ਸਿਵਲ ਹਸਪਤਾਲ ਸਮਰਾਲਾ ਨੂੰ ਪੰਜਾਬ ਦਾ ਸਰਵੋਤਮ ਹਸਪਤਾਲ ਚੁਣਿਆ
ਪੱਤਰ ਪ੍ਰੇਰਕ
ਸਮਰਾਲਾ, 2 ਜਨਵਰੀ
ਭਾਰਤ ਸਰਕਾਰ ਦੇ ਸਵੱਛ ਭਾਰਤ ਮਿਸ਼ਨ ਤਹਿਤ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਵਿਚਕਾਰ ਕਰਵਾਏ ਗਏ ‘ਕਾਇਆ ਕਲਪ’ ਮੁਕਾਬਲੇ ਦੌਰਾਨ ਸਿਵਲ ਹਸਪਤਾਲ ਸਮਰਾਲਾ ਨੂੰ ਸੂਬੇ ਦਾ ਸਰਵੋਤਮ ਹਸਪਤਾਲ ਐਲਾਨਿਆ ਗਿਆ ਹੈ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਤਾਰਿਕਜੋਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ, ਵੱਖ-ਵੱਖ ਤਰਾਂ ਦੇ ਮੁਲਾਕਣ ਦੌਰਾਨ ਉਨਾਂ ਦੇ ਹਸਪਤਾਲ ਨੂੰ ਪੰਜਾਬ ਭਰ ਵਿੱਚੋਂ ਸੱਭ ਤੋਂ ਵਧੀਆਂ ਸੇਵਾਵਾਂ ਬਦਲੇ ਸੱਭ ਤੋਂ ਵੱਧ 89 ਅੰਕ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ, ਟੀਮ ਵੱਲੋਂ ਐਨ.ਕਿਊ.ਐਸ ਦੇ ਅਧੀਨ ਸਬ-ਡਵੀਜਨਲ ਹਸਪਤਾਲ ਸਮਰਾਲਾ ਦੀ ਕੀਤੀ ਗਈ ਜਾਂਚ ਉਪਰੰਤ ਇਸ ਨੂੰ ਪੰਜਾਬ ਦਾ ਸਰਬੋਤਮ ਹਸਪਤਾਲ ਐਲਾਨਿਆ ਗਿਆ ਹੈ। ਉਨਾਂ ਨੇ ਦੱਸਿਆ ਕਿ ਕੇਂਦਰੀ ਜਾਂਚ ਟੀਮ ਵੱਲੋਂ ਹਸਪਤਾਲ ਦੀ ਕਾਰਜ਼ਗੁਜਾਰੀ, ਐਮਰਜੇਂਸੀ ਸੇਵਾਵਾਂ, ਲੇਬਰ ਰੂਮ, ਆਪ੍ਰੇਸ਼ਨ ਥਿਏਟਰ ਸਮੇਤ ਮਰੀਜ਼ਾਂ ਦੀ ਕੇਅਰ, ਸੋਸ਼ਲ ਐਕਟੀਵਿਟੀ ਸਮੇਤ ਕਈ ਹੋਰ ਪੱਖਾਂ ਨੂੰ ਘੋਖਿਆ ਗਿਆ ਸੀ। ਇਸ ਦੀ ਜੋ ਰਿਪੋਰਟ ਆਈ ਹੈ, ਉਸ ਵਿੱਚ ਹਸਪਤਾਲ 89 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕਰਨ ਵਿਚ ਸਫਲ ਰਿਹਾ ਹੈ।