ਸੀਜੇਐੱਮ ਵੱਲੋਂ ਪਿੰਡ ਢੇਰ ਸਕੇਰਨੀ ਦਾ ਦੌਰਾ
ਐੱਨਪੀ ਧਵਨ
ਪਠਾਨਕੋਟ, 1 ਅਪਰੈਲ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਦੇ ਸਕੱਤਰ-ਕਮ-ਸੀਜੇਐੱਮ ਰੰਜੀਵ ਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਟੀਮ ਨੇ ਧਾਰ ਬਲਾਕ ਦੇ ਨੀਮ ਪਹਾੜੀ ਤੇ ਪੱਛੜੇ ਪਿੰਡ ਢੇਰ ਸਕੇਰਨੀ ਦਾ ਦੌਰਾ ਕੀਤਾ। ਇਹ ਪਿੰਡ ਪੰਜਾਬ ਦਾ ਸਭ ਤੋਂ ਅਖੀਰਲਾ ਪਿੰਡ ਹੈ ਤੇ ਹਿਮਾਚਲ ਦੀ ਹੱਦ ਨਾਲ ਲੱਗਦਾ ਹੈ।
ਪਿੰਡ ਦੇ ਸਰਪੰਚ ਕਿਸ਼ਨ ਚੰਦ ਨੇ ਕਿਹਾ ਕਿ ਆਜ਼ਾਦੀ ਦੇ 77 ਸਾਲ ਬਾਅਦ ਵੀ ਇਹ ਪਿੰਡ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਨੂੰ ਜਾਣ ਵਾਲੀ ਕੋਈ ਸੜਕ ਨਹੀਂ ਹੈ। ਜਿਸ ਕਾਰਨ ਪਿੰਡ ਵਾਸੀਆਂ ਨੂੰ ਰੋਜ਼ਾਨਾ ਦੇ ਕੰਮਾਂ-ਕਾਰਾਂ ਲਈ ਆਉਣ-ਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਮਰੀਜ਼ ਨੂੰ ਲਿਜਾਣ ਵਿੱਚ ਬਹੁਤ ਮੁਸ਼ਕਲ ਹੁੰਦੀ ਹੈ। ਪਿੰਡ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕੋਈ ਵੀ ਸਰਕਾਰ ਬਿਜਲੀ ਤੱਕ ਦੀ ਸਹੂਲਤ ਨਹੀਂ ਦੇ ਸਕੀ। ਜਿਸ ਕਾਰਨ ਪਿੰਡ ਵਾਸੀ ਹਿਮਾਚਲ ਤੋਂ ਬਿਜਲੀ ਲੈ ਕੇ ਆਪਣੇ ਘਰਾਂ ਵਿੱਚ ਰੋਸ਼ਨੀ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਅਤੇ ਸਰਕਾਰ ਨੂੰ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਇਹ ਪਿੰਡ ਸਹੂਲਤਾਂ ਤੋਂ ਵਾਂਝਾ ਹੈ। ਸੀਜੇਐਮ-ਕਮ-ਸਕੱਤਰ ਰੰਜੀਵ ਪਾਲ ਸਿੰਘ ਚੀਮਾ ਨੇ ਸਰਪੰਚ ਸਮੇਤ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਜਲਦੀ ਹੀ ਉਨ੍ਹਾਂ ਨੂੰ ਸਹੂਲਤਾਂ ਦਿਵਾਉਣ ਲਈ ਹਰ ਸੰਭਵ ਯਤਨ ਕਰਨਗੇ।