For the best experience, open
https://m.punjabitribuneonline.com
on your mobile browser.
Advertisement

ਪਠਾਨਕੋਟ ਦਾ ਸਿਵਲ ਏਅਰਪੋਰਟ ਚਿੱਟਾ ਹਾਥੀ ਬਣਿਆ

08:40 AM Jul 22, 2024 IST
ਪਠਾਨਕੋਟ ਦਾ ਸਿਵਲ ਏਅਰਪੋਰਟ ਚਿੱਟਾ ਹਾਥੀ ਬਣਿਆ
ਪਠਾਨਕੋਟ ਦਾ ਹਵਾਈ ਅੱਡਾ ਜੋ ਬੰਦ ਪਿਆ ਹੈ।
Advertisement

ਐੱਨਪੀ ਧਵਨ
ਪਠਾਨਕੋਟ, 21 ਜੁਲਾਈ
ਇੱਥੇ ਵਪਾਰੀਆਂ ਅਤੇ ਸੈਲਾਨੀਆਂ ਦੀ ਸਹੂਲਤ ਲਈ ਬਣਾਇਆ ਗਿਆ ਸਿਵਲ ਹਵਾਈ ਅੱਡਾ ਪਿਛਲੇ 2 ਸਾਲ ਤੋਂ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ। ਇਸ ਤੋਂ ਪਠਾਨਕੋਟ-ਦਿੱਲੀ ਨੂੰ ਹਵਾਈ ਉਡਾਣ ਮੁੜ ਸ਼ੁਰੂ ਨਹੀਂ ਕੀਤੀ ਗਈ। ਇਸ ਹਵਾਈ ਅੱਡੇ ਤੋਂ ਫਰਵਰੀ 2022 ਤੋਂ ਬਾਅਦ ਕੋਈ ਵੀ ਉਡਾਣ ਸ਼ੁਰੂ ਨਹੀਂ ਹੋ ਸਕੀ ਅਤੇ 1 ਮਾਰਚ 2022 ਤੋਂ ਇਹ ਹਵਾਈ ਅੱਡਾ ਬੰਦ ਪਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਖੇਤਰ ਅੰਦਰ ਪਠਾਨਕੋਟ ਦਾ ਹਵਾਈ ਅੱਡਾ ਕਾਫੀ ਜਗ੍ਹਾ ਵਿੱਚ ਬਣਿਆ ਹੋਇਆ ਹੈ ਅਤੇ ਇੱਥੇ 3 ਹਵਾਈ ਜਹਾਜ਼ ਇੱਕੋ ਸਮੇਂ ਖੜ੍ਹ ਸਕਦੇ ਹਨ। ਇਸ ਦੀ ਇਮਾਰਤ ਬਹੁਤ ਵੱਡੀ ਹੈ ਅਤੇ ਇੱਥੇ ਸਕਿਓਰਿਟੀ ਅਤੇ ਸਾਫ-ਸਫਾਈ ਲਈ ਅਮਲਾ ਫੈਲਾ ਵੀ ਬਹੁਤ ਹੈ। ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੇ ਯਾਤਰੀ ਅਤੇ ਵੀਆਈਪੀਜ਼ ਇੱਥੋਂ ਹੀ ਉਡਾਣ ਫੜਦੇ ਰਹੇ ਹਨ। ਇਸ ਦੇ ਇਲਾਵਾ ਪਠਾਨਕੋਟ ਦੇ ਨਾਲ ਲੱਗਦੀ ਫੌਜ ਦੀ ਬਹੁਤ ਵੱਡੀ ਛਾਉਣੀ ਹੈ ਅਤੇ ਭਾਰਤੀ ਸੈਨਾ ਦੇ ਅਧਿਕਾਰੀ ਜ਼ਿਆਦਾਤਰ ਹਵਾਈ ਜਹਾਜ਼ ਰਾਹੀਂ ਹੀ ਸਫਰ ਕਰਨ ਨੂੰ ਪਹਿਲ ਦਿੰਦੇ ਰਹੇ ਹਨ। ਇੱਥੇ ਪਹਿਲਾਂ ਅਲਾਇੰਸ ਏਅਰਵੇਜ਼ ਦੀਆਂ 70 ਸੀਟਾਂ ਵਾਲਾ ਜਹਾਜ਼ ਹਫਤੇ ਵਿੱਚੋਂ 3 ਦਿਨ ਦਿੱਲੀ ਨੂੰ ਆਉਂਦਾ ਜਾਂਦਾ ਰਿਹਾ ਹੈ, ਜੋ ਕਿ 1 ਮਾਰਚ 2022 ਤੋਂ ਬੰਦ ਹੈ। ਜਦ ਕਿ ਇਸ ਬੰਦ ਪਏ ਹਵਾਈ ਅੱਡੇ ਦੇ ਰੱਖ-ਰਖਾਵ, ਅਮਲੇ ਫੈਲੇ ਦਾ ਅਤੇ ਸੁਰੱਖਿਆ ਦਸਤਿਆਂ ਦਾ ਸਕਿਓਰਿਟੀ ਕਰਨ ਦਾ ਪੂਰਾ ਖਰਚਾ ਪੈ ਰਿਹਾ ਹੈ। ਇਸ ਦੇ ਬਾਵਜੂਦ ਕੇਂਦਰ ਸਰਕਾਰ ਇਸ ਨੂੰ ਚਿੱਟਾ ਹਾਥੀ ਬਣਾਉਣ ’ਤੇ ਤੁਲੀ ਪਈ ਹੈ।
ਪਠਾਨਕੋਟ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ, ਵਪਾਰ ਮੰਡਲ ਪਠਾਨਕੋਟ ਅਤੇ ਹੋਰ ਵਪਾਰਕ ਸੰਸਥਾਵਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਦਿੱਲੀ ਤੋਂ ਸ਼੍ਰੀਨਗਰ ਵਾਇਆ ਪਠਾਨਕੋਟ ਹਵਾਈ ਉਡਾਣ ਸ਼ੁਰੂ ਕੀਤੀ ਜਾਵੇ ਤਾਂ ਫਿਰ ਪਠਾਨਕੋਟ ਦੇ ਵਪਾਰ ਵਿੱਚ ਬਹੁਤ ਵਾਧਾ ਹੋਣ ਦੇ ਨਾਲ-ਨਾਲ ਪਠਾਨਕੋਟ ਅਤੇ ਨਾਲ ਲੱਗਦੇ ਹਿਮਾਚਲ ਤੇ ਹੋਰ ਖੇਤਰਾਂ ਦੇ ਲੋਕਾਂ ਨੂੰ ਦਿੱਲੀ ਅਤੇ ਸ੍ਰੀਨਗਰ ਜਾਣ ਦੀ ਸਹੂਲਤ ਮਿਲ ਜਾਵੇਗੀ ਜਦ ਕਿ ਹੁਣ ਲੋਕਾਂ ਨੂੰ ਅੰਮ੍ਰਿਤਸਰ ਜਾਂ ਜੰਮੂ ਜਾ ਕੇ ਉਡਾਣ ਫੜਨੀ ਪੈਂਦੀ ਹੈ।
ਪਠਾਨਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਅਮਿਤ ਵਿੱਜ ਨੇ ਵੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਕੋਲ ਇਸ ਹਵਾਈ ਅੱਡੇ ਨੂੰ ਮੁੜ ਚਲਾਉਣ ਦੀ ਮੰਗ ਰੱਖੀ ਹੈ। ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਉਨ੍ਹਾਂ ਭਲਕੇ ਸ਼ੁਰੂ ਹੋਣ ਵਾਲੇ ਪਾਰਲੀਮੈਂਟ ਦੇ ਸੈਸ਼ਨ ਵਿੱਚ ਇਸ ਮੁੱਦੇ ਉਪਰ ਚਰਚਾ ਕਰਨਗੇ।

Advertisement
Advertisement
Author Image

Advertisement