ਦਾਅਵੇ ਤੇ ਹਕੀਕਤ: ਸਾਉਣ ਮਹੀਨੇ ਵੀ ਡਰੇਨਾਂ ਬੂਟੀ ਨਾਲ ਭਰੀਆਂ
ਲਖਵੀਰ ਸਿੰਘ ਚੀਮਾ
ਟੱਲੇਵਾਲ, 28 ਜੁਲਾਈ
ਪੰਜਾਬ ਵਿੱਚ ਮੌਨਸੂਨ ਦਾ ਮੌਸਮ ਹੈ ਅਤੇ ਬਰਨਾਲਾ ਦਾ ਜ਼ਿਲ੍ਹਾ ਪ੍ਰਸ਼ਾਸਨ ਨਿਕਾਸੀ ਪ੍ਰਬੰਧਾਂ ਦੇ ਦਾਅਵੇ ਕਰ ਰਹੀ ਹੈ ਜਦੋਂਕਿ ਹਕੀਕਤ ਇਸ ਦੇ ਉਲਟ ਹੈ। ਜ਼ਿਲ੍ਹੇ ਦੀ ਹੱਦ ’ਤੇ ਪੈਂਦੀ ਬੱਸੀਆਂ ਡਰੇਨ ਸਫ਼ਾਈ ਤੋਂ ਸੱਖਣੀ ਪਈ ਹੈ। ਡਰੇਨ ਵਿਚ ਹਰੀ ਬੂਟੀ ਨਾਲ ਭਰੀ ਹੋਣ ਕਰਕੇ ਆਸ-ਪਾਸ ਦੇ ਪਿੰਡਾਂ ’ਚ ਮੀਂਹਾਂ ਦੌਰਾਨ ਨੁਕਸਾਨ ਦਾ ਡਰ ਹੈ। ਇਸ ਡਰੇਨ ਦੇ ਨਾਲ ਗਾਗੇਵਾਲ, ਸੱਦੋਵਾਲ, ਛੀਨੀਵਾਲ ਖ਼ੁਰਦ, ਦੀਵਾਨਾ, ਅਤੇ ਨਰਾਇਣਗੜ੍ਹ ਸੋਹੀਆਂ ਆਦਿ ਪਿੰਡ ਲੱਗਦੇ ਹਨ ਪਰ ਡਰੇਨ ਦੇ ਮੌਜੂਦਾ ਹਾਲਾਤ ਕਿਸਾਨਾਂ ਵਿੱਚ ਸਹਿਮ ਪੈਦਾ ਕਰ ਰਹੇ ਹਨ ਕਿਉਂਕਿ ਬਾਰਿਸ਼ਾਂ ਦੌਰਾਨ ਡਰੇਨ ਦੀ ਹਰੀ ਬੂਟੀ ਕਾਰਨ ਪਾਣੀ ਓਵਰਫ਼ਲੋਅ ਹੋ ਕੇ ਕਿਸਾਨਾਂ ਦੇ ਖੇਤਾਂ ਵਿੱਚ ਫ਼ਸਲਾਂ ਦਾ ਨੁਕਸਾਨ ਕਰੇਗਾ। ਡਰੇਨ ਵਿਭਾਗ ਦੀ ਅਫ਼ਸਰਸ਼ਾਹੀ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਥੇ ਹੀ ਇਸ ਡਰੇਨ ਦੀ ਸਫ਼ਾਈ ਦਾ ਕੰਮ ਮਨਰੇਗਾ ਮਜ਼ਦੂਰਾਂ ਨੂੰ ਨਾ ਦਿੱਤੇ ਜਾਣ ਕਾਰਨ ਮਜ਼ਦੂਰ ਜਥੇਬੰਦੀਆਂ ਵਲੋਂ ਵੀ ਡਰੇਨ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਰੋਸ ਜ਼ਾਹਿਰ ਕੀਤਾ ਗਿਆ ਹੈ। ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਡਰੇਨਾਂ ਦੀ ਸਫ਼ਾਈ ਹੋ ਚੁੱਕੀ ਹੈ ਪਰ ਬੱਸੀਆਂ ਡਰੇਨ ਦੀ ਸਫ਼ਾਈ ਦਾ ਮਨਰੇਗਾ ਮਜ਼ਦੂਰਾਂ ਪਾਸੋਂ ਨਹੀਂ ਕਰਵਾਈ ਗਈ। ਚਾਰ ਮਹੀਨੇ ਤੋਂ ਕੰਮ ਨਾ ਮਿਲਣ ਕਾਰਨ ਮਨਰੇਗਾ ਮਜ਼ਦੂਰ ਵੀ ਵਿਹਲੇ ਹਨ। ਸਬੰਧਤ ਮਹਿਕਮਾ ਮਜ਼ਦੂਰਾਂ ਨੂੰ ਰੁਜ਼ਗਾਰ ਵੀ ਦੇਣ ਤੋਂ ਭੱਜ ਰਿਹਾ ਹੈ। ਜੇਕਰ ਮੀਂਹ ਪੈਣ ਕਾਰਨ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਸਿੱਧੇ ਤੌਰ ’ਤੇ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਇਸ ਸਬੰਧੀ ਏਡੀਸੀ (ਡੀ) ਬਰਨਾਲਾ ਮਨਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਡਰੇਨੇਜ ਵਿਭਾਗ ਨੇ ਐਸਟੀਮੇਟ ਬਣਵਾ ਕੇ ਭੇਜ ਦੇਣ ਤਾਂ ਡਰੇਨ ਦੀ ਤੁਰੰਤ ਸਫ਼ਾਈ ਕਰਵਾ ਦਿੱਤੀ ਜਾਵੇਗੀ ਅਤੇ ਇਸਦਾ ਕੰਮ ਵੀ ਮਨਰੇਗਾ ਮਜ਼ਦੂਰਾਂ ਨੂੰ ਦਿੱਤਾ ਜਾਵੇਗਾ।