For the best experience, open
https://m.punjabitribuneonline.com
on your mobile browser.
Advertisement

ਸ਼ਹਿਰ ਦੀਆਂ ਸੜਕਾਂ ਕੂੜੇ ਦੇ ਢੇਰਾਂ ਵਿੱਚ ਤਬਦੀਲ

11:21 AM Jun 26, 2024 IST
ਸ਼ਹਿਰ ਦੀਆਂ ਸੜਕਾਂ ਕੂੜੇ ਦੇ ਢੇਰਾਂ ਵਿੱਚ ਤਬਦੀਲ
ਸੜਕਾਂ ਕਿਨਾਰੇ ਲੱਗੇ ਕੂੜੇ ਦੇ ਢੇਰਾਂ ਬਾਰੇ ਦੱਸਦੇ ਹੋਏ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ।
Advertisement

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 25 ਜੂਨ
ਮੁਹਾਲੀ ਵਿੱਚ ਸਫ਼ਾਈ ਪ੍ਰਬੰਧ ਤੇ ਡੰਪਿੰਗ ਗਰਾਊਂਡ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਮੌਜੂਦਾ ਸਮੇਂ ਵਿੱਚ ਸ਼ਹਿਰ ਦੀਆਂ ਸੜਕਾਂ ਆਰਜ਼ੀ ਡੰਪਿੰਗ ਗਰਾਊਂਡ ਵਿੱਚ ਤਬਦੀਲ ਹੋ ਗਈਆਂ ਹਨ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਗਮਾਡਾ ਅਤੇ ਨਿਗਮ ਪ੍ਰਸ਼ਾਸਨ ਇਸ ਸਮੱਸਿਆ ਦਾ ਹੱਲ ਕਰਨ ਵਿੱਚ ਫੇਲ੍ਹ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਰੋਸ ਵਜੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 26 ਜੂਨ ਨੂੰ ਫੇਜ਼-3/5 ਦੀਆਂ ਟਰੈਫਿਕ ਲਾਈਟ ਪੁਆਇੰਟ ’ਤੇ ਅਫ਼ਸਰਸ਼ਾਹੀ ਦਾ ਪੁਤਲਾ ਸਾੜਿਆ ਜਾਵੇਗਾ।
ਇੱਥੇ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਇਸ ਸਬੰਧੀ ਕੁੱਝ ਦਿਨ ਪਹਿਲਾਂ ਮੁੱਖ ਮੰਤਰੀ, ਗਮਾਡਾ ਦੇ ਸੀਏ ਅਤੇ ਨਿਗਮ ਕਮਿਸ਼ਨਰ ਨੂੰ ਪੱਤਰ ਲਿਖ ਚੁੱਕੇ ਹਨ ਪਰ ਸਮੱਸਿਆ ਹੱਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਨੇ ਠੋਸ ਕਦਮ ਨਹੀਂ ਚੁੱਕੇ ਤਾਂ ਉਹ ਭੁੱਖ-ਹੜਤਾਲ ਸ਼ੁਰੂ ਕਰਨਗੇ ਅਤੇ ਲੋਕਹਿੱਤ ਵਿੱਚ ਅਦਾਲਤ ਦਾ ਬੂਹਾ ਖੜਕਾਉਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਕਿਨਾਰੇ ਕੂੜੇ ਦੇ ਢੇਰ ਲੱਗੇ ਹੋਏ ਹਨ, ਇਸ ਨਾਲ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ।
ਡਿਪਟੀ ਮੇਅਰ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜ਼ਿੰਮੇਵਾਰ ਅਫ਼ਸਰਸ਼ਾਹੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸਤ ਦਾ ਮਸਲਾ ਨਹੀਂ ਹੈ, ਇਸ ਲਈ ਸਮੂਹ ਵੈੱਲਫੇਅਰ ਐਸੋਸੀਏਸ਼ਨ, ਕੌਂਸਲਰਾਂ ਅਤੇ ਆਮ ਨਾਗਰਿਕਾਂ ਨੂੰ ਇਸ ਸਮੱਸਿਆ ਦੇ ਹੱਲ ਲਈ ਇੱਕ ਸਾਂਝੇ ਪਲੈਟਫ਼ਾਰਮ ’ਤੇ ਇਕੱਠੇ ਹੋ ਕੇ ਸੰਘਰਸ਼ ਨੂੰ ਜਨ ਅੰਦੋਲਨ ਦਾ ਰੂਪ ਦੇਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਨਵੇਂ ਸੈਕਟਰਾਂ ਵਿੱਚ ਗਮਾਡਾ ਤੁਰੰਤ ਡੰਪਿੰਗ ਗਰਾਉਂਡ ਲਈ ਢੁਕਵੀਂ ਜ਼ਮੀਨ ਅਲਾਟ ਕਰੇ ਤੇ ਉੱਥੇ ਕੂੜੇ ਦੇ ਪ੍ਰਬੰਧਨ ਲਈ ਆਧੁਨਿਕ ਮਸ਼ੀਨਾਂ ਲਗਾਈਆਂ ਜਾਣ।

Advertisement

ਵਿਧਾਇਕ, ਮੇਅਰ ਤੇ ਕਮਿਸ਼ਨਰ ਦੇ ਘਰਾਂ ਅੱਗੇ ਕੂੜਾ ਸੁੱਟਣ ਦਾ ਐਲਾਨ

ਸ਼ਹਿਰ ਦੇ ਕੂੜੇ ਦਾ ਮਸਲਾ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਮੁਹਾਲੀ ਦੇ ਸਫ਼ਾਈ ਸੇਵਕਾਂ ਨੇ ਸਫ਼ਾਈ ਵਿਵਸਥਾ ਅਤੇ ਕੂੜੇ ਦੇ ਮੁੱਦੇ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੋ ਦਿਨ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇ ਡੰਪਿੰਗ ਗਰਾਊਂਡ ਮਸਲੇ ਦਾ ਹੱਲ ਨਾ ਕੀਤਾ ਤਾਂ ਸ਼ਹਿਰ ਦਾ ਸਾਰਾ ਕੂੜਾ ਇਕੱਠਾ ਕਰ ਕੇ ‘ਆਪ’ ਵਿਧਾਇਕ ਕੁਲਵੰਤ ਸਿੰਘ, ਮੇਅਰ ਜੀਤੀ ਸਿੱਧੂ ਅਤੇ ਕਮਿਸ਼ਨਰ ਨਵਜੋਤ ਕੌਰ ਦੇ ਘਰਾਂ ਅੱਗੇ ਸੁੱਟਿਆ ਜਾਵੇਗਾ। ਪੰਜਾਬ ਸਫ਼ਾਈ ਮਜ਼ਦੂਰ ਫੈੱਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਿਆਲ ਨੇ ਦੱਸਿਆ ਕਿ ਇਹ ਫ਼ੈਸਲਾ ਅੱਜ ਨਗਰ ਨਿਗਮ ਭਵਨ ਵਿੱਚ ਜਥੇਬੰਦੀ ਦੀ ਮੀਟਿੰਗ ਵਿੱਚ ਲਿਆ ਗਿਆ। ਆਗੂਆਂ ਨੇ ਦੋਸ਼ ਲਾਇਆ ਕਿ ‘ਆਪ’ ਵਿਧਾਇਕ, ਮੇਅਰ ਅਤੇ ਨਿਗਮ ਕਮਿਸ਼ਨਰ ਵਿੱਚ ਆਪਸੀ ਤਾਲਮੇਲ ਨਾ ਹੋਣ ਦਾ ਖ਼ਮਿਆਜ਼ਾ ਸ਼ਹਿਰ ਵਾਸੀਆਂ ਅਤੇ ਸਫ਼ਾਈ ਸੇਵਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਆਦੇਸ਼ਾਂ ਦੀ ਗੱਲ ਹੈ ਤਾਂ ਇਹ ਹੁਕਮ ਪੰਜਾਬ ਭਰ ਵਿੱਚ ਲਾਗੂ ਹੋਣੇ ਚਾਹੀਦੇ ਹਨ, ਜਦੋਂਕਿ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਕਿਤੇ ਵੀ ਡੰਪਿੰਗ ਗਰਾਊਂਡ ਬੰਦ ਨਹੀਂ ਹਨ। ਉਨ੍ਹਾਂ ਕਿਹਾ ਕਿ ਬਦਲਵੇਂ ਪ੍ਰਬੰਧ ਕੀਤੇ ਬਿਨਾਂ ਡੰਪਿੰਗ ਗਰਾਊਂਡ ਬੰਦ ਕਰਨਾ ਗ਼ੈਰਵਾਜ਼ਬ ਹੈ।

Advertisement
Author Image

sukhwinder singh

View all posts

Advertisement
Advertisement
×