ਇਜ਼ਰਾਈਲ ਵੱਲੋਂ ਗੋਲੀਬੰਦੀ ਦੀ ਉਲੰਘਣਾ ਦਾ ਦਾਅਵਾ
ਬੈਰੂਤ, 28 ਨਵੰਬਰ
ਇਜ਼ਰਾਈਲ ਨੇ ਕਿਹਾ ਹੈ ਕਿ ਹਿਜ਼ਬੁੱਲਾ ਨਾਲ ਹੋਏ ਗੋਲੀਬੰਦੀ ਦੇ ਸਮਝੌਤੇ ਦੀ ਉਲੰਘਣਾ ਹੋਈ ਹੈ। ਉਧਰ ਲਿਬਨਾਨੀ ਸੁਰੱਖਿਆ ਸੂਤਰਾਂ ਨੇ ਕਿਹਾ ਕਿ ਇਜ਼ਰਾਇਲੀ ਟੈਂਕਾਂ ਨੇ ਦੱਖਣੀ ਲਿਬਨਾਨ ਦੇ ਛੇ ਇਲਾਕਿਆਂ ’ਚ ਹਮਲੇ ਕੀਤੇ ਹਨ। ਹਿਜ਼ਬੁੱਲਾ ਆਗੂ ਹਸਨ ਫਦਲਾਲ੍ਹਾ ਨੇ ਇਜ਼ਰਾਈਲ ’ਤੇ ਦੋਸ਼ ਲਾਇਆ ਕਿ ਆਪਣੇ ਪਿੰਡਾਂ ਨੂੰ ਪਰਤ ਰਹੇ ਲੋਕਾਂ ’ਤੇ ਉਸ ਨੇ ਹਮਲਾ ਕੀਤਾ ਹੈ। ਇਜ਼ਰਾਇਲੀ ਫੌਜ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਸਰਹੱਦ ਨੇੜੇ ਰਹਿੰਦੇ ਆਪਣੇ ਇਲਾਕਿਆਂ ’ਚ ਹਾਲੇ ਨਾ ਪਰਤਣ। ਉਧਰ ਇਜ਼ਰਾਈਲ ਅਤੇ ਹਿਜ਼ਬੁੱਲਾ ਕੱਟੜਪੰਥੀਆਂ ਦਰਮਿਆਨ ਜੰਗ ਕਾਰਨ ਉਜੜੇ ਹਜ਼ਾਰਾਂ ਲਿਬਨਾਨੀ ਜੰਗਬੰਦੀ ਮਗਰੋਂ ਘਰਾਂ ਨੂੰ ਪਰਤਣ ਲੱਗ ਪਏ ਹਨ। ਲਿਬਨਾਨੀ ਅਤੇ ਇਜ਼ਰਾਇਲੀ ਫੌਜੀਆਂ ਦੀਆਂ ਚਿਤਾਵਨੀਆਂ ਨੂੰ ਅਣਗੌਲਿਆ ਕਰਦਿਆਂ ਲੋਕ ਆਪਣੇ ਸਾਮਾਨ ਨਾਲ ਲੱਦੀਆਂ ਕਾਰਾਂ ’ਚ ਸਵਾਰ ਹੋ ਕੇ ਘਰਾਂ ’ਚ ਪੁੱਜੇ। ਦੱਖਣੀ ਲਿਬਨਾਨ ’ਚ ਵੀਰਵਾਰ ਨੂੰ ਇਜ਼ਰਾਈਲ ਵੱਲੋਂ ਕੀਤੇ ਹਮਲੇ ’ਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਕੁਝ ਖਾਸ ਇਲਾਕਿਆਂ ਵੱਲ ਪਰਤ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ ਹਨ। ਇਸ ਹਮਲੇ ਕਾਰਨ ਜੰਗਬੰਦੀ ’ਤੇ ਅਸਰ ਪੈ ਸਕਦਾ ਹੈ। ਅਮਰੀਕਾ ਅਤੇ ਫਰਾਂਸ ਨੇ ਗੋਲੀਬੰਦੀ ਤਦੇ ਸਮਝੌਤੇ ’ਚ ਅਹਿਮ ਭੂਮਿਕਾ ਨਿਭਾਈ ਹੈ। ਸਮਝੌਤੇ ਤਹਿਤ ਜੰਗ ਪਹਿਲਾਂ ਦੋ ਮਹੀਨੇ ਲਈ ਰੋਕੀ ਜਾਵੇਗੀ ਅਤੇ ਹਿਜ਼ਬੁੱਲਾ ਨੂੰ ਦੱਖਣੀ ਲਿਬਨਾਨ ’ਚ ਆਪਣੀ ਮੌਜੂਦਗੀ ਖ਼ਤਮ ਕਰਨੀ ਹੋਵੇਗੀ ਜਦਕਿ ਇਜ਼ਰਾਇਲੀ ਫੌਜ ਨੂੰ ਆਪਣੀ ਸਰਹੱਦ ’ਚ ਪਰਤਣਾ ਹੋਵੇਗਾ। ਹਜ਼ਾਰਾਂ ਵਾਧੂ ਲਿਬਨਾਨੀ ਫੌਜੀ ਅਤੇ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਿਕ ਦੱਖਣ ’ਚ ਤਾਇਨਾਤ ਹੋਣਗੇ। -ਏਪੀ
ਸਮਝੌਤੇ ’ਚ ਗਾਜ਼ਾ ਜੰਗ ਬਾਰੇ ਕੋਈ ਜ਼ਿਕਰ ਨਹੀਂ
ਗੋਲੀਬੰਦੀ ਦੇ ਸਮਝੌਤੇ ’ਚ ਗਾਜ਼ਾ ਜੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ ਜਿਥੇ ਦੋ ਸਕੂਲਾਂ ’ਤੇ ਇਜ਼ਰਾਇਲੀ ਹਮਲਿਆਂ ’ਚ ਚਾਰ ਬੱਚਿਆਂ ਸਮੇਤ 11 ਵਿਅਕਤੀ ਮਾਰੇ ਗਏ। ਇਜ਼ਰਾਈਲ ਨੇ ਕਿਹਾ ਕਿ ਇਕ ਹਮਲੇ ’ਚ ਹਮਾਸ ਦੇ ਇਕ ਸਨਾਈਪਰ ਨੂੰ ਨਿਸ਼ਾਨਾ ਬਣਾਇਆ ਗਿਆ ਜਦਕਿ ਦੂਜਾ ਹਮਲਾ ਲੋਕਾਂ ਵਿਚਕਾਰ ਛੁਪੇ ਕੱਟੜਪੰਥੀਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਆਉਂਦੇ ਦਿਨਾਂ ’ਚ ਉਥੇ ਜੰਗਬੰਦੀ ਅਤੇ ਹਮਾਸ ਵੱਲੋਂ ਬੰਧਕ ਬਣਾਏ ਗਏ ਦਰਜਨਾਂ ਲੋਕਾਂ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਕਰੇਗਾ। -ਏਪੀ