਪਰ ਇਹ ਵੀ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋਣ ਦੀ ਬਜਾਏ ਗਲਤ ਨੀਤੀਆਂ ਕਰਕੇ ਖੇਤੀ ਲਾਗਤ ’ਚ ਵਾਧਾ ਹੋ ਗਿਆ ਹੈ ਜਿਸ ਕਰਕੇ ਮੋਦੀ ਨੂੰ ਸੱਤਾ ਤੋਂ ਹਟਾਉਣਾ ਜ਼ਰੂਰੀ ਹੋ ਗਿਆ ਹੈ। ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਕਿ ਜੇਕਰ ਅਡਾਨੀ-ਅੰਬਾਨੀ ਨੇ ਨੋਟਾਂ ਦੇ ਟੈਂਪੂ ਭਰ ਕੇ ਕਾਂਗਰਸ ਨੂੰ ਭੇਜੇ ਹਨ ਤਾਂ ਉਹ ਸੱਚ ਦਾ ਪਤਾ ਲਾਉਣ ਲਈ ਛਾਪੇ ਮਰਵਾਉਣ ਅਤੇ ਕੇਂਦਰੀ ਏਜੰਸੀਆਂ ਤੋਂ ਇਸ ਦੀ ਜਾਂਚ ਕਰਾਉਣ। ਖੜਗੇ ਨੇ ਦੋਸ਼ ਲਾਇਆ ਕਿ ਮੋਦੀ ਨੇ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਸੀਬੀਆਈ, ਈਡੀ ਅਤੇ ਇਨਕਮ ਟੈਕਸ ਵਿਭਾਗ ਦੀ ਵਰਤੋਂ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਵੱਖ ਵੱਖ ਸਿਆਸੀ ਪਾਰਟੀਆਂ ਦੇ ਕਰੀਬ 800 ਆਗੂਆਂ ਨੂੰ ਜੇਲ੍ਹਾਂ ’ਚ ਡੱਕ ਦਿੱਤਾ ਗਿਆ ਹੈ। -ਪੀਟੀਆਈ

Advertisement
Author Image

Advertisement
Advertisement
×