For the best experience, open
https://m.punjabitribuneonline.com
on your mobile browser.
Advertisement

ਠੰਢ ਤੇ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ

07:00 AM Jan 08, 2024 IST
ਠੰਢ ਤੇ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ
ਨਵੀਂ ਦਿੱਲੀ ਵਿੱਚ ਠੰਢ ਤੋਂ ਬਚਣ ਲਈ ਹੱਥ ਸੇਕਦੇ ਹੋਏ ਲੋਕ। -ਫੋਟੋ: ਮਾਨਸ ਰੰਜਨ ਭੂਈ
Advertisement

ਨਵੀਂ ਦਿੱਲੀ, 7 ਜਨਵਰੀ
ਕੌਮੀ ਰਾਜਧਾਨੀ ਅਤੇ ਵੱਖ-ਵੱਖ ਰਾਜਾਂ ਵਿੱਚ ਮੌਸਮ ਦੀ ਖਰਾਬੀ ਕਾਰਨ ਅੱਜ ਦਿੱਲੀ ਆਉਣ ਵਾਲੀਆਂ 22 ਰੇਲ ਗੱਡੀਆਂ ਦੇਰੀ ਨਾਲ ਚੱਲੀਆਂ। ਇਸ ਦੌਰਾਨ ਘੱਟੋ-ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤਾਪਮਾਨ ਨਾਲੋਂ ਇਕ ਡਿਗਰੀ ਵੱਧ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਅਨੁਸਾਰ ਸਵੇਰੇ 8.30 ਵਜੇ ਦਿੱਲੀ ਵਿੱਚ ਨਮੀ ਦਾ ਪੱਧਰ 79 ਪ੍ਰਤੀਸ਼ਤ ਦਰਜ ਕੀਤਾ ਗਿਆ ਸੀ। ਆਈਐਮਡੀ ਨੇ ਕਿਹਾ ਕਿ ਆਉਣ ਵਾਲੇ ਹਫ਼ਤੇ ਵਿੱਚ ਦਿੱਲੀ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਰਹੇਗੀ ਅਤੇ 9 ਜਨਵਰੀ ਨੂੰ ਬੱਦਲਵਾਈ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਰੇਲਵੇ ਮੁਤਾਬਕ ਦਿੱਲੀ ਅਤੇ ਵੱਖ-ਵੱਖ ਸੂਬਿਆਂ ‘ਚ ਮੌਸਮ ਦੀ ਖਰਾਬੀ ਕਾਰਨ ਦਿੱਲੀ ਜਾਣ ਵਾਲੀਆਂ 22 ਰੇਲਾਂ ਇਕ ਤੋਂ ਛੇ ਘੰਟੇ ਦੀ ਦੇਰੀ ਨਾਲ ਚੱਲੀਆਂ। ਭਾਰਤੀ ਰੇਲਵੇ ਮੁਤਾਬਕ ਅਜਮੇਰ-ਕਟੜਾ ਪੂਜਾ ਐਕਸਪ੍ਰੈੱਸ, ਜੰਮੂਤਵੀ ਅਜਮੇਰ ਐਕਸਪ੍ਰੈੱਸ ਅਤੇ ਫਿਰੋਜ਼ਪੁਰ-ਸਿਓਨੀ ਕਰੀਬ 6.30 ਘੰਟੇ ਦੇਰੀ ਨਾਲ ਚੱਲੀਆਂ ਜਦਕਿ ਖਜੁਆਰਾਓ-ਕੁਰੂਕਸ਼ੇਤਰ ਐਕਸਪ੍ਰੈੱਸ ਅਤੇ ਸਿਓਨੀ-ਫਿਰੋਜ਼ਪੁਰ ਕਰੀਬ 4 ਘੰਟੇ ਦੇਰੀ ਨਾਲ ਚੱਲੀਆਂ। ਪੁਰੀ-ਨਵੀਂ ਦਿੱਲੀ ਪੁਰਸ਼ੋਤਮ ਐਕਸਪ੍ਰੈਸ, ਕਾਨਪੁਰ-ਨਵੀਂ ਦਿੱਲੀ ਸ਼੍ਰਮਸ਼ਕਤੀ, ਡਬਿਰੂਗੜ੍ਹ-ਨਵੀਂ ਦਿੱਲੀ ਰਾਜਧਾਨੀ, ਬੰਗਲੂਰੂ-ਨਿਜ਼ਾਮੂਦੀਨ, ਰਾਜੇਂਦਰਨਗਰ-ਨਵੀਂ ਦਿੱਲੀ ਰਾਜਧਾਨੀ ਅਤੇ ਸਹਰਸਾ-ਨਵੀਂ ਦਿੱਲੀ ਵੈਸ਼ਾਲੀ ਐਕਸਪ੍ਰੈਸ ਸਮੇਤ ਲਗਭਗ 11 ਟਰੇਨਾਂ ਇੱਕ ਤੋਂ ਡੇਢ ਘੰਟਾ ਦੇਰੀ ਨਾਲ ਚੱਲੀਆਂ। ਇਸੇ ਤਰ੍ਹਾਂ ਮੁਜ਼ੱਫਰਪੁਰ-ਆਨੰਦ ਵਿਹਾਰ ਐਕਸਪ੍ਰੈਸ, ਚੇਨੱਈ-ਨਵੀਂ ਦਿੱਲੀ ਜੀਟੀ ਅਤੇ ਜੰਮੂਤਵੀ- ਨਵੀਂ ਦਿੱਲੀ ਰਾਜਧਾਨੀ ਸਮੇਤ ਤਿੰਨ ਟਰੇਨਾਂ 2 ਘੰਟੇ ਦੇਰੀ ਨਾਲ ਚੱਲੀਆਂ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ ਅੱਜ ਸਵੇਰੇ 10 ਵਜੇ ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ‘ਬਹੁਤ ਖਰਾਬ’ ਸ਼੍ਰੇਣੀ ਵਿੱਚ 341 ਦਰਜ ਕੀਤਾ ਗਿਆ। ਆਨੰਦ ਵਿਹਾਰ ਵਿੱਚ ਪੀਐੱਮ 2.5 ਦਾ ਪੱਧਰ 339 ਭਾਵ ‘ਬਹੁਤ ਖ਼ਰਾਬ’ ਅਤੇ ਪੀਐੱਮ10 ਦਾ ਪੱਧਰ 265 ਦਰਜ ਕੀਤਾ ਗਿਆ। -ਪੀਟੀਆਈ

Advertisement

Advertisement
Advertisement
Author Image

Advertisement